-ਕੋਈ ਜ਼ਖ਼ਮੀ ਨਹੀਂ, ਟਿਕਟਾਂ ਦੇ ਪੈਸੇ ਕੀਤੇ ਜਾਣਗੇ ਰਿਫੰਡ
ਓਟਵਾ, 31 ਅਗਸਤ (ਪੋਸਟ ਬਿਊਰੋ): ਲੈਂਸਡਾਊਨ ਪਾਰਕ ਵਿੱਚ ਗੋਲੀਬਾਰੀ ਤੋਂ ਬਾਅਦ ਉੱਥੇ ਹੋਣ ਵਾਲੇ ਯੋਫੈਸਟ ਸੰਗੀਤ ਸਮਾਗਮ ਨੂੰ ਰੱਦ ਕਰ ਦਿੱਤਾ ਗਿਆ ਹੈ। ਓਟਾਵਾ ਪੁਲਿਸ ਅਨੁਸਾਰ ਸ਼ੁੱਕਰਵਾਰ ਸ਼ਾਮ ਕਰੀਬ 4:20 ਵਜੇ ਲੈਂਸਡਾਊਨ ਵਿੱਚ ਗੋਲੀਆਂ ਚੱਲਣ ਦੀ ਰਿਪੋਰਟ ਮਿਲੀ। ਘਟਨਾ ਵਿਚ ਕੋਈ ਵੀ ਜ਼ਖ਼ਮੀ ਨਹੀਂ ਹੋਇਆ ਹੈ। ਪ੍ਰਬੰਧਕਾਂ ਨੇ ਸ਼ੁਰੂ ਵਿੱਚ ਕਿਹਾ ਸੀ ਕਿ ਤਿਉਹਾਰ ਦੀ ਸ਼ੁਰੂਆਤ ਵਿੱਚ ਦੇਰੀ ਹੋਵੇਗੀ ਪਰ ਬਾਅਦ ਵਿੱਚ ਸਮਾਗਮ ਰੱਦ ਕਰਨ ਦਾ ਐਲਾਨ ਕਰ ਦਿੱਤਾ ਗਿਆ। ਸ਼ੁੱਕਰਵਾਰ ਨੂੰ ਪ੍ਰਦਰਸ਼ਨ ਕਰਨ ਲਈ 22 ਐਕਟ ਤੈਅ ਕੀਤੇ ਗਏ ਸਨ, ਜਿਨ੍ਹਾਂ ਵਿੱਚ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਪੁੱਤਰ ਜ਼ਾਵ ਟਰੂਡੋ ਵੀ ਸ਼ਾਮਲ ਸਨ। ਪ੍ਰਬੰਧਕਾਂ ਨੇ ਸ਼ੁੱਕਰਵਾਰ ਰਾਤ ਨੂੰ ਸਥਿਤੀ ਨੂੰ ਤੇਜ਼ੀ ਨਾਲ ਕਾਬੂ ਵਿੱਚ ਲਿਆਉਣ ਦੇ ਯਤਨਾਂ ਲਈ ਪੁਲਿਸ ਅਤੇ ਨਿੱਜੀ ਸੁਰੱਖਿਆ ਦਾ ਧੰਨਵਾਦ ਕੀਤਾ।
ਐਮਰਜੈਂਸੀ ਅਤੇ ਸੁਰੱਖਿਆ ਸੇਵਾਵਾਂ ਵਿਭਾਗ ਦੇ ਜਨਰਲ ਮੈਨੇਜਰ ਰਿਆਨ ਪੇਰੌਲਟ ਨੇ ਕਿਹਾ ਕਿ ਸ਼ਹਿਰ ਨੂੰ ਇਹ ਜਾਣ ਕੇ ਰਾਹਤ ਮਿਲੀ ਕਿ ਸ਼ੁੱਕਰਵਾਰ ਦੁਪਹਿਰ ਨੂੰ ਯੋਫੈਸਟ ਨੇੜੇ ਵਾਪਰੀ ਘਟਨਾ ਤੋਂ ਬਾਅਦ ਕੋਈ ਜ਼ਖਮੀ ਨਹੀਂ ਹੋਇਆ। ਪ੍ਰੋਗਰਾਮ ਪ੍ਰਬੰਧਕ, ਉਨ੍ਹਾਂ ਦੇ ਸੁਰੱਖਿਆ ਕਰਮੀਆਂ ਅਤੇ ਸਾਈਟ 'ਤੇ ਮੌਜੂਦ ਸ਼ਹਿਰ ਦੇ ਸਟਾਫ ਨਾਲ ਸਲਾਹ-ਮਸ਼ਵਰੇ ਤੋਂ ਬਾਅਦ, ਪ੍ਰਬੰਧਕ ਨੇ ਜਨਤਕ ਸੁਰੱਖਿਆ ਦੇ ਹਿੱਤ ਵਿੱਚ ਸ਼ਨੀਵਾਰ ਦੇ ਪ੍ਰੋਗਰਾਮਿੰਗ ਸਮੇਤ ਬਾਕੀ ਪ੍ਰੋਗਰਾਮ ਨੂੰ ਰੱਦ ਕਰਨ ਦਾ ਫੈਸਲਾ ਲਿਆ।
ਪ੍ਰਬੰਧਕਾਂ ਨੇ ਕਿਹਾ ਕਿ ਆਨਲਾਈਨ ਖਰੀਦੀਆਂ ਗਈਆਂ ਸਾਰੀਆਂ ਟਿਕਟਾਂ ਦਹ ਪੈਸੇ ਰਿਫੰਡ ਕਰ ਦਿੱਤੇ ਜਾਣਗੇ ਪਰ ਜਿਨ੍ਹਾਂ ਨੇ ਸਿੱਧੇ ਤੌਰ 'ਤੇ ਕਿਸੇ ਕਲਾਕਾਰ ਤੋਂ ਟਿਕਟਾਂ ਖਰੀਦੀਆਂ ਹਨ, ਉਨ੍ਹਾਂ ਨੂੰ ਰਿਫੰਡ ਦਾ ਪ੍ਰਬੰਧ ਕਰਨ ਲਈ ਕਲਾਕਾਰ ਨਾਲ ਸੰਪਰਕ ਕਰਨਾ ਚਾਹੀਦਾ ਹੈ। ਪੁਲਿਸ ਨੇ ਕਿਹਾ ਕਿ ਕੋਈ ਗ੍ਰਿਫਤਾਰੀ ਨਹੀਂ ਕੀਤੀ ਗਈ ਹੈ ਅਤੇ ਜਾਂਚ ਜਾਰੀ ਹੈ। ਜੇ ਕਿਸੇ ਕੋਲ ਸੈੱਲ ਫੋਨ, ਸੀਸੀਟੀਵੀ, ਜਾਂ ਡੈਸ਼ ਕੈਮ ਫੁਟੇਜ ਹੈ, ਉਹ ਓਟਾਵਾ ਪੁਲਿਸ ਗਨਜ਼ ਐਂਡ ਗੈਂਗਸ ਯੂਨਿਟ ਨੂੰ 613-236-1222, ਐਕਸਟੈਂਸ਼ਨ 5050 'ਤੇ ਕਾਲ ਕਰ ਕੇ ਜਾਣਕਾਰੀ ਦੇ ਸਕਦੇ ਹਨ।