ਟੋਰਾਂਟੋ, 31 ਅਗਸਤ (ਪੋਸਟ ਬਿਊਰੋ): ਡਾਊਨਟਾਊਨ ਹੈਮਿਲਟਨ ਵਿੱਚ ਸ਼ਨੀਵਾਰ ਸਵੇਰੇ ਹੋਈ ਗੋਲੀਬਾਰੀ ਵਿੱਚ 80 ਤੋਂ ਵੱਧ ਗੋਲੀਆਂ ਚਲਾਈਆਂ ਗਈਆਂ ਅਤੇ ਕਈ ਹੈਂਡਗਨ ਅਤੇ ਅਸਾਲਟ ਰਾਈਫਲਾਂ ਦੀ ਵਰਤੋਂ ਕੀਤੀ ਗਈ ਜਿਸ ਵਿੱਚ ਤਿੰਨ ਲੋਕ ਜ਼ਖਮੀ ਹੋ ਗਏ। ਹੈਮਿਲਟਨ ਪੁਲਿਸ ਨੇ ਕਿਹਾ ਕਿ ਬੋਵੇਨ ਸਟਰੀਟ ਅਤੇ ਜੈਕਸਨ ਸਟਰੀਟ ਈਸਟ ਦੇ ਖੇਤਰ ਵਿੱਚ ਗੋਲੀਬਾਰੀ ਬਾਰੇ ਸਵੇਰੇ 12:50 ਵਜੇ ਦੇ ਕਰੀਬ ਸੂਚਨਾ ਮਿਲੀ। ਜਦੋਂ ਅਧਿਕਾਰੀ ਪਹੁੰਚੇ, ਤਾਂ ਉੱਥੇ ਤਿੰਨ ਵਿਅਕਤੀ ਜ਼ਖ਼ਮੀ ਸਨ, ਜਿਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਗੰਭੀਰ ਰੂਪ ਵਿੱਚ ਜ਼ਖਮੀ ਪੀੜਤ ਦੀ ਸਰਜਰੀ ਹੋਈ ਹੈ ਅਤੇ ਹੁਣ ਸਥਿਰ ਹਾਲਤ ਵਿੱਚ ਹੈ। ਪੁਲਸ ਅਨੁਸਾਰ ਕਈ ਲੋਕ ਗੋਲੀਬਾਰੀ ਵਿੱਚ ਸ਼ਾਮਲ ਸਨ ਪਰ ਉਨ੍ਹਾਂ ਕੋਲ ਸਹੀ ਗਿਣਤੀ ਨਹੀਂ ਸੀ। ਪੁਲਿਸ ਕੋਲ ਇਸ ਸਮੇਂ ਸ਼ੱਕੀਆਂ ਜਾਂ ਵਾਹਨਾਂ ਦਾ ਵੇਰਵਾ ਵੀ ਨਹੀਂ ਹੈ।
ਪੁਲਿਸ ਨੇ ਪੁਸ਼ਟੀ ਕੀਤੀ ਕਿ ਗੋਲੀਬਾਰੀ ਜੌਨ ਅਤੇ ਜੈਕਸਨ ਸਟ੍ਰੀਟ ਦੇ ਕੋਨੇ 'ਤੇ ਇੱਕ ਬਾਰ ਦੇ ਬਾਹਰ ਹੋਈ ਸੀ। ਪੀੜਤਾਂ ਵਿੱਚੋਂ ਇੱਕ ਬਾਰ ਤੋਂ ਬਾਹਰ ਆ ਰਿਹਾ ਸੀ ਜਦੋਂ ਉਸਨੂੰ ਗੋਲੀ ਮਾਰ ਦਿੱਤੀ ਗਈ। ਜਦੋਂ ਪੁਲਿਸ ਅਤੇ ਪੈਰਾਮੈਡਿਕਸ ਉਸ ਪੀੜਤ ਨੂੰ ਸਹਾਇਤਾ ਦੇ ਰਹੇ ਸਨ, ਤਾਂ ਉਸ ਕੋਲੋਂ ਇੱਕ ਹਥਿਆਰ ਮਿਲਿਆ ਤੇ ਹਥਿਆਰ ਨੂੰ ਜ਼ਬਤ ਕਰ ਲਿਆ ਗਿਆ ਅਤੇ ਪੀੜਤ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪੁਲਿਸ ਅਨੁਸਾਰ ਗੋਲੀਬਾਰੀ ਨਿਸ਼ਾਨਾ ਬਣਾ ਕੇ ਕੀਤੀ ਗਈ ਸੀ।