-ਪੰਜਾਬ ਸਟੇਟ ਮਾਸਟਰਜ਼ ਵੈਟਰਨਜ਼ ਪਲੇਅਰਜ਼ ਟੀਮ ਨੇ ਕੀਤਾ ਉਪਰਾਲਾ
ਅੰਮ੍ਰਿਤਸਰ, 31 ਅਗਸਤ (ਪੋਸਟ ਬਿਊਰੋ): ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਦਾ ਜਨਮ ਦਿਨ 29 ਅਗਸਤ ਨੂੰ ਕੌਮੀ ਖੇਡ ਦਿਵਸ ਦੇ ਰੂਪ ਵਿੱਚ ਮਨਾਏ ਜਾਣ ਦੇ ਸਿਲਸਿਲੇ ਤਹਿਤ ਨਾਮਵਰ ਖੇਡ ਸੰਸਥਾ ਪੰਜਾਬ ਸਟੇਟ ਮਾਸਟਰਜ਼/ਵੈਟਰਨਜ਼ ਪਲੇਅਰਜ਼ ਟੀਮ ਦੇ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਸਪੋਰਟਸ ਡਾ ਕੰਵਰ ਮਨਦੀਪ ਸਿੰਘ ਜ਼ਿੰਮੀ ਢਿੱਲੋਂ ਨੂੰ ਉਚੇਚੇ ਤੌਰ ਤੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੂੰ ਇਹ ਸਨਮਾਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵੱਲੋਂ 25 ਵਾਰ ਦੇਸ਼ ਦੀ ਸੱਭ ਤੋਂ ਵੱਡੀ ਵੱਕਾਰੀ ਮਾਕਾ ਟ੍ਰਾਫੀ ਜਿੱਤਣ ਅਤੇ ਉਨ੍ਹਾਂ ਵੱਲੋਂ ਯੂਨੀਵਰਸਿਟੀ ਖੇਡ ਖੇਤਰ ਦੇ ਵਿੱਚ ਨਿਭਾਈਆਂ ਗਈਆਂ ਸ਼ਾਨਦਾਰ ਤੇ ਬੇਮਿਸਾਲ ਸੇਵਾਵਾਂ ਬਦਲੇ ਦਿੱਤਾ ਗਿਆ। ਸਨਮਾਨਿਤ ਕਰਨ ਦੀ ਰਸਮ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਕੋਲੈਬੋਰੇਸ਼ਨ ਸੈਲ ਪ੍ਰੋ ਡਾ ਪ੍ਰੀਤ ਮਹਿੰਦਰ ਸਿੰਘ ਬੇਦੀ, ਪੰਜਾਬ ਸਟੇਟ ਮਾਸਟਰਜ਼/ਵੈਟਰਨਜ਼ ਪਲੇਅਰਜ਼ ਟੀਮ ਦੇ ਸੰਸਥਾਪਕ ਕਮ ਪੀਆਰਓ ਜੀਐਸ ਸੰਧੂ, ਪ੍ਰਚਾਰ ਤੇ ਪ੍ਰਸਾਰ ਸਕੱਤਰ ਅਵਤਾਰ ਸਿੰਘ ਅਤੇ ਸਪੋਕਸਮੈਨ ਤੇ ਖਾਲਸਾ ਕਾਲਜ ਆਫ ਐਜੂਕੇਸ਼ਨ ਦੇ ਸਹਾਇਕ ਪ੍ਰੋ ਮੈਡਮ ਸੰਜਮ ਉਪਾਧਿਆਏ ਦੇ ਵੱਲੋਂ ਸਾਂਝੇ ਤੌਰ ਤੇ ਅਦਾ ਕੀਤੀ ਗਈ।
ਇਸ ਮੌਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਕੋਲੈਬੋਰੇਸ਼ਨ ਸੈਲ ਪ੍ਰੋ ਡਾ ਪ੍ਰੀਤ ਮਹਿੰਦਰ ਸਿੰਘ ਬੇਦੀ ਨੇ ਕਿਹਾ ਕਿ ਜਿੱਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਮਾਣਯੋਗ ਵਾਈਸ ਚਾਂਸਲਰ ਪ੍ਰੋ ਡਾ ਕਰਮਜੀਤ ਸਿੰਘ ਦੀ ਯੋਗ ਅਗੁਵਾਈ ਦੇ ਵਿੱਚ ਉਚ ਵਿੱਦਿਅਕ ਅਤੇ ਕਈ ਹੋਰਨਾ ਖੇਤਰਾਂ ਦੇ ਵਿੱਚ ਮਿਸਾਲੀ ਮੱਲ੍ਹਾਂ ਮਾਰ ਰਹੀ ਹੈ। ਉਥੇ ਖੇਡ ਖੇਤਰ ਦੇ ਵਿੱਚ ਵੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਉਹ ਮੁਕਾਮ ਹਾਂਸਲ ਕੀਤੇ ਹਨ ਜੋ ਸਹਿਜੇ ਕਿਸੇ ਹੋਰ ਯੂਨੀਵਰਸਿਟੀ ਨੂੰ ਨਸੀਬ ਨਹੀਂ ਹੁੰਦੇ। ਉਨ੍ਹਾਂ ਕਿਹਾ ਕਿ ਡਾਇਰੈਕਟਰ ਸਪੋਰਟਸ ਡਾ ਕੰਵਰ ਮਨਦੀਪ ਸਿੰਘ ਜਿੰਮੀ ਢਿੱਲੋਂ ਦੀ ਅਗੁਵਾਈ ਅਤੇ ਦੇਖ ਰੇਖ ਹੇਠ ਯੂਨੀਵਰਸਿਟੀ ਦਾ ਖੇਡ ਖੇਤਰ ਦਿਨ ਬ ਦਿਨ ਦੁਗਣੀ ਤੇ ਰਾਤ ਚੌਗੁਣੀ ਉਨਤੀ ਕਰ ਰਿਹਾ ਹੈ। ਇੱਥੇ ਹੀ ਬੱਸ ਨਹੀਂ ਖੇਡ ਮੈਦਾਨਾ ਦੀ ਸਾਂਭ ਸੰਭਾਲ ਤੇ ਦਿੱਖ ਸੰਵਾਰਨ ਦੇ ਵਿੱਚ ਵੀ ਡਾਇਰੈਕਟਰ ਸਪੋਰਟਸ ਡਾ ਢਿੱਲੋਂ ਦਾ ਵੱਡਾ ਯੋਗਦਾਨ ਹੈ। ਅਜਿਹੇ ਵਿੱਚ ਨਾਮਵਰ ਖੇਡ ਸੰਸਥਾ ਪੰਜਾਬ ਸਟੇਟ ਮਾਸਟਰਜ਼/ਵੈਟਰਨਜ਼ ਪਲੇਅਰਜ਼ ਟੀਮ ਦੇ ਵੱਲੋਂ ਉਨ੍ਹਾਂ ਦਾ ਖੇਡ ਦਿਵਸ ਮੌਕੇ ਮਾਨ ਸਨਮਾਨ ਕਰਨਾ ਇੱਕ ਚੰਗੀ ਪਿਰਤ ਹੈ। ਇਸ ਤਰ੍ਹਾਂ ਕਰਨ ਨਾਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਖੇਡ ਖੇਤਰ ਹੋਰ ਵੀ ਪ੍ਰਫੁੱਲਤ ਤੇ ਉਤਸ਼ਾਹਿਤ ਹੋਵੇਗਾ। ਉਨ੍ਹਾਂ ਕਿਹਾ ਕਿ ਸ਼ਾਨਦਾਰ ਤੇ ਬੇਹਤਰ ਸੇਵਾਵਾਂ ਦੇਣ ਵਾਲਿਆਂ ਦੀ ਸਮੇਂ ਸਮੇਂ ਤੇ ਹੌਂਸਲਾ ਅਫਜਾਈ ਹੋਣਾ ਤੇ ਹੱਲ੍ਹਾ ਸ਼ੇਰੀ ਮਿਲਣਾ ਉਨ੍ਹਾਂ ਦਾ ਹੱਕ ਅਤੇ ਅਧਿਕਾਰ ਹੈ। ਫੋਟੋ ਕੈਪਸ਼ਨ: ਖੇਡ ਦਿਵਸ ਮੌਕੇ ਡਾਇਰੈਕਟਰ ਸਪੋਰਟਸ ਡਾ ਕੰਵਰ ਮਨਦੀਪ ਸਿੰਘ ਜਿੰਮੀ ਢਿੱਲੋਂ ਨੂੰ ਸਨਮਾਨਿਤ ਕਰਦੇ ਜੀਐਨਡੀਯੂ ਦੇ ਡਾਇਰੈਕਟਰ ਕੋਲੈਬੋਰੇਸ਼ਨ ਸੈਲ ਪ੍ਰੋ ਡਾ ਪ੍ਰੀਤ ਮਹਿੰਦਰ ਸਿੰਘ ਬੇਦੀ, ਟੀਮ ਦੇ ਪ੍ਰਚਾਰ ਤੇ ਪ੍ਰਸਾਰ ਸਕੱਤਰ ਅਵਤਾਰ ਸਿੰਘ, ਸਪੋਕਸਮੈਨ ਪ੍ਰੋ ਡਾ ਮੈਡਮ ਸੰਜਮ ਉਪਾਧਿਆਏ ਤੇ ਹੋਰ।