ਅੰਮ੍ਰਿਤਸਰ, 31ਅਗਸਤ (ਪੋਸਟ ਬਿਊਰੋ): ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ ਦੀ ਸਰਪ੍ਰਸਤੀ ਹੇਠ, ਗੋਲਡਨ ਜੁਬਲੀ ਸੈਂਟਰ ਫਾਰ ਐਂਟਰਪ੍ਰਨਿਓਰਸ਼ਿਪ ਐਂਡ ਇਨੋਵੇਸ਼ਨ (ਜੀ.ਜੇ.ਸੀ.ਈ.ਆਈ.) ਨੇ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਦੇ ਸਹਿਯੋਗ ਨਾਲ, ਐਸ.ਸੀ. ਭਾਈਚਾਰੇ ਨੂੰ ਸਸ਼ਕਤ ਕਰਨ ਲਈ ਹੁਨਰ ਵਿਕਾਸ ਅਤੇ ਨਵੀਨਤਾ 'ਤੇ ਇੱਕ ਦਿਨ ਦੀ ਵਰਕਸ਼ਾਪ ਅਤੇ ਸਿਖਲਾਈ ਪ੍ਰੋਗਰਾਮ ਦਾ ਆਯੋਜਨ ਕੀਤਾ। ਇਸ ਵਰਕਸ਼ਾਪ ਵਿੱਚ ਵੱਖ-ਵੱਖ ਵਿਭਾਗਾਂ ਤੋਂ ਲਗਭਗ 85 ਵਿਦਿਆਰਥੀਆਂ ਨੇ ਹਿੱਸਾ ਲਿਆ, ਜਿਨ੍ਹਾਂ ਨੂੰ ਸਿੰਗਲ ਮਗ ਪ੍ਰੈਸ ਮਸ਼ੀਨ, ਫਲੈਟਬੈਡ ਹੀਟ ਪ੍ਰੈਸ ਮਸ਼ੀਨ 15ਣ15, ਫਲੈਟਬੈਡ ਹੀਟ ਪ੍ਰੈਸ ਮਸ਼ੀਨ 6ਣ6 ਆਦਿ ਵਰਗੀਆਂ ਘੱਟ ਲਾਗਤ ਵਾਲੀਆਂ ਮਸ਼ੀਨਾਂ 'ਤੇ ਪੇਸ਼ੇਵਰ ਟ੍ਰੇਨਰ ਦੁਆਰਾ ਹੱਥੀਂ ਸਿਖਲਾਈ ਦਿੱਤੀ ਗਈ।
ਜੀ.ਜੇ.ਸੀ.ਈ.ਆਈ. ਦੇ ਕੋਆਰਡੀਨੇਟਰ ਪ੍ਰੋ. (ਡਾ.) ਬਲਵਿੰਦਰ ਸਿੰਘ ਨੇ ਵਰਕਸ਼ਾਪ ਦਾ ਉਦਘਾਟਨ ਕਰਦਿਆਂ ਵਿਦਿਆਰਥੀਆਂ ਨੂੰ ਗੋਲਡਨ ਜੁਬਲੀ ਸੈਂਟਰ ਦੀ ਭੂਮਿਕਾ ਬਾਰੇ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਨੂੰ ਉੱਦਮਤਾ ਦੀ ਭਾਵਨਾ ਨੂੰ ਅਪਨਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਨਵੇਂ ਵਪਾਰਕ ਵਿਚਾਰਾਂ ਨਾਲ ਅੱਗੇ ਆਉਣ ਲਈ ਉਤਸ਼ਾਹਿਤ ਕੀਤਾ ਅਤੇ ਭਰੋਸਾ ਦਿੱਤਾ ਕਿ ਸੈਂਟਰ ਵੱਲੋਂ ਨਵੀਨਤਮ ਅਤੇ ਮੁੱਲ-ਅਧਾਰਿਤ ਵਿਚਾਰਾਂ ਨੂੰ ਸੰਭਵ ਅਤੇ ਜ਼ਰੂਰੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਵਰਕਸ਼ਾਪ ਵਿੱਚ ਜੀ.ਜੇ.ਸੀ.ਈ.ਆਈ. ਦੀ ਡਿਪਟੀ ਕੋਆਰਡੀਨੇਟਰ ਡਾ. ਅਪਰਨਾ ਭਾਟੀਆ ਵੀ ਹਾਜ਼ਰ ਸਨ, ਜਿਨ੍ਹਾਂ ਨੇ ਵਿਦਿਆਰਥੀਆਂ ਨੂੰ ਅਜਿਹੀਆਂ ਵਰਕਸ਼ਾਪਾਂ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ ਅਤੇ ਵਪਾਰਕ ਵਿਚਾਰਾਂ ਨੂੰ ਰੂਪ ਦੇਣ ਵਿੱਚ ਇਨ੍ਹਾਂ ਦੀ ਭੂਮਿਕਾ 'ਤੇ ਜ਼ੋਰ ਦਿੱਤਾ।
ਇਸ ਵਰਕਸ਼ਾਪ ਦਾ ਸੰਚਾਲਨ ਪ੍ਰੋ. (ਡਾ.) ਪ੍ਰਤਾਪ ਕੁਮਾਰ ਪਤੀ (ਮੁਖੀ, ਬਾਇਓਟੈਕਨਾਲੋਜੀ ਵਿਭਾਗ), ਡਾ. ਬਲਜੀਤ ਕੌਰ (ਮੁਖੀ, ਪੰਜਾਬ ਸਕੂਲ ਆਫ ਇਕਨਾਮਿਕਸ), ਡਾ. ਦਿਵਿਆ ਮਹਾਜਨ (ਸਹਾਇਕ ਪ੍ਰੋਫੈਸਰ, ਯੂਨੀਵਰਸਿਟੀ ਬਿਜ਼ਨਸ ਸਕੂਲ) ਅਤੇ ਡਾ. ਰਸ਼ਿਮ ਕੁਮਾਰੀ (ਸਹਾਇਕ ਪ੍ਰੋਫੈਸਰ, ਖੇਤੀਬਾੜੀ ਵਿਭਾਗ) ਨੇ ਕੀਤਾ। ਭਾਗੀਦਾਰਾਂ ਨੇ ਵਰਕਸ਼ਾਪ ਵਿੱਚ ਡੂੰਘੀ ਦਿਲਚਸਪੀ ਦਿਖਾਈ ਅਤੇ ਸਾਂਝੇ ਕੀਤੇ ਗਏ ਵਿਹਾਰਕ ਗਿਆਨ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਮੰਨਿਆ ਕਿ ਅਜਿਹੀਆਂ ਵਰਕਸ਼ਾਪਾਂ ਉਨ੍ਹਾਂ ਦੀ ਵਿਚਾਰ ਸਮਰੱਥਾ ਨੂੰ ਵਧਾਉਣ ਅਤੇ ਉੱਦਮਤਾ ਹੁਨਰ ਵਿਕਸਿਤ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦੀਆਂ ਹਨ।