* ਕਿਹਾ- ਜੇਕਰ ਜਵਾਬ ਦਿੱਤਾ, ਤਾਂ ਅਸੀਂ ਇਸਨੂੰ ਹੋਰ ਵਧਾਵਾਂਗੇ
ਵਾਸਿ਼ੰਗਟਨ, 11 ਜੁਲਾਈ (ਪੋਸਟ ਬਿਊਰੋ): ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੈਨੇਡਾ ਤੋਂ ਆਉਣ ਵਾਲੀਆਂ ਚੀਜ਼ਾਂ 'ਤੇ 35% ਟੈਰਿਫ ਲਗਾਉਣ ਦਾ ਫੈਸਲਾ ਕੀਤਾ ਹੈ। ਟਰੰਪ ਨੇ ਵੀਰਵਾਰ ਨੂੰ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਇੱਕ ਪੱਤਰ ਭੇਜ ਕੇ ਇਸਦਾ ਐਲਾਨ ਕੀਤਾ।
ਪੱਤਰ ਅਨੁਸਾਰ, ਅਮਰੀਕਾ 1 ਅਗਸਤ, 2025 ਤੋਂ ਕੈਨੇਡਾ 'ਤੇ ਨਵੇਂ ਟੈਰਿਫ ਲਗਾਏਗਾ। ਟਰੰਪ ਨੇ ਇਹ ਵੀ ਚੇਤਾਵਨੀ ਦਿੱਤੀ ਸੀ ਕਿ ਜੇਕਰ ਕੈਨੇਡਾ ਇਸਦਾ ਜਵਾਬ ਦਿੰਦਾ ਹੈ, ਤਾਂ ਇਹ ਟੈਰਿਫ ਹੋਰ ਵਧਾ ਦਿੱਤਾ ਜਾਵੇਗਾ।
ਅਮਰੀਕਾ ਪਹਿਲਾਂ ਹੀ ਮਾਰਚ 2025 ਵਿੱਚ ਕੈਨੇਡਾ 'ਤੇ 25% ਟੈਰਿਫ ਲਗਾ ਚੁੱਕਾ ਹੈ। ਇਸ ਕਦਮ ਨੂੰ ਦੋਨਾਂ ਦੇਸ਼ਾਂ ਵਿਚਕਾਰ ਦਹਾਕਿਆਂ ਪੁਰਾਣੇ ਵਪਾਰ ਅਤੇ ਕੂਟਨੀਤਕ ਸਬੰਧਾਂ ਵਿੱਚ ਇੱਕ ਵੱਡਾ ਪਾੜਾ ਮੰਨਿਆ ਜਾਂਦਾ ਹੈ।
ਟਰੰਪ ਨੇ ਇਸ ਫੈਸਲੇ ਦੇ ਪਿੱਛੇ ਕੈਨੇਡਾ ਤੋਂ ਅਮਰੀਕਾ ਨੂੰ ਫੈਂਟਾਨਿਲ ਦੀ ਤਸਕਰੀ ਦਾ ਕਾਰਨ ਦੱਸਿਆ ਹੈ। ਹਾਲਾਂਕਿ, ਉਨ੍ਹਾਂ ਨੇ ਪੱਤਰ ਵਿੱਚ ਲਿਖਿਆ ਕਿ ਫੈਂਟਾਨਿਲ ਇਕੱਲੀ ਸਮੱਸਿਆ ਨਹੀਂ ਹੈ। ਕੈਨੇਡਾ ਦੀਆਂ ਬਹੁਤ ਸਾਰੀਆਂ ਟੈਰਿਫ ਅਤੇ ਗੈਰ-ਟੈਰਿਫ ਨੀਤੀਆਂ ਹਨ, ਜੋ ਅਮਰੀਕੀ ਵਪਾਰ ਦੇ ਵਿਰੁੱਧ ਹਨ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀਰਵਾਰ ਨੂੰ ਬ੍ਰਾਜ਼ੀਲ ਤੋਂ ਆਯਾਤ ਕੀਤੀਆਂ ਜਾਣ ਵਾਲੀਆਂ ਵਸਤਾਂ 'ਤੇ 50% ਟੈਰਿਫ ਲਗਾਉਣ ਦਾ ਐਲਾਨ ਕੀਤਾ। ਇਸ ਸਬੰਧੀ ਉਨ੍ਹਾਂ ਨੇ ਟਰੂਥ ਸੋਸ਼ਲ 'ਤੇ ਇੱਕ ਪੱਤਰ ਸਾਂਝਾ ਕੀਤਾ। ਇਸ ਵਿੱਚ ਉਨ੍ਹਾਂ ਨੇ ਬ੍ਰਾਜ਼ੀਲ ਦੇ ਸਾਬਕਾ ਰਾਸ਼ਟਰਪਤੀ ਅਤੇ ਉਨ੍ਹਾਂ ਦੇ ਦੋਸਤ ਜੈਅਰ ਬੋਲਸੋਨਾਰੋ ਵਿਰੁੱਧ ਚੱਲ ਰਹੇ ਮੁਕੱਦਮੇ ਦੀ ਨਿੰਦਾ ਕੀਤੀ।
ਬੋਲਸੋਨਾਰੋ 'ਤੇ 8 ਜਨਵਰੀ 2023 ਨੂੰ ਬ੍ਰਾਜ਼ੀਲ ਦੀ ਰਾਜਧਾਨੀ ਬ੍ਰਾਸੀਲੀਆ ਵਿੱਚ ਹੋਏ ਦੰਗਿਆਂ ਲਈ ਕਥਿਤ ਤੌਰ 'ਤੇ ਤਖ਼ਤਾ ਪਲਟਣ ਦੀ ਕੋਸਿ਼ਸ਼ ਕਰਨ ਦਾ ਦੋਸ਼ ਹੈ।