ਟੋਰਾਂਟੋ, 13 ਜੁਲਾਈ (ਪੋਸਟ ਬਿਊਰੋ): ਹੈਮਿਲਟਨ ਪੁਲਿਸ ਨੇ ਡਾਊਨਟਾਊਨ ਗੋਲੀਬਾਰੀ ਵਿੱਚ ਮਾਰੀ ਗਈ ਔਰਤ ਦੀ ਪਛਾਣ ਕਰ ਲਈ ਹੈ। ਪੁਲਿਸ ਦਾ ਕਹਿਣਾ ਹੈ ਕਿ ਬੇਲਿੰਡਾ ਸਰਕੋਡੀ ਸ਼ੁੱਕਰਵਾਰ ਦੁਪਹਿਰ ਨੂੰ ਡਾਊਨਟਾਊਨ ਹੈਮਿਲਟਨ ਵਿੱਚ ਆਪਣੇ ਦੋਸਤ ਨਾਲ ਸਮਾਂ ਬਿਤਾਉਣ ਤੋਂ ਬਾਅਦ ਘਰ ਜਾ ਰਹੀ ਸੀ ਜਦੋਂ ਉਸ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ। ਗੋਲੀਬਾਰੀ ਕਿੰਗ ਸਟ੍ਰੀਟ ਈਸਟ ਅਤੇ ਜੇਮਸ ਸਟ੍ਰੀਟ ਨੌਰਥ ਦੇ ਕਾਰਨਰ 'ਤੇ ਜੈਕਸਨ ਸਕੁਏਅਰ ਮਾਲ ਦੇ ਬਾਹਰ ਸ਼ਾਮ ਕਰੀਬ 5:30 ਵਜੇ ਹੋਈ।
ਪੁਲਸ ਨੇ ਕਿਹਾ ਕਿ ਸੂਚਨਾ ਤੋਂ ਬਾਅਦ ਘਟਨਾਸਥਾਨ ‘ਤੇ ਪੁੱਜੇ। ਉਨ੍ਹਾਂ ਨੂੰ ਪਹਿਲਾਂ ਇੱਕ ਵਿਅਕਤੀ ਮਿਲਿਆ। ਜੋ ਜ਼ਖ਼ਮੀ ਸੀ ਜਦਕਿ ਸਰਕੋਡੀ ਕਿੰਗ ਸਟ੍ਰੀਟ ਈਸਟ ਤੋਂ ਥੋੜਾ ਥੱਲੇ ਸੀ, ਜੋ ਗੋਲੀ ਲੱਗਣ ਨਾਲ ਜ਼ਖ਼ਮੀ ਸੀ। ਉਸਨੂੰ ਮੌਕੇ 'ਤੇ ਮ੍ਰਿਤਕ ਐਲਾਨ ਦਿੱਤਾ ਗਿਆ, ਜਦਕਿ ਜ਼ਖ਼ਮੀ ਦੂਜੇ ਵਿਅਕਤੀ ਨੂੰ ਹਸਪਤਾਲ ਲਿਜਾਇਆ ਗਿਆ। ਸ਼ੱਕੀ ਪੈਦਲ ਹੀ ਮੌਕੇ ਤੋਂ ਭੱਜ ਗਿਆ ਸੀ। ਉਸ ਦੀ ਪਛਾਣ ਬਾਰੇ ਪੁਲਸ ਨੇ ਦੱਸਿਆ ਕਿ ਉਸਦਾ ਕੱਦ ਦਰਮਿਆਨਾ ਹੈ, ਭੂਰੇ ਵਾਲ ਹਨ ਤੇ ਰੰਗ ਗੋਰਾ ਹੈ। ਆਖਰੀ ਵਾਰ ਉਸ ਨੇ ਕਾਲੀ ਟੀ-ਸ਼ਰਟ ਪਹਿਨੀ ਹੋਈ ਸੀ ਜਿਸਦੇ ਸਾਹਮਣੇ ਚਿੱਟੇ ਡਿਜ਼ਾਈਨ ਅਤੇ ਪਿੱਛੇ ਅੱਖਰ, ਨੀਲੇ ਸ਼ਾਰਟਸ, ਗੂੜ੍ਹੇ ਮੋਜ਼ੇ, ਗੂੜ੍ਹੇ ਜੁੱਤੇ ਅਤੇ ਇੱਕ ਗੂੜ੍ਹੇ ਰੰਗ ਦਾ ਮੈਡੀਕਲ-ਸ਼ੈਲੀ ਦਾ ਮਾਸਕ ਪਾਇਆ ਹੋਇਆ ਸੀ।
ਪੁਲਸ ਨੇ ਕਿਹਾ ਕਿ ਸਰਕੋਡੀ ਪਿਛਲੇ ਸਾਲ ਹੀ ਘਾਨਾ ਤੋਂ ਕੈਨੇਡਾ ਆਈ ਸੀ ਤੇ ਉਹ ਹੈਮਿਲਟਨ ਵਿੱਚ ਰਹਿ ਰਹੀ ਸੀ ਅਤੇ ਕੰਮ ਕਰ ਰਹੀ ਸੀ। ਅਧਿਕਾਰੀ ਮਾਲ ਅਤੇ ਨੇੜਲੀਆਂ ਦੁਕਾਨਾਂ ਤੋਂ ਗਵਾਹਾਂ ਅਤੇ ਨਿਗਰਾਨੀ ਵੀਡੀਓ ਦੀ ਭਾਲ ਕਰ ਰਹੇ ਹਨ। ਜਾਣਕਾਰੀ ਵਾਲੇ ਕਿਸੇ ਵੀ ਵਿਅਕਤੀ ਨੂੰ ਪੁਲਸ ਨੇ 905-546-4167 'ਤੇ ਕਤਲ ਜਾਂਚਕਰਤਾਵਾਂ ਨਾਲ ਸੰਪਰਕ ਕਰਨ ਜਾਂ ਕ੍ਰਾਈਮ ਸਟੌਪਰਜ਼ ਨਾਲ ਗੁਪਤ ਰੂਪ ਵਿੱਚ 1-800-222-8477 'ਤੇ ਸੰਪਰਕ ਕਰਨ ਦੀ ਅਪੀਲ ਕੀਤੀ ਹੈ।