-ਮੁੱਖ ਸੰਪਾਪਕ ਸ੍ਰੀ ਜਗਦੀਸ਼ ਗਰੇਵਾਲ ਨੇ ਸਾਰੇ ਪਾਠਕਾਂ ਅਤੇ ਕਾਰੋਬਾਰੀਆਂ ਦਾ ਕੀਤਾ ਧੰਨਵਾਦ
ਬਰੈਂਪਟਨ, 1 ਜੁਲਾਈ (ਪੋਸਟ ਬਿਊਰੋ): ਇੱਕ ਜੁਲਾਈ 2002 ਨੂੰ ਕੈਨੇਡਾ ਡੇਅ ਮੌਕੇ ਕੈਨੇਡੀਅਨ ਪੰਜਾਬੀ ਪੋਸਟ ਅਦਾਰੇ ਵੱਲੋਂ ਮੀਡੀਆ ਦੇ ਖੇਤਰ ਵਿਚ ਸ਼ੁਰੂਆਤ ਕੀਤੀ ਗਈ ਸੀ। ਅਦਾਰੇ ਵੱਲੋਂ ਇਸ ਮੌਕੇ ਸਮੂਹ ਕੈਨੇਡਾ ਵਾਸੀਆਂ ਅਤੇ ਕਾਰੋਬਾਰੀਆਂ ਨੂੰ ਕੈਨੇਡਾ ਡੇਅ ਦੀਆਂ ਬਹੁਤ-ਬਹੁਤ ਮੁਬਾਰਕਾਂ।
ਇਸ ਮੌਕੇ ਅਦਾਰੇ ਦੇ ਮੁੱਖ ਸੰਪਾਦਕ ਸ੍ਰੀ ਜਗਦੀਸ਼ ਗਰੇਵਾਲ ਨੇ ਸਮੂਹ ਕੈਨੇਡਾ ਵਾਸੀਆਂ ਨੂੰ ਕੈਨੇਡਾ ਡੇਅ ਦੀਆਂ ਮੁਬਾਰਕਾਂ ਦਿੱਤੀਆਂ ਅਤੇ ਦੱਸਿਆ ਕਿ ਕੈਨੇਡਾ ਡੇਅ ਮੌਕੇ ਹੀ ਕੈਨੇਡੀਅਨ ਪੰਜਾਬੀ ਪੋਸਟ ਅਦਾਰੇ ਨੇ 23 ਸਾਲ ਪਹਿਲਾਂ ਕੈਨੇਡਾ ਵਿਚ ਪੰਜਾਬੀ ਵਿਚ ਪਹਿਲਾ ਰੋਜ਼ਾਨਾ ਛਪਣ ਵਾਲੇ ਅਖ਼ਬਾਰ ਵਜੋਂ ਆਪਣਾ ਸਫ਼ਰ ਸ਼ੁਰੂ ਕੀਤਾ ਸੀ। ਉਨ੍ਹਾਂ ਕਿਹਾ ਕਿ ਕਿਸੇ ਸਮੇਂ ਕਰਤਾਰ ਸਿੰਘ ਸਰਾਭਾ ਅਤੇ ਗਦਰੀ ਬਾਬਿਆਂ ਨੇ ਅਖਬਾਰ ਛਾਪ ਕੇ ਵੰਡਣੇ ਸ਼ੁਰੂ ਕੀਤੇ ਸੀ ਅਤੇ ਦੁਨੀਆਂ ਵਿਚ ਵੱਡਾ ਸੰਦੇਸ਼ ਦਿੱਤਾ ਗਿਆ ਸੀ। ਉਨ੍ਹਾਂ ਤੋਂ ਪ੍ਰੇਰਣਾ ਲੈਂਦੇ ਹੋਏ ਅਸੀਂ 1 ਜੁਲਾਈ, 2002 ਨੂੰ ਰੋਜਾ਼ਨਾ ਛਪਣ ਵਾਲਾ ਕੈਨੇਡੀਅਨ ਪੰਜਾਬੀ ਪੋਸਟ ਅਖਬਾਰ ਸ਼ੁਰੂ ਕੀਤਾ।
ਉਨ੍ਹਾ ਦੱਸਿਆ ਕਿ ਇਸ ਸਮੇਂ ਦੌਰਾਨ ਬਹੁਤ ਉਤਰਾਅ-ਚੜਾਅ ਦੇਖੇ। ਬਹੁਤ ਕੁਝ ਚੰਗਾ ਵੀ ਹੋਇਆ ਅਤੇ ਬਹੁਤ ਮੁਸ਼ਕਿਲ ਸਮਾਂ ਵੀ ਦੇਖਣਾ ਪਿਆ। 20 ਸਾਲ ਅਸੀਂ ਇਸ ਅਖ਼ਬਾਰ ਨੂੰ ਲਗਤਾਰ ਛਾਪਦੇ ਰਹੇ। ਕੋਵਿਡ ਨੇ ਜਿੱਥੇ ਸਾਡੇ ਕੋਲੋਂ ਬਹੁਤ ਕੁਝ ਖੋਹ ਲਿਆ ਉਸੇ ਤਰ੍ਹਾਂ ਹੀ ਹੋਰ ਮੀਡੀਆ ਵਾਂਗ ਇਹ ਵੀ ਕੋਵਿਡ ਦੀ ਭੇਂਟ ਚੜ੍ਹ ਗਿਆ ਅਤੇ ਛਪਣਾ ਬੰਦ ਹੋ ਗਿਆ। ਅੱਜ ਕੱਲ੍ਹ ਅਸੀਂ ਤੁਹਾਡੇ ਨਾਲ ਇਸ ਦਾ ਡਿਜ਼ੀਟਲ ਵਰਜ਼ਨ ਸਾਂਝਾ ਕਰਦੇ ਹਾਂ। ਤੁਸੀਂ ਇਸ ਦੀ ਵੈੱਡਸਾਈਟ ਰਾਹੀਂ ਸਾਡੇ ਨਾਲ ਜੁੜਦੇ ਹੋ, ਇਸ ਲਈ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ।
ਸ੍ਰੀ ਗਰੇਵਾਲ ਜੀ ਨੇ ਕਿਹਾ ਕਿ ਆਉਣ ਵਾਲੇ ਸਮੇਂ `ਚ ਅਸੀਂ ਕੈਨੇਡੀਅਨ ਪੰਜਾਬੀ ਪੋਸਟ ਦੀ ਵੈੱਬਸਾਈਟ ਨੂੰ ਉਹ ਬਿਹਤਰ ਬਣਾਉਣ ਅਤੇ ਨਵੀਂ ਦਿਖ ਦੇਣ ਜਾ ਰਹੇ ਹਾਂ। ਨਵੀਂ ਤਕਨੀਕ ਦੇ ਨਾਲ ਇਸ ਵਿਚ ਨਵਾਂ ਐਡੀਸ਼ਨ ਕੀਤਾ ਜਾ ਰਿਹਾ ਹੈ।
ਅੱਜ ਇਸ ਅਦਾਰੇ ਨੇ ਆਪਣੇ 23 ਸਾਲ ਪੂਰੇ ਕਰ ਲਏ ਹਨ ਅਤੇ 24ਵੇਂ ਸਾਲ ਵਿਚ ਪ੍ਰਵੇਸ਼ ਕਰ ਲਿਆ ਹੈ। ਇਸ ਲਈ ਸਾਰੇ ਪਾਠਕਾਂ ਅਤੇ ਕਾਰੋਬਾਰੀਆਂ ਨੇ ਇਸ ਅਦਾਰੇ ਦਾ ਪੂਰਾ ਸਾਥ ਦਿੱਤਾ। ਇਸ ਸਫਰ ਵਿਚ ਸਾਡੇ ਨਾਲ ਜੁੜੇ ਰਹਿਣ ਲਈ ਆਪ ਸਭ ਦਾ ਬਹੁਤ-ਬਹੁਤ ਧੰਨਵਾਦ। ਉਮੀਦ ਹੈ ਤੁਸੀਂ ਭਵਿੱਖ ਵਿਚ ਵੀ ਸਾਨੂੰ ਇਸ ਤਰ੍ਹਾਂ ਹੀ ਪਿਆਰ ਦਿੰਦੇ ਰਹੋਗੇ।
ਕੈਨੇਡਾ ਡੇਅ ਮੁਬਾਰਕ ਦੇ ਨਾਲ ਆਪ ਸਭ ਨੂੰ ਕੈਨੇਡੀਅਨ ਪੰਜਾਬੀ ਪੋਸਟ ਡੇਅ ਵੀ ਮੁਬਾਰਕ। ਆਪ ਸਭਦਾ ਬਹੁਤ-ਬਹੁਤ ਧੰਨਵਾਦ।