ਬਰੈਂਪਟਨ, 12 ਮਾਰਚ (ਪੋਸਟ ਬਿਊਰੋ): ਲਿਬਰਲ ਪਾਰਟੀ ਦੀ ਲੀਡਰਸ਼ਿਪ ਦੀ ਦੌੜ ਵਿੱਚ ਕਾਮਯਾਬ ਹੋਣ ਅਤੇ ਕੈਨੇਡਾ ਦੇ ਅਗਲੇ ਪ੍ਰਧਾਨ ਮੰਤਰੀ ਨਿਯੁਕਤ ਹੋਣ ‘ਤੇ ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਵੱਲੋਂ ਉਨ੍ਹਾਂ ਨੂੰ ਹਾਰਦਿਕ ਮੁਬਾਰਕਬਾਦ ਦਿੰਦਿਆਂ ਹੋਇਆਂ ਅਤੇ ਆਪਣੇ ਵਿਚਾਰ ਸਾਂਝੇ ਕਰਦਿਆਂ ਐੱਮ.ਪੀ. ਸੋਨੀਆ ਸਿੱਧੂ ਨੇ ਕਿਹਾ, “ਮਾਰਕ ਕਾਰਨੀ ਦਾ ਕੈਨੇਡਾ ਲਈ ਵਿਜ਼ਨ ਦੇਸ਼ ਲਈ ਇੱਕ ਨਵੀਂ ਆਸ ਅਤੇ ਤਾਕਤ ਹੈ। ਉਨ੍ਹਾਂ ਦੀ ਆਪਸੀ ਮੇਲ਼-ਜੋਲ਼ ਨੂੰ ਵਧਾਉਣ, ਆਜ਼ਾਦੀ ਤੇ ਲੋਕਤੰਤਰ ਲਈ ਖੜ੍ਹਨ ਲਈ ਸੁਹਿਰਦਤਾ ਬਰੈਂਪਟਨ ਦੀਆਂ ਕਦਰਾਂ-ਕੀਮਤਾਂ ਨਾਲ ਪੂਰਾ ਮੇਲ਼ ਖਾਂਦੀਆਂ ਹਨ ਅਤੇ ਕੈਨੇਡਾ-ਵਾਸੀਆਂ ਦੇ ਜੀਵਨ ‘ਤੇ ਵਧੀਆ ਪ੍ਰਭਾਵ ਪਾਉਂਦੀਆਂ ਹਨ। ਇਨ੍ਹਾਂ ਉਦੇਸ਼ਾਂ ਦੀ ਪੂਰਤੀ ਲਈ ਅਤੇ ਸਮੂਹ-ਕੈਨੇਡਾ ਵਾਸੀਆਂ ਦੇ ਜੀਵਨ ਨੂੰ ਖ਼ੁਸ਼ਹਾਲ ਬਨਾਉਣ ਲਈ ਮੈਂ ਉਨ੍ਹਾਂ ਦੇ ਨਾਲ ਮਿਲ ਕੇ ਕੰਮ ਕਰਾਂਗੀ।“
ਆਪਣੇ ਜੇਤੂ ਭਾਸ਼ਨ ਵਿੱਚ ਮਾਰਕ ਕਾਰਨੀ ਨੇ ਇਸ ਚੁਣੌਤੀ ਭਰਪੂਰ ਸਮੇਂ ਵਿੱਚ ਏਕਤਾ ਅਤੇ ਲਚਕੀਲੇਪਣ ਦੋਹਾਂ ਉੱਪਰ ਹੀ ਜ਼ੋਰ ਦਿੱਤਾ। ਉਨ੍ਹਾਂ ਨੇ ਆਪਣੇ ਪਰਿਵਾਰ ਦੇ ਮੈਂਬਰਾਂ, ਸਮੱਰਥਕਾਂ ਅਤੇ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਉਨ੍ਹਾਂ ਨੂੰ ਹਰ ਪੱਖੋਂ ਸਹਿਯੋਗ ਦੇਣ ‘ਤੇ ਉਨ੍ਹਾਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਕੈਨੇਡਾ ਨੂੰ ਹਰੇਕ ਦੇ ਲਈ ਹੋਰ ਮਜ਼ਬੂਤ ਕਰਨ, ਆਰਥਿਕ ਜ਼ਿੰਮੇਂਵਾਰੀਆਂ, ਸਮਾਜਿਕ ਨਿਆਂ ਅਤੇ ਅੰਤਰਰਾਸ਼ਟਰੀ ਲੀਡਰਸ਼ਿਪ ਲਈ ਲੋੜੀਂਦੇ ਫ਼ਰਜ਼ ਨਿਭਾਉਣ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ।
ਮਾਰਕ ਕਾਰਨੀ ਇਸ ਤੋਂ ਪਹਿਲਾਂ ਬੈਂਕ ਆਫ਼ ਕੈਨੇਡਾ ਅਤੇ ਬੈਂਕ ਆਫ਼ ਇੰਗਲੈਂਡ ਦੇ ਗਵਰਨਰ ਦੀਆਂ ਮਹੱਤਵਪੂਰਨਅਹੁਦਿਆਂ ‘ਤੇ ਬਿਰਾਜਮਾਨ ਰਹੇ ਹਨ ਜਿੱਥੇ ਕੰਮ ਕਰਦਿਆਂ ਉਨ੍ਹਾਂ ਨੇ ਲਚਕੀਲੀ ਆਰਥਿਕਤਾ ਦੀ ਹਾਮੀ ਭਰਦਿਆਂ ਆਪਣੀਆਂ ਵਿਸ਼ੇਸ਼ ਭੂਮਿਕਾਵਾਂ ਨਿਭਾਈਆਂ ਹਨ। ਸੀਨੀਅਰ ਐਸੋਸੀਏਟ ਡਿਪਟੀ ਫ਼ਾਈਨਾਂਸ ਮਨਿਸਟਰ ਅਤੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਦੇ ਵਿੱਤੀ ਸਲਾਹਕਾਰ ਵਜੋਂ ਉਨ੍ਹਾਂ ਦਾ ਤਜਰਬਾ ਕੈਨੇਡਾ ਦੀ ਆਰਥਿਕ ਖ਼ੁਸ਼ਹਾਲੀ ਵਿੱਚ ਆਪਣਾ ਭਰਪੂਰ ਯੋਗਦਾਨ ਪਾਏਗਾ।
ਇਸ ਦੇ ਬਾਰੇ
ਅਮਰੀਕਾ ਵੱਲੋਂ ਆ ਰਹੀਆਂ ਮੌਜੂਦਾ ਧਮਕੀਆਂ ਅਤੇ ਇਨ੍ਹਾਂ ਦੇ ਕੈਨੇਡਾ ਵੱਲੋਂ ਦਿੱਤੇ ਜਾ ਰਹੇ ਜੁਆਬ ਬਾਰੇ ਗੱਲ ਕਰਦਿਆਂ ਮਾਰਕ ਕਰਨੀ ਨੇ ਕਿਹਾ, “ਅਸੀਂ ਇਸ ਲੜਾਈ ਲਈ ਅਮਰੀਕਾ ਨੂੰ ਸੱਦਾ ਨਹੀਂ ਦਿੱਤਾ। ਇਸ ਦੀ ਸ਼ੁਰੂਆਤ ਤਾਂ ਅਮਰੀਕਾ ਵੱਲੋਂ ਹੋਈ ਹੈ ਅਤੇ ਜਦੋਂ ਦੂਸਰਾ ਕੋਈ ਲੜਾਈ ਕਰਨ ਲਈ ਆਪਣੇ ਕਫ਼ ਉੱਪਰ ਕਰਦਾ ਹੈ ਤਾਂਕੈਨੇਡਾ-ਵਾਸੀ ਇਸ ਦਾ ਮੁਕਾਬਲਾ ਕਰਨ ਲਈ ਹਮੇਸ਼ਾ ਤਿਆਰ ਹਨ।“ ਉਨ੍ਹਾਂ ਹੋਰ ਕਿਹਾ, “ਇਸ ਲਈ ਅਮਰੀਕਨਾਂ ਨੂੰ ਹਾਕੀ ਵਾਂਗ ਵਿਓਪਾਰ ਵਿੱਚ ਗ਼ਲਤੀ ਨਹੀਂ ਕਰਨੀ ਚਾਹੀਦੀ। ਇਸ ਵਿਚ ਵੀ ਕੈਨੇਡਾ ਹੀ ਜਿੱਤੇਗਾ।“
ਕਾਰਨੀ ਵੱਲੋਂ ਲਿਬਰਲ ਪਾਰਟੀ ਅਤੇ ਕੈਨੇਡਾ ਦੀ ਅਗਵਾਈ ਨਾਲ ਇੱਕ ਨਵੇਂ ਅਧਿਆਇ ਦੀ ਸ਼ੁਰੂਆਤ ਹੋਈ ਹੈ। ਉਨ੍ਹਾਂ ਦੀ ਯੋਗਤਾ ਅਤੇ ਤਜਰਬਾ ਚੁਣੌਤੀਆਂ ਦੇ ਇਸ ਨਾਜ਼ੁਕ ਸਮੇਂ ਦੇਸ਼ ਦੀ ਵਧੀਆ ਅਗਵਾਈ ਕਰੇਗਾ ਅਤੇ ਸਮੂਹ ਕੈਨੇਡਾ-ਵਾਸੀਆਂ ਲਈ ਉੱਜਲੇ ਭਵਿੱਖ ਨੂੰ ਯਕੀਨੀ ਬਣਾਏਗਾ।