ਜੇਦਾਹ, 11 ਮਾਰਚ (ਪੋਸਟ ਬਿਊਰੋ): ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਯੂਕਰੇਨ ਨੂੰ ਜੰਗ ਦੇ ਹੱਲ ਲਈ ਜ਼ਮੀਨ ਛੱਡਣ ਦੀ ਅਪੀਲ ਕੀਤੀ ਹੈ। ਰੂਬੀਓ ਨੇ ਸੋਮਵਾਰ ਨੂੰ ਕਿਹਾ ਕਿ ਯੂਕਰੇਨ ਨੂੰ ਉਸ ਖੇਤਰ ਵਿੱਚ ਰਿਆਇਤਾਂ ਦੇਣੀਆਂ ਪੈਣਗੀਆਂ ਜਿਸ 'ਤੇ ਰੂਸ ਨੇ 2014 ਤੋਂ ਕਬਜ਼ਾ ਕੀਤਾ ਹੋਇਆ ਹੈ।
ਉਨ੍ਹਾਂ ਨੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਦੋਨਾਂ ਧਿਰਾਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਇਸ ਟਕਰਾਅ ਦਾ ਕੋਈ ਫੌਜੀ ਹੱਲ ਨਹੀਂ ਹੈ। ਰੂਸ ਪੂਰੇ ਯੂਕਰੇਨ 'ਤੇ ਕਬਜ਼ਾ ਨਹੀਂ ਕਰ ਸਕਦਾ ਅਤੇ ਯੂਕਰੇਨ ਲਈ ਰੂਸ ਨੂੰ 2014 ਤੋਂ ਪਹਿਲਾਂ ਦੀ ਸਥਿਤੀ ਵਿੱਚ ਵਾਪਿਸ ਧੱਕਣਾ ਬਹੁਤ ਮੁਸ਼ਕਿਲ ਹੋਵੇਗਾ।
ਰੂਬੀਓ ਨੇ ਰੂਸ ਅਤੇ ਯੂਕਰੇਨ ਨੂੰ ਸਖ਼ਤ ਫੈਸਲੇ ਲੈਣ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ। ਰੂਬੀਓ ਸਾਊਦੀ ਅਰਬ ਪਹੁੰਚ ਗਏ ਹਨ। ਉਹ ਇੱਥੇ ਯੂਕਰੇਨ ਦੇ ਸੀਨੀਅਰ ਅਧਿਕਾਰੀਆਂ ਨਾਲ ਮੁਲਾਕਾਤ ਕਰਨਗੇ।
ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਵੀ ਸੋਮਵਾਰ ਨੂੰ ਸਾਊਦੀ ਅਰਬ ਪਹੁੰਚੇ। ਹਾਲਾਂਕਿ, ਜ਼ੇਲੇਂਸਕੀ ਅਮਰੀਕੀ ਵਿਦੇਸ਼ ਮੰਤਰੀ ਰੂਬੀਓ ਨਾਲ ਮੀਟਿੰਗ ਵਿੱਚ ਸ਼ਾਮਿਲ ਨਹੀਂ ਹੋਣਗੇ। ਇਸ ਮੀਟਿੰਗ ਵਿੱਚ ਉਨ੍ਹਾਂ ਦੀ ਟੀਮ ਮੌਜੂਦ ਰਹੇਗੀ।