ਟੈਕਸਾਸ, 7 ਮਾਰਚ (ਪੋਸਟ ਬਿਊਰੋ): ਐਲਨ ਮਸਕ ਦੇ ਰਾਕੇਟ ਸਟਾਰਸਿ਼ਪ ਦਾ ਲਗਾਤਾਰ ਦੂਜਾ ਪ੍ਰੀਖਣ ਅਸਫਲ ਰਿਹਾ। ਅੱਠਵੇਂ ਟੈਸਟ ਵਿੱਚ, ਸਟਾਰਸਿ਼ਪ 7 ਮਾਰਚ ਨੂੰ ਭਾਰਤੀ ਸਮੇਂ ਅਨੁਸਾਰ ਸਵੇਰੇ 5:00 ਵਜੇ ਬੋਕਾ ਚਿਕਾ ਤੋਂ ਲਾਂਚ ਕੀਤਾ ਗਿਆ ਸੀ। ਲਾਂਚਿੰਗ ਤੋਂ 7 ਮਿੰਟ ਬਾਅਦ, ਬੂਸਟਰ (ਹੇਠਲਾ ਹਿੱਸਾ) ਵੱਖ ਹੋ ਗਿਆ ਅਤੇ ਲਾਂਚ ਪੈਡ 'ਤੇ ਵਾਪਿਸ ਆ ਗਿਆ।
ਪਰ 8 ਮਿੰਟ ਬਾਅਦ, ਜਹਾਜ਼ ਦੇ ਛੇ ਇੰਜਣਾਂ ਵਿੱਚੋਂ 4 ਨੇ ਕੰਮ ਕਰਨਾ ਬੰਦ ਕਰ ਦਿੱਤਾ, ਜਿਸ ਕਾਰਨ ਜਹਾਜ਼ ਦਾ ਕੰਟਰੋਲ ਖਤਮ ਹੋ ਗਿਆ। ਇਸ ਤੋਂ ਬਾਅਦ ਆਟੋਮੇਟਿਡ ਅਬੌਰਟ ਸਿਸਟਮ ਨੇ ਜਹਾਜ਼ ਨੂੰ ਉਡਾ ਦਿੱਤਾ। ਸਟਾਰਸਿ਼ਪ ਪੁਲਾੜ ਯਾਨ ਅਤੇ ਸੁਪਰ ਹੈਵੀ ਰਾਕੇਟ ਨੂੰ ਸਮੂਹਿਕ ਤੌਰ 'ਤੇ 'ਸਟਾਰਸਿ਼ਪ' ਕਿਹਾ ਜਾਂਦਾ ਹੈ।
ਸੋਸ਼ਲ ਮੀਡੀਆ ਸਾਈਟ 'ਤੇ ਪੋਸਟ ਕੀਤੀਆਂ ਗਈਆਂ ਫੋਟੋਆਂ ਅਤੇ ਵੀਡੀਓ ਵਿੱਚ, ਫਲੋਰੀਡਾ ਤੱਟ ਦੇ ਨੇੜੇ ਲੋਕਾਂ ਨੇ ਪੁਲਾੜ ਯਾਨ ਦੇ ਅਸਮਾਨ ਵਿੱਚ ਫਟਣ ਦੀ ਰਿਪੋਰਟ ਕੀਤੀ। ਮਲਬੇ ਦੇ ਡਿੱਗਣ ਕਾਰਨ ਮਿਆਮੀ, ਓਰਲੈਂਡੋ, ਪਾਮ ਬੀਚ ਅਤੇ ਫੋਰਟ ਲਾਡਰਡੇਲ ਦੇ ਹਵਾਈ ਅੱਡਿਆਂ 'ਤੇ ਉਡਾਨਾਂ ਵਿੱਚ ਵਿਘਨ ਪਿਆ।