ਹੈਦਰਾਬਾਦ, 5 ਮਾਰਚ (ਪੋਸਟ ਬਿਊਰੋ): ਹੈਦਰਾਬਾਦ ਵਿੱਚ ਇੱਕ ਮਹਿਲਾ ਸਾਫਟਵੇਅਰ ਇੰਜੀਨੀਅਰ ਦੀ ਖੁਦਕੁਸ਼ੀ ਦਾ ਮਾਮਲਾ ਸਾਹਮਣੇ ਆਇਆ ਹੈ। 25 ਸਾਲਾ ਦੇਵਿਕਾ ਨੇ 2 ਮਾਰਚ ਦੀ ਰਾਤ ਨੂੰ ਰਾਇਦੁਰਗਾਮ ਦੇ ਪ੍ਰਸ਼ਾਂਤੀ ਹਿਲਜ਼ ਵਿਖੇ ਆਪਣੇ ਘਰ ਵਿੱਚ ਛੱਤ ਵਾਲੇ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ।
ਘਟਨਾ ਤੋਂ ਬਾਅਦ ਮ੍ਰਿਤਕ ਦੇਵਿਕਾ ਦੀ ਮਾਂ ਨੇ ਐੱਫਆਈਆਰ ਦਰਜ ਕਰਵਾਈ। ਜਿਸ ਵਿੱਚ ਕਿਹਾ ਗਿਆ ਸੀ ਕਿ ਜਵਾਈ ਸਤੀਸ਼ ਵਿਆਹ ਤੋਂ ਬਾਅਦ ਹੀ ਦੇਵਿਕਾ ਨੂੰ ਦਾਜ ਲਈ ਤੰਗ-ਪ੍ਰੇਸ਼ਾਨ ਕਰ ਰਿਹਾ ਸੀ। ਇਸ ਤੋਂ ਤੰਗ ਆ ਕੇ ਉਸਨੇ ਖੁਦਕੁਸ਼ੀ ਕਰ ਲਈ।
ਦੇਵਿਕਾ ਅਤੇ ਸਤੀਸ਼ ਇੱਕੋ ਸਾਫਟਵੇਅਰ ਕੰਪਨੀ ਵਿੱਚ ਕੰਮ ਕਰਦੇ ਸਨ। ਦੋਵੇਂ ਇੱਕ ਦੂਜੇ ਨੂੰ 2 ਸਾਲਾਂ ਤੋਂ ਜਾਣਦੇ ਸਨ। ਦੋਵਾਂ ਦਾ ਵਿਆਹ ਅਗਸਤ 2024 ਵਿੱਚ ਗੋਆ ਵਿੱਚ ਹੋਇਆ ਸੀ।
ਸ਼ੁਰੂਆਤੀ ਜਾਂਚ ਤੋਂ ਬਾਅਦ, ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ 2 ਮਾਰਚ ਦੀ ਰਾਤ ਨੂੰ ਪਤੀ-ਪਤਨੀ ਵਿਚਕਾਰ ਟੀਵੀ ਰਿਮੋਟ ਨੂੰ ਲੈ ਕੇ ਝਗੜਾ ਹੋਇਆ ਸੀ, ਜਿਸ ਤੋਂ ਬਾਅਦ ਪਤੀ ਘਰੋਂ ਚਲਾ ਗਿਆ। ਜਦੋਂ ਉਹ ਅਗਲੀ ਸਵੇਰ ਵਾਪਿਸ ਆਇਆ, ਤਾਂ ਉਸਨੇ ਆਪਣੀ ਪਤਨੀ ਨੂੰ ਮਰੀ ਹੋਈ ਪਾਇਆ। ਇਸ ਤੋਂ ਬਾਅਦ ਉਸਨੇ ਪੁਲਿਸ ਅਤੇ ਪਰਿਵਾਰ ਨੂੰ ਸੂਚਿਤ ਕੀਤਾ ਕਿ ਉਸਦੀ ਪਤਨੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ।
ਰਾਏਦੁਰਗਾਮ ਪੁਲਿਸ ਨੇ ਪਤੀ ਸਤੀਸ਼ ਖਿਲਾਫ਼ ਦਾਜ ਲਈ ਪ੍ਰੇਸ਼ਾਨੀ ਦੇ ਦੋਸ਼ ਵਿੱਚ ਮਾਮਲਾ ਦਰਜ ਕੀਤਾ ਹੈ। ਅਗਲੇਰੀ ਜਾਂਚ ਜਾਰੀ ਹੈ। ਦੇਵਿਕਾ ਦੀ ਲਾਸ਼ ਦਾ ਪੋਸਟਮਾਰਟਮ ਓਸਮਾਨੀਆ ਹਸਪਤਾਲ ਵਿੱਚ ਕੀਤਾ ਗਿਆ।