ਬੇਰੂਤ, 21 ਅਕਤੂਬਰ (ਪੋਸਟ ਬਿਊਰੋ): ਇਜ਼ਰਾਈਲ ਫੌਜ ਨੇ ਐਤਵਾਰ ਰਾਤ ਲੇਬਨਾਨ ਵਿੱਚ ਹਿਜ਼ਬੁੱਲਾ ਨਾਲ ਜੁੜੇ ਬੈਂਕਾਂ ਨੂੰ ਨਿਸ਼ਾਨਾ ਬਣਾਇਆ। ਇਜ਼ਰਾਈਲ ਡਿਫੈਂਸ ਫੋਰਸ (ਆਈਡੀਐੱਫ) ਨੇ ਇਸ ਦੀ ਪੁਸ਼ਟੀ ਕੀਤੀ ਹੈ। ਟਾਈਮਜ਼ ਆਫ਼ ਇਜ਼ਰਾਈਲ ਅਨੁਸਾਰ, ਅਲ-ਕਰਦ ਅਲ-ਹਸਨ ਐਸੋਸੀਏਸ਼ਨ ਹਿਜ਼ਬੁੱਲਾ ਦੇ ਮੈਂਬਰਾਂ ਨੂੰ ਵਿਆਜ ਮੁਕਤ ਕਰਜ਼ੇ ਪ੍ਰਦਾਨ ਕਰਦੀ ਹੈ। ਪੂਰੇ ਲੇਬਨਾਨ ਵਿੱਚ ਇਸ ਦੀਆਂ 31 ਸ਼ਾਖਾਵਾਂ ਹਨ। ਇਨ੍ਹਾਂ 'ਚੋਂ ਕਿੰਨੀਆਂ ਸ਼ਾਖਾਵਾਂ 'ਤੇ ਹਮਲਾ ਹੋਇਆ ਹੈ, ਇਸ ਬਾਰੇ ਹਾਲੇ ਜਾਣਕਾਰੀ ਉਪਲਬਧ ਨਹੀਂ ਹੈ।
ਆਈਡੀਐੱਫ ਨੇ ਕਿਹਾ ਕਿ ਅਸੀਂ ਹਿਜ਼ਬੁੱਲਾ ਨੂੰ ਯੁੱਧ ਲਈ ਪੈਸਾ ਮੁਹੱਈਆ ਕਰਵਾਉਣ ਤੋਂ ਰੋਕਣ ਲਈ ਬੈਂਕ ਸ਼ਾਖਾਵਾਂ ਨੂੰ ਨਿਸ਼ਾਨਾ ਬਣਾ ਰਹੇ ਹਾਂ। ਆਈਡੀਐੱਫ ਨੇ ਦਾਅਵਾ ਕੀਤਾ ਕਿ ਅਲ-ਕਾਰਦ ਅਲ-ਹਸਨ ਕੋਲ ਵੱਡੀ ਰਕਮ ਤੱਕ ਪਹੁੰਚ ਸੀ ਜੋ ਹਿਜ਼ਬੁੱਲਾ ਨੇ ਇਜ਼ਰਾਈਲ ਵਿਰੁੱਧ ਵਰਤੀ ਸੀ।
ਇੱਕ ਇਜ਼ਰਾਈਲੀ ਖੁਫੀਆ ਅਧਿਕਾਰੀ ਨੇ ਕਿਹਾ ਕਿ ਅਲ-ਕਰਦ ਅਲ-ਹਸਨ ਦੇ ਪੈਸੇ ਦੀ ਵਰਤੋਂ ਹਿਜ਼ਬੁੱਲਾ ਨੇ ਆਪਣੇ ਲੜਾਕਿਆਂ ਨੂੰ ਤਨਖਾਹ ਦੇਣ ਲਈ ਕੀਤੀ ਸੀ। ਇਸ 'ਤੇ ਹਮਲਾ ਵੱਡੀ ਘਟਨਾ ਹੈ। ਇਸ ਨਾਲ ਹਿਜ਼ਬੁੱਲਾ ਦੀ ਆਰਥਿਕਤਾ 'ਤੇ ਡੂੰਘਾ ਅਸਰ ਪਵੇਗਾ। ਉਨ੍ਹਾਂ ਕਿਹਾ ਕਿ ਇਸ ਬੈਂਕ ਕੋਲ ਹਿਜ਼ਬੁੱਲਾ ਦਾ ਪੈਸਾ ਹੈ, ਪਰ ਇਹ ਸਾਰਾ ਪੈਸਾ ਨਹੀਂ ਸੰਭਾਲਦਾ।