ਟੈਕਸਾਸ, 4 ਸਤੰਬਰ (ਪੋਸਟ ਬਿਊਰੋ): ਅਮਰੀਕਾ ਦੇ ਟੈਕਸਾਸ ਵਿੱਚ ਇੱਕ ਭਿਆਨਕ ਹਾਦਸਾ ਵਾਪਰਿਆ ਹੈ। ਜਿਸ ਵਿੱਚ ਇੱਕ ਔਰਤ ਸਮੇਤ ਚਾਰ ਭਾਰਤੀਆਂ ਦੀ ਸੜ ਕੇ ਦਰਦਨਾਕ ਮੌਤ ਹੋ ਗਈ। ਪੁਲਿਸ ਦਾ ਕਹਿਣਾ ਹੈ ਕਿ ਹਰ ਕੋਈ ਕਾਰਪੂਲਿੰਗ ਐਪ ਰਾਹੀਂ ਜੁੜਿਆ ਸੀ ਅਤੇ ਹਾਦਸੇ ਵਿੱਚ ਪੰਜ ਵਾਹਨ ਸ਼ਾਮਿਲ ਸਨ। ਜਦੋਂ ਇਹ ਹਾਦਸਾ ਵਾਪਰਿਆ ਤਾਂ ਉਹ ਬੈਂਟਨਵਿਲੇ, ਅਰਕਨਸਾਸ ਜਾ ਰਹੇ ਸਨ। ਇਹ ਹਾਦਸਾ ਇੱਕ ਐੱਸਯੂਵੀ ਤੇ ਟਰੱਕ ਦੀ ਟੱਕਰ ਕਾਰਨ ਵਾਪਰਿਆ ਦੱਸਿਆ ਜਾ ਰਿਹਾ ਹੈ। ਸਾਰੇ ਯਾਤਰੀ ਐੱਸਯੂਵੀ ਵਿੱਚ ਸਵਾਰ ਸਨ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਲਾਸ਼ਾਂ ਦੀ ਪਹਿਚਾਣ ਕਰਨਾ ਬਹੁਤ ਮੁਸ਼ਕਿਲ ਹੈ ਅਤੇ ਡੀਐੱਨਏ ਟੈਸਟ ਰਾਹੀਂ ਹੀ ਉਨ੍ਹਾਂ ਦੀ ਪਹਿਚਾਣ ਹੋ ਸਕਦੀ ਹੈ।
ਬੀਤੇ ਸ਼ੁੱਕਰਵਾਰ ਨੂੰ ਹੋਏ ਇਸ ਹਾਦਸੇ 'ਚ ਮਰਨ ਵਾਲਿਆਂ ਦੀ ਪਹਿਚਾਣ ਆਰੀਅਨ ਰਘੂਨਾਥ ਓਰਮਪਤੀ, ਫਾਰੂਕ ਸ਼ੇਖ, ਲੋਕੇਸ਼ ਪਾਲਾਚਾਰਲਾ ਅਤੇ ਦਰਸ਼ਨੀ ਵਾਸੂਦੇਵਨ ਵਜੋਂ ਹੋਈ ਹੈ। ਓਰਮਪਤੀ ਅਤੇ ਉਸਦਾ ਦੋਸਤ ਸ਼ੇਖ ਡਲਾਸ ਵਿੱਚ ਆਪਣੇ ਚਚੇਰੇ ਭਰਾ ਨੂੰ ਮਿਲਣ ਤੋਂ ਬਾਅਦ ਵਾਪਿਸ ਆ ਰਹੇ ਸਨ। ਲੋਕੇਸ਼ ਆਪਣੀ ਪਤਨੀ ਨੂੰ ਮਿਲਣ ਬੈਂਟਨਵਿਲੇ ਜਾ ਰਿਹਾ ਸੀ ਅਤੇ ਟੈਕਸਾਸ ਯੂਨੀਵਰਸਿਟੀ ਤੋਂ ਮਾਸਟਰ ਡਿਗਰੀ ਕਰ ਰਹੀ ਦਰਸਿ਼ਨੀ ਵਾਸੂਦੇਵਨ ਬੈਂਟਨਵਿਲੇ ਸਥਿਤ ਆਪਣੇ ਚਾਚੇ ਨੂੰ ਮਿਲਣ ਜਾ ਰਹੀ ਸੀ। ਉਹ ਸਾਰੇ ਇੱਕ ਕਾਰਪੂਲਿੰਗ ਐਪ ਰਾਹੀਂ ਜੁੜੇ ਹੋਏ ਸਨ।