Welcome to Canadian Punjabi Post
Follow us on

27

July 2024
ਬ੍ਰੈਕਿੰਗ ਖ਼ਬਰਾਂ :
GT20: ਮਾਂਟਰੀਅਲ ਦੀ ਟੀਮ ਨੇ ਮਿਸੀਸਾਗਾ ਨੂੰ 33 ਦੌੜਾਂ ਨਾਲ ਹਰਾਇਆGT20 ਕ੍ਰਿਕਟ ਸੀਜ਼ਨ-4 ਦੀ ਸ਼ਾਨਦਾਰ ਸ਼ੁਰੂਆਤ, ਪਹਿਲੇ ਮੈਚ ਵਿੱਚ ਟੋਰਾਂਟੋ ਦੀ ਟੀਮ ਨੇ ਵੈਨਕੂਵਰ ਨੂੰ ਹਰਾਇਆਪ੍ਰੇਸਟਨ ਸਟਰੀਟ ਬ੍ਰਿਜ ਰੀਪਲੇਸਮੈਂਟ ਲਈ ਹਾਈਵੇ 417 ਸੋਮਵਾਰ ਤੱਕ ਰਹੇਗਾ ਬੰਦਵਾਸਾਗਾ ਬੀਚ 2 ਡਕੈਤੀਆਂ ਦੇ ਸਿਲਸਿਲੇ ਵਿੱਚ ਲੜਕੀ ਗ੍ਰਿਫ਼ਤਾਰਮੇਰੇ ਪਿਤਾ ਬੇਰਹਿਮ ਹਨ, ਉਹ ਉਨ੍ਹਾਂ ਨਾਲ ਕੋਈ ਸਬੰਧ ਨਹੀਂ ਰੱਖਣਾ ਚਾਹੁੰਦੀ : ਮਸਕ ਦੀ ਟਰਾਂਸਜੈਂਡਰ ਬੇਟੀ ਨੇ ਕਿਹਾਓਲੰਪਿਕ ਸ਼ੁਰੂ ਹੋਣ ਤੋਂ ਪਹਿਲਾਂ ਫਰਾਂਸ ਦੇ ਰੇਲਵੇ ਨੈੱਟਵਰਕ 'ਤੇ ਹੋਇਆ ਹਮਲਾ, 3 ਰੇਲਵੇ ਲਾਈਨਾਂ 'ਤੇ ਲਾਈ ਅੱਗ, 2.5 ਲੱਖ ਯਾਤਰੀ ਪ੍ਰਭਾਵਿਤਕਮਲਾ ਹੈਰਿਸ ਨੂੰ ਮਿਲਿਆ ਓਬਾਮਾ ਤੇ ਉਨ੍ਹਾਂ ਦੀ ਪਤਨੀ ਮਿਸ਼ੇਲ ਦਾ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਬਣਨ ਲਈ ਸਮਰਥਨਮਹਿਲਾ ਏਸ਼ੀਆ ਕੱਪ : ਭਾਰਤ ਨੌਵੀਂ ਵਾਰ ਫਾਈਨਲ ਵਿੱਚ ਪਹੁੰਚਿਆ, ਬੰਗਲਾਦੇਸ਼ ਨੂੰ 10 ਵਿਕਟਾਂ ਨਾਲ ਹਰਾਇਆ
 
ਟੋਰਾਂਟੋ/ਜੀਟੀਏ

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੀ ਮਹੀਨੇਵਾਰ ਮੀਟਿੰਗ ‘ਚ ਸੁਰਜੀਤ ਪਾਤਰ ਨੂੰ ਦਿੱਤੀ ਗਈ ਭਰਪੂਰ ਸ਼ਰਧਾਂਜਲੀ

May 21, 2024 10:31 PM

ਸ਼ਹੀਦ ਕਰਤਾਰ ਸਿੰਘ ਸਰਾਭਾ ਤੇ ‘ਮਾਂ-ਦਿਵਸ’ ਬਾਰੇ ਹੋਈ ਵਿਚਾਰ-ਚਰਚਾ, ਕਵੀ-ਦਰਬਾਰ ਵੀ ਹੋਇਆ 

 

ਬਰੈਂਪਟਨ, (ਡਾ. ਝੰਡ) – ਲੰਘੇ ਐਤਵਾਰ 19 ਮਈ ਨੂੰ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ (ਰਜਿ.) ਦੇ ਮਹੀਨਾਵਾਰ ਸਮਾਗ਼ਮ ਵਿੱਚ ਪੰਜਾਬੀ ਦੇ ਸਿਰਮੌਰ ਕਵੀ ਡਾ. ਸੁਰਜੀਤ ਪਾਤਰ ਦੇ ਸਦੀਵੀ ਵਿਛੋੜੇ ‘ਤੇ ਬੁਲਾਰਿਆਂ ਵੱਲੋਂ ਭਾਵਪੂਰਤ ਸ਼ਬਦਾਂ ਵਿਚ ਸ਼ਰਧਾਂਜਲੀ ਅਰਪਿਤ ਕੀਤੀ ਗਈ। ਪ੍ਰਧਾਨਗੀ-ਮੰਡਲ ਵਿੱਚ ਸੁਸ਼ੋਭਿਤ ਹੋਣ ਲਈ ਸਰਵਸ਼੍ਰੀ ਕ੍ਰਿਪਾਲ ਸਿੰਘ ਪੰਨੂੰ, ਬਲਰਾਜ ਚੀਮਾ, ਐਡਵੋਕੇਟ ਦਰਸ਼ਨ ਸਿੰਘ ਦਰਸ਼ਨ, ਸ਼ਮਸ਼ੇਰ ਸਿੰਘ ਅਤੇ ਮੈਡਮ ਸੁਖਚਰਨਜੀਤ ਗਿੱਲ ਨੂੰ ਬੇਨਤੀ ਕਰਨ ਤੋਂ ਬਾਅਦ ਮੰਚ-ਸੰਚਾਲਕ ਤਲਵਿੰਦਰ ਮੰਡ ਨੇ ਡਾ. ਸੁਖਦੇਵ ਸਿੰਘ ਝੰਡ ਨੂੰ ਸਭਾ ਵੱਲੋਂ ਡਾ. ਸੁਰਜੀਤ ਪਾਤਰ ਦੇ 11 ਮਈ ਨੂੰ ਹੋਏ ਦੁਖਦਾਈ ਅਕਾਲ-ਚਲਾਣੇ ‘ਤੇ ‘ਸ਼ੋਕ-ਮਤਾ’ ਪੇਸ਼ ਕਰਨ ਲਈ ਕਿਹਾ ਜਿਨ੍ਹਾਂ ਨੇ ਇਸ ਮਤੇ ਵਿਚ ਪੰਜਾਬੀ ਦੇ ਉੱਚ-ਦੁਮਾਲੜੇ ਕਵੀ ਡਾ. ਪਾਤਰ ਨੂੰ ਪੰਜਾਬੀ ਸਾਹਿਤ ਤੇ ਵਿਸ਼ੇਸ਼ ਕਰਕੇ ਪੰਜਾਬੀ ਕਵਿਤਾ ਨੂੰ ਅਮੀਰੀ ਬਖ਼ਸ਼ਣ ਵਾਲਾ ਕਵੀ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬੀ ਭਾਸ਼ਾ ਨੂੰ ਨਵੇਂ ਬਿੰਬ, ਪ੍ਰਤੀਕ, ਮੁਹਾਵਰੇ, ਸ਼ਬਦ ਤੇ ਵਿਚਾਰ ਪ੍ਰਦਾਨ ਕਰਨ ਲਈ ਸੁਰਜੀਤ ਪਾਤਰ ਨੂੰ ਬੜੀ ਇੱਜ਼ਤ ਤੇ ਮਾਣਨਾਲ ਯਾਦ ਕੀਤਾ ਜਾਂਦਾ ਰਹੇਗਾ। ਉਪਰੰਤ, ਸਾਰਿਆਂ ਵੱਲੋਂ ਦੋ ਮਿੰਟ ਦਾ ਮੋਨ ਰੱਖ ਕੇ ਪਾਤਰ ਸਾਹਿਬ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ।

ਸਭਾ ਦੇ ਚੇਅਰਪਰਸਨ ਕਰਨ ਅਜਾਇਬ ਸਿੰਘ ਸੰਘਾ ਮੈਂਬਰਾਂ ਤੇ ਮਹਿਮਾਨਾਂ ਦੇ ਰਸਮੀ ਸੁਆਗ਼ਤ ਤੋਂ ਬਾਅਦ ਸਮਾਗ਼ਮ ਦੀ ਕਾਰਵਾਈ ਇਕਬਾਲ ਬਰਾੜ ਵੱਲੋਂ ਗਾਈ ਗਈ ਸੁਰਜੀਤ ਪਾਤਰ ਦੀ ਖ਼ੂਬਸੂਰਤ ਗ਼ਜ਼ਲ “ਕੋਈ ਡਾਲੀਆਂ ‘ਚੋਂ ਲੰਘਿਆ ਹਵਾ ਬਣਕੇ” ਨਾਲ ਕੀਤੀ ਗਈ। ਉਪਰੰਤ, ਕਿਰਪਾਲ ਸਿੰਘ ਪੰਨੂੰ ਨੇ ਸੁਰਜੀਤ ਪਾਤਰ ਦੀਆਂ ਕਵਿਤਾਵਾਂ ਵਿਚਲੇ ਸਾਰਥਿਕ ਤੇ ਉਸਾਰੂ ਸੁਨੇਹਿਆਂ ਦੀ ਗੱਲ ਕੀਤੀ, ਜਦਕਿਬਲਰਾਜ ਚੀਮਾ ਨੇ ਪਾਤਰ ਆਪਣੀਆਂ ਕਵਿਤਾਵਾਂ ਵਿੱਚ ਵਰਤੇ ਗਏ ਬਿੰਬ ‘ਬਿਰਖ਼’ ਨੂੰ ਚਰਚਾ ਦਾ ਵਿਸ਼ਾ ਬਣਾਇਆ। ਇੰਜੀ. ਈਸ਼ਰ ਸਿੰਘ ਨੇ ਪਾਤਰ ਦੀਆਂ ਲਿਖ਼ਤਾਂ ਤੋਂ ਸਾਰਿਆਂ ਨੂੰ ਸਾਰਥਿਕ ਸੇਧ ਲੈਣ ਲਈ ਕਿਹਾ।ਮੰਚ-ਸੰਚਾਲਕ ਤਲਵਿੰਦਰ ਮੰਡ ਦੇ ਸ਼ਬਦਾਂ ਦੀ ਪ੍ਰੋੜ੍ਹਤਾ ਕਰਦਿਆਂ ਹੋਇਆਂ ਕੁਲਜੀਤ ਮਾਨ ਨੇ ਕਿਹਾ ਕਿ ਸੁਰਜੀਤ ਪਾਤਰ ਬਹੁਤ ਵਧੀਆ ਜੀਵਨ ਜੀਅ ਕੇ ਆਪਣੀਆਂ ਖ਼ੂਬਸੂਰਤਕਿਰਤਾਂ ਸਾਨੂੰ ਦੇ ਕੇ ਗਏ ਹਨ ਅਤੇ ਇਨ੍ਹਾਂ ਸਦਕਾ ਉਹ ਹਮੇਸ਼ਾ ਸਾਡੇ ਨਾਲ ਰਹਿਣਗੇ। ਰੋਣਾ-ਧੋਣਾ ਛੱਡ ਕੇ ਸਾਨੂੰ ਇਨ੍ਹਾਂ ਲਿਖ਼ਤਾਂ ਤੋਂ ਪ੍ਰੇਰਨਾ ਤੇ ਸੇਧ ਲੈ ਕੇ ਅੱਗੇ ਵੱਧਣਾ ਚਾਹੀਦਾ ਹੈ।ਇਸ ਦੌਰਾਨ ਸੁਖਚਰਨਜੀਤ ਕੌਰ ਗਿੱਲ ਤੇ ਸੁਰਜੀਤ ਕੌਰ ਵੱਲੋਂ ਵੀ ਡਾ. ਪਾਤਰ ਨੂੰ ਸ਼ਾਨਦਾਰ ਸ਼ਾਬਦਿਕ ਸ਼਼ਰਧਾਂਜਲੀ ਅਰਪਿਤ ਕੀਤੀ ਗਈ।

ਸਮਾਗ਼ਮ ਦੇ ਅਗਲੇ ਪੜਾਅ ਵਿੱਚ ਮਲੂਕ ਸਿੰਘ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜੀਵਨ, ਉਨ੍ਹਾਂ ਦੀ ਗ਼ਦਰ ਲਹਿਰ ਨੂੰ ਮਹਾਨ ਦੇਣ ਅਤੇ ਭਾਰਤ ਦੀ ਆਜ਼ਾਦੀ ਲਈ ਦਿੱਤੀ ਅਦੁੱਤੀ ਕੁਰਬਾਨੀ ਨੂੰ ਯਾਦ ਕਰਦਿਆਂ ਆਪਣੇ ਵਿਚਾਰ ਪੇਸ਼ ਕੀਤੇ ਗਏ। ਆਪਣੇ ਸੰਬੋਧਨ ਵਿੱਚ ਉਨ੍ਹਾਂ ਕਿਹਾ ਕਿ ਮਹਿਜ਼ 19 ਸਾਲ ਦੀ ਉਮਰ ਵਿੱਚ ਫ਼ਾਂਸੀ ‘ਤੇ ਚੜ੍ਹਨ ਵਾਲਾ ਕਰਤਾਰ ਸਿੰਘ ਸਰਾਭਾ ਕ੍ਰਾਂਤੀਕਾਰੀ ਵਿਚਾਰਾਂ ਨਾਲਲੈਸ ਨੌਜੁਆਨ ਦੇਸ਼-ਭਗਤ ਸੀ। ਉਚੇਰੀ ਵਿੱਦਿਆ ਲਈ ਅਮਰੀਕਾ ਦੇ ਸ਼ਹਿਰ ਸਾਨਫ਼ਰਾਂਸਿਸਕੋ ਪਹੁੰਚ ਕੇ ਜਦੋਂ ਉਸ ਨਾਲ ਹੋਏ ਗ਼ੁਲਾਮੀ ਵਾਲੇ ਵਤੀਰੇ ਦਾ ਉਸ ਨੂੰ ਅਹਿਸਾਸ ਹੋਇਆ ਤਾਂ ਉਸ ਦੇ ਜੀਵਨ ਦਾ ਮਕਸਦ ਹੀ ਬਦਲ ਗਿਆ। ਆਪਣੀ ਪੜ੍ਹਾਈ ਵਿਚਾਲੇ ਹੀ ਛੱਡ ਕੇ ਉਸ ਨੇ ਲਾਲਾ ਹਰਦਿਆਲ, ਬਾਬਾ ਸੋਹਣ ਸਿੰਘ ਭਕਨਾ, ਬਾਬਾ ਵਿਸਾਖਾ ਸਿੰਘ ਤੇ ਹੋਰ ਗ਼ਦਰੀ ਬਾਬਿਆਂ ਨਾਲ‘ਗ਼ਦਰ ਲਹਿਰ’ਵਿੱਚ ਸ਼ਾਮਲ ਹੋ ਕੇ ਇਸ ਨੂੰ ਵੱਡਾ ਹਲੂਣਾ ਦਿੱਤਾ। ‘ਗ਼ਦਰ’ ਅਖ਼ਬਾਰ ਦੇ ਪੰਜਾਬੀ ਅੰਕ ਵਿੱਚ ਛਪਦੀਆਂ ਉਸਦੀਆਂ ਕਵਿਤਾਵਾਂ ਨੌਜੁਆਨਾਂ ਦੇ ਗਰਮ ਖ਼ੂਨ ਨੂੰ ਉਬਾਲਾ ਦਿੰਦੀਆਂ ਸਨ। ਉਹ ਸ਼ਹੀਦ ਭਗਤ ਸਿੰਘ ਦਾ ਪ੍ਰੇਰਨਾ-ਸਰੋਤ ਸੀ। ਏਸੇ ਲਈ ਨੌਜੁਆਨ ਭਗਤ ਸਿੰਘ ਉਸ ਦੀ ਫ਼ੋਟੋ ਆਪਣੀ ਜੇਬ ਵਿੱਚ ਰੱਖਦਾ ਸੀ।

ਇਸ ਸੈਸ਼ਨ ਦਾ ਅਗਲਾ ਪੜਾਅ ’ਮਾਂ-ਦਿਵਸ’ ‘ਤੇ ਮਾਵਾਂ ਦੇ ਯੋਗਦਾਨ ਨੂੰ ਯਾਦ ਕਰਨ ਦਾ ਸੀ। ‘ਮਾਂ-ਦਿਵਸ’ ਸਬੰਧੀ ਆਪਣੇ ਵਿਚਾਰ ਪੇਸ਼ ਕਰਦਿਆਂ ਡਾ. ਸੁਰਿੰਦਰਜੀਤ ਕੌਰ ਨੇ  ਇਤਿਹਾਸ ਵਿੱਚੋਂ ਅਸ਼ੋਕ, ਚੰਦਰ ਗੁਪਤ ਮੋਰੀਆ, ਸ਼ਿਵਾ ਜੀ ਮਰਹੱਟਾ ਦੀਆਂ ਮਾਵਾਂ, ਹਜ਼ਰਮ ਮੁਹੰਮਦ ਸਾਹਿਬ ਦੀ ਬੇਗ਼ਮ ਅਤੇ ਗੁਰੂ ਨਾਨਕ ਦੇਵ ਜੀ ਦੀ ਮਾਤਾ ਤ੍ਰਿਪਤਾ ਜੀਦੀਆਂਉਦਾਹਰਣਾਂ ਦੇ ਕੇ ਬੜੇ ਪ੍ਰਭਾਵਸ਼ਾਲੀ ਤਰੀਕੇ ਨਾਲ ਮਾਂ ਦੀ ਮਹੱਤਵਪੂਰਨ ਭੂਮਿਕਾ ਬਾਰੇ ਬਾਖ਼ੂਬੀ ਜ਼ਿਕਰ ਕੀਤਾ। ਇਸ ਵਿੱਚ ਵਾਧਾ ਕਰਦਿਆਂ ਹੋਇਆਂਸੁਰਜੀਤ ਕੌਰ ਨੇ ਥੌਮਸ ਐਡੀਸਨ ਦੀ ਮਾਂ ਦੀ ਭਰਵੀਂ ਤਾਰੀਫ਼ ਕੀਤੀ ਜਿਸ ਨੇ ਥੌਮਸ ਦੇ ਟੀਚਰ ਦੀ ਆਈ ਉਸ ਦੀ ‘ਮੰਦਬੁੱਧੀ ਵਾਲੀ ਰਿਪੋਰਟ’ ਨੂੰ ਛੁਪਾ ਕੇ ਅਤੇ ਇਸ ਨੂੰ ‘ਹਾਂ-ਪੱਖੀ’ਆਖ ਕੇ ਆਪਣੇ ਪੁੱਤਰ ਦੀ ਹੌਸਲਾ ਅਫ਼ਜ਼ਾਈ ਕੀਤੀਜਿਸ ਨਾਲ ਉਹ ਅੱਗੋਂ ਜੀਵਨ ਵਿੱਚ ਸਫ਼ਲ ਵਿਗਿਆਨੀ ਬਣਿਆ ਅਤੇ ਕਈ ਨਵੀਆਂ ਖੋਜਾਂ ਕੀਤੀਆਂ।ਇਸ ਦੌਰਾਨ ਰਾਜ ਕੁਮਾਰ ਓਸ਼ੋਰਾਜ, ਕਰਨ ਅਜਾਇਬ ਸਿੰਘ ਸੰਘਾ ਅਤੇ ਸੁਖਦੇਵ ਸਿੰਘ ਝੰਡ ਵੱਲੋਂ ਵੀ ਮਾਂ-ਦਿਵਸ ਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਗਏ।ਸਭਾ ਦੇ ਸਰਪ੍ਰਸਤ ਬਲਰਾਜ ਚੀਮਾ ਵੱਲੋਂ ਸੁਰਜੀਤ ਪਾਤਰ, ਸ਼ਹੀਦ ਕਰਤਾਰ ਸਿੰਘ ਸਰਾਭਾ ਤੇ ਮਾਂ-ਦਿਵਸ ਬਾਰੇ ਬੜੇ ਭਾਵਪੂਰਤ ਸ਼ਬਦਾਂ ਨਾਲ ਇਸ ਸੈਸ਼ਨ ਨੂੰ ਸਮੇਟਿਆ ਗਿਆ।

ਸਮਾਗ਼ਮ ਦੇ ਦੂਸਰੇ ਸੈਸ਼ਨ ਵਿਚ ਪ੍ਰਧਾਨਗੀ-ਮੰਡਲ ਵਿਚ ਬੈਠਣ ਲਈ ਕਰਨ ਅਜਾਇਬ ਸਿੰਘ ਸੰਘਾ, ਸੁਰਜੀਤ ਕੌਰ ਅਤੇ ਕਰਨੈਲ ਸਿੰਘ ਮਰਵਾਹਾ ਨੂੰ ਬੇਨਤੀ ਕੀਤੀ ਗਈ। ਇਸ ਦੇ ਮੰਚ-ਸੰਚਾਲਕ ਪਰਮਜੀਤ ਢਿੱਲੋਂ ਨੇ ਆਪਣੀਆਂ ਖ਼ੂਬਸੂਰਤ ਟਿੱਪਣੀਆਂ ਨਾਲ ਸੱਭ ਤੋਂ ਪਹਿਲਾਂ ਹਰਮੇਸ਼ ਜੀਂਦੋਵਾਲ ਨੂੰ ਮੰਚ ‘ਤੇ ਆਉਣ ਦਾ ਸੱਦਾ ਦਿੱਤਾ ਗਿਆ ਜਿਨ੍ਹਾਂ ਨੇ ਆਪਣੀ ਸੁਰੀਲੀ ਆਵਾਜ਼ ਵਿੱਚ ਪੂਰੇ ਵਜਦ ‘ਚ ਆ ਕੇ ਸੁਰਜੀਤ ਪਾਤਰ ਦੀ ਗ਼ਜ਼ਲ“ਬੇਚੈਨ ਕਿਉਂ ਹੈਂ, ਤੂੰ ਰੰਜੂਰ ਕਿਉਂ ਹੈਂ” ਗਾਈਅਤੇ ਫਿਰ ਵਾਰੋ-ਵਾਰੀ ਜੱਸੀ ਭੁੱਲਰ (ਢਪਾਲੀ), ਹਰਜੀਤ ਸਿੰਘ, ਹਰਚਰਨ ਸਿੰਘ, ਸੁਖਚਰਨਜੀਤ ਗਿੱਲ, ਰੂਬੀ ਕਰਤਾਰਪੁਰੀ, ਰਾਜਕੁਮਾਰ ਓਸ਼ੋਰਾਜ, ਸੁਰਿੰਦਰ ਸ਼ਰਮਾ, ਇਕਬਾਲ ਬਰਾੜ, ਜਗਮੋਹਨ ਸੰਘਾ, ਮਲੂਕ ਸਿੰਘ ਕਾਹਲੋਂ, ਕਰਨ ਅਜਾਇਬ ਸਿੰਘ ਸੰਘਾ, ਸੁਰਜੀਤ ਕੌਰ, ਸੁਖਦੇਵ ਸਿੰਘ ਝੰਡ, ਤਲਵਿੰਦਰ ਸਿੰਘ ਮੰਡ, ਪਰਮਜੀਤ ਢਿੱਲੋਂ ਤੇ ਕਈ ਹੋਰਨਾਂ ਨੇ ਸੁਰਜੀਤ ਪਾਤਰ ਦੀਆਂ ਕਵਿਤਾਵਾਂ ਤੇ ਗ਼ਜ਼ਲਾਂ ਅਤੇਮਾਂ-ਦਿਵਸ ਤੇ ਹੋਰ ਵਿਸ਼ਿਆਂ ਬਾਰੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਇਸ ਦੌਰਾਨ ਸਰੋਤਿਆਂ ਸਿਕੰਦਰ ਸਿੰਘ ਗਿੱਲ,ਦਰਸ਼ਨ ਸਿੰਘ ਦਰਸ਼ਨ, ਸ਼ਮਸ਼ੇਰ ਸਿੰਘ, ਡਾ. ਅਮਰਜੀਤ ਸਿੰਘ ਫਗਵਾੜਾ, ਅਵਤਾਰ ਸਿੰਘ ਸੰਧੂ, ਅਫ਼ਜ਼ਲ ਮੁਹੰਮਦ, ਅਫ਼ਜ਼ਲ ਰਾਜ਼, ਪਰਸ਼ੋਤਮ ਸਿੰਘ, ਹਰਦਿਆਲ ਝੀਤਾ, ਅਜੀਤ ਸਿੰਘ, ਦਵਿੰਦਰ ਰੰਧਾਵਾ, ਅਵਤਾਰ ਸਾਚਾ, ਹਰਭਿੰਦਰ ਕੌਰ, ਪਰਮਿੰਦਰਜੀਤ ਕੌਰ ਤੇ ਹੋਰ ਕਈਆਂ ਨੇ ਹਾਜ਼ਰ ਹੋ ਕੇ ਸਮਾਗ਼ਮ ਦੀ ਰੌਣਕ ਨੂੰ ਚਾਰ ਚੰਨ ਲਾਏ। ਅਖ਼ੀਰ ਵਿੱਚ ਕਰਨ ਅਜਾਇਬ ਸਿੰਘ ਸੰਘਾ ਵੱਲੋਂ ਸਮਾਗ਼ਮ ਨੂੰ ਬੜੇ ਵਧੀਆ ਸ਼ਬਦਾਂ ਨਾਲ ਸੰਪੰਨ ਕੀਤਾ ਗਿਆ।

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਟੋਰਾਂਟੋ ਵਿੱਚ ਗੋਲੀਬਾਰੀ ਵਿੱਚ ਮਾਰੇ ਗਏ ਵਿਅਕਤੀ ਅਤੇ ਔਰਤ ਦੀ ਪੁਲਿਸ ਨੇ ਕੀਤੀ ਪਹਿਚਾਣ ਮਿਸਿਸਾਗਾ `ਚ ਲਾਪਤਾ 3 ਸਾਲਾ ਬੱਚੇ ਦੀ ਭਾਲ ਲਈ ਪੁਲਿਸ ਨੇ ਮੰਗੀ ਮਦਦ ਇਟੋਬੀਕੋਕ ਵਿੱਚ 3 ਵਾਹਨਾਂ ਦੀ ਟੱਕਰ ਦੌਰਾਨ ਇੱਕ ਵਿਅਕਤੀ ਗੰਭੀਰ ਜ਼ਖ਼ਮੀ ਪੀਲ ਪੁਲਿਸ ਨੇ 18 ਮੁਲਜ਼ਮ ਕੀਤੇ ਗ੍ਰਿਫਤਾਰ, 1.2 ਮਿਲੀਅਨ ਡਾਲਰ ਦੇ ਚੋਰੀ ਕੀਤੇ ਵਾਹਨ ਅਤੇ ਹਥਿਆਰ ਬਰਾਮਦ ਹੈਮਿਲਟਨ ਵਿੱਚ ਦੋ ਵਾਹਨਾਂ ਦੀ ਟੱਕਰ ਵਿੱਚ 1 ਵਿਅਕਤੀ ਦੀ ਮੌਤ, 3 ਜਖ਼ਮੀ ਨਾਰਥ ਯਾਰਕ `ਚ ਟੋਰਾਂਟੋ ਪੁਲਿਸ ਕਰੂਜਰ ਅਤੇ ਏਟੀਵੀ ਵਿਚਕਾਰ ਹੋਏ ਹਾਦਸੇ ਦੀ ਐੱਸ.ਆਈ.ਯੂ. ਕਰ ਰਹੀ ਜਾਂਚ ਟੋਰਾਂਟੋ ਦੀ ਔਰਤ `ਤੇ ਮਾਲਿਸ਼ ਦੌਰਾਨ ਤਸਵੀਰਾਂ ਲੈਣ ਤੋਂ ਬਾਅਦ ਗੁਪਤ ਰੂਪ ਤੋਂ ਦੇਖਣ ਦਾ ਦੋਸ਼ 10 ਹਜ਼ਾਰ ਕਰਮਚਾਰੀ ਕੰਮ `ਤੇ ਪਰਤੇ, ਮੰਗਲਵਾਰ ਨੂੰ ਦੁਕਾਨਾਂ ਦੁਬਾਰਾ ਖੁੱਲ੍ਹਣਗੀਆਂ : LCBO ਟੋਰਾਂਟੋ ਸ਼ਹਿਰ ਵਿੱਚ ਵਾਹਨ ਦੀ ਟੱਕਰ ਨਾਲ ਪੈਦਲ ਜਾ ਰਹੀ ਔਰਤ ਦੀ ਮੌਤ ਓਸ਼ਵਾ ਵਿੱਚ ਘਰ `ਤੇ ਹਮਲਾ ਕਰਨ ਵਾਲੇ 2 ਟੀਨੇਜ਼ਰ ਤੇ 2 ਬਾਲਿਗ ਗ੍ਰਿਫ਼ਤਾਰ