ਲੰਡਨ, 30 ਨਵੰਬਰ (ਪੋਸਟ ਬਿਊਰੋ): ਵਿਗਿਆਨੀਆਂ ਨੇ ਦੁਨੀਆਂ ਵਿਚ ਪਹਿਲੀ ਵਾਰ ਬਿਨ੍ਹਾਂ ਤੇਲ ਭਾਵ ਜੈਵਿਕ ਈਂਧਨ ਦੇ ਜਹਾਜ਼ ਉਡਾ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਦੁਨੀਆ 'ਚ ਪਹਿਲੀ ਵਾਰ ਕਿਸੇ ਜਹਾਜ਼ ਨੇ ਲੰਡਨ ਤੋਂ ਨਿਊਯਾਰਕ ਤੱਕ ਬਿਨ੍ਹਾਂ ਈਂਧਨ ਦੇ ਉਡਾਨ ਭਰ ਕੇ ਨਵੀਂ ਕ੍ਰਾਂਤੀ ਲਿਆਂਦੀ ਹੈ। ਇਹ ਜਹਾਜ਼ ਪੂਰੀ ਤਰ੍ਹਾਂ ਉੱਚ ਚਰਬੀ ਵਾਲੇ ਅਤੇ ਘੱਟ ਨਿਕਾਸੀ ਵਾਲੇ ਬਾਲਣ ਦੁਆਰਾ ਸੰਚਾਲਿਤ ਸੀ। ਇਹ ਪਹਿਲਾ ਵਪਾਰਕ ਜਹਾਜ਼ ਹੈ ਜਿਸ ਨੇ ਜੈਵਿਕ ਬਾਲਣ ਤੋਂ ਬਿਨ੍ਹਾਂ ਲੰਡਨ ਤੋਂ ਨਿਊਯਾਰਕ ਦੀ ਦੂਰੀ ਨੂੰ ਪੂਰਾ ਕਰਕੇ ਮੰਗਲਵਾਰ ਨੂੰ ਇਤਿਹਾਸਕ ਉਡਾਨ ਭਰੀ। ਇਸ ਦੌਰਾਨ ਇਸ ਨੇ ਅਟਲਾਂਟਿਕ ਮਹਾਸਾਗਰ ਨੂੰ ਪਾਰ ਕੀਤਾ, ਜਿਸ ਨੂੰ 'ਜੈੱਟ ਜ਼ੀਰੋ' ਕਿਹਾ ਜਾ ਰਿਹਾ ਹੈ।
ਹਵਾਬਾਜ਼ੀ ਕੰਪਨੀ 'ਵਰਜਿਨ ਐਟਲਾਂਟਿਕ' ਦੇ ਬੋਇੰਗ-787 ਜਹਾਜ਼ ਨੂੰ ਜੈਵਿਕ ਬਾਲਣ ਦੀ ਵਰਤੋਂ ਕੀਤੇ ਬਿਨ੍ਹਾਂ ਚਲਾਇਆ ਗਿਆ ਸੀ। ਇਸ ਉਡਾਨ ਲਈ ਵਰਤਿਆ ਜਾਣ ਵਾਲਾ ਹਵਾਬਾਜ਼ੀ ਬਾਲਣ ਫਾਲਤੂ ਚਰਬੀ ਤੋਂ ਬਣਾਇਆ ਗਿਆ ਸੀ। ਵਰਜਿਨ ਦੇ ਸੰਸਥਾਪਕ ਰਿਚਰਡ ਬ੍ਰੈਨਸਨ ਨੇ ਕਿਹਾ ਕਿ ਜਦੋਂ ਤੱਕ ਤੁਸੀਂ ਕੁਝ ਖਾਸ ਨਹੀਂ ਕਰਦੇ, ਦੁਨੀਆਂ ਹਮੇਸ਼ਾ ਇਹ ਮੰਨਦੀ ਹੈ ਕਿ ਇਹ ਨਹੀਂ ਕੀਤਾ ਜਾ ਸਕਦਾ। ਬ੍ਰੈਨਸਨ ਖੁਦ ਕਾਰਪੋਰੇਟ ਅਤੇ ਸਰਕਾਰੀ ਅਧਿਕਾਰੀਆਂ, ਇੰਜੀਨੀਅਰਾਂ ਅਤੇ ਪੱਤਰਕਾਰਾਂ ਸਮੇਤ ਹੋਰ ਲੋਕਾਂ ਨਾਲ ਜਹਾਜ਼ ਵਿੱਚ ਸਵਾਰ ਸਨ।