ਨਵੀਂ ਦਿੱਲੀ, 29 ਨਵੰਬਰ (ਪੋਸਟ ਬਿਊਰੋ): ਪਾਕਿਸਤਾਨ ਜਾ ਕੇ ਆਪਣੇ ਪ੍ਰੇਮੀ ਨਾਲ ਵਿਆਹ ਕਰਨ ਵਾਲੀ ਅੰਜੂ (35) ਕਰੀਬ 4 ਮਹੀਨਿਆਂ ਬਾਅਦ ਭਾਰਤ ਵਾਪਿਸ ਆਈ ਹੈ। ਅੰਜੂ ਬੁੱਧਵਾਰ ਨੂੰ ਅਟਾਰੀ-ਵਾਹਗਾ ਸਰਹੱਦ ਤੋਂ ਭਾਰਤ ਵਿੱਚ ਦਾਖਲ ਹੋਈ ਸੀ। ਅੰਜੂ ਨੂੰ ਫਿਲਹਾਲ ਬੀ.ਐੱਸ.ਐੱਫ. ਕੈਂਪ ਵਿੱਚ ਰੱਖਿਆ ਗਿਆ ਹੈ। ਇੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਹਾਲਾਂਕਿ ਉਸ ਨੇ ਯਕੀਨੀ ਤੌਰ 'ਤੇ ਕਿਹਾ ਕਿ ਮੈਂ ਖੁਸ਼ ਹਾਂ।
ਅੰਜੂ ਆਪਣੇ ਪਤੀ ਅਰਵਿੰਦ ਅਤੇ ਦੋ ਬੱਚਿਆਂ ਨਾਲ ਰਾਜਸਥਾਨ ਦੇ ਅਲਵਰ ਜਿ਼ਲ੍ਹੇ ਦੇ ਭਿਵੜੀ ਵਿੱਚ ਰਹਿੰਦੀ ਸੀ। ਉਹ ਟੂਰਿਸਟ ਵੀਜ਼ੇ 'ਤੇ ਪਾਕਿਸਤਾਨ ਗਈ ਸੀ ਪਰ ਬਾਅਦ ਵਿਚ ਪਤਾ ਲੱਗਾ ਕਿ ਉਹ ਖੈਬਰ ਪਖਤੂਨਖਵਾ ਵਿਚ ਰਹਿਣ ਵਾਲੇ ਨਸਰੁੱਲਾ ਨੂੰ ਮਿਲਣ ਗਈ ਸੀ। ਪਾਕਿਸਤਾਨ ਵਿਚ ਉਨ੍ਹਾਂ ਦੇ ਪ੍ਰੀ-ਵੈਡਿੰਗ ਸ਼ੂਟ ਅਤੇ ਨਿਕਾਹ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ।
ਅਰਵਿੰਦ ਕੁਮਾਰ ਆਪਣੇ ਪਰਿਵਾਰ ਨਾਲ ਤਿਜਾਰਾ ਮੈਗਾ ਹਾਈਵੇਅ, ਭਿਵੜੀ 'ਤੇ ਟੈਰਾ ਐਲੀਗੈਂਸ ਰਿਹਾਇਸ਼ੀ ਸੁਸਾਇਟੀ ਵਿਚ ਕਰੀਬ 4 ਸਾਲਾਂ ਤੋਂ ਕਿਰਾਏ 'ਤੇ ਰਹਿ ਰਿਹਾ ਸੀ। ਉਸ ਦੀ ਪਤਨੀ ਅੰਜੂ ਨੇ ਫੇਸਬੁੱਕ ਰਾਹੀਂ ਨਸਰੁੱਲਾ ਨਾਲ ਦੋਸਤੀ ਕੀਤੀ ਸੀ। ਅਰਵਿੰਦ ਅਤੇ ਉਸਦੇ ਦੋ ਬੱਚਿਆਂ ਨੂੰ ਉਸਦੇ ਪਾਕਿਸਤਾਨ ਜਾਣ ਦਾ ਪਤਾ ਵੀ ਨਹੀਂ ਸੀ।
20 ਜੁਲਾਈ 2023 ਨੂੰ ਅੰਜੂ ਨੇ ਆਪਣੇ ਪਤੀ ਅਰਵਿੰਦ ਨੂੰ ਦੱਸਿਆ ਕਿ ਉਹ ਆਪਣੇ ਦੋਸਤ ਨੂੰ ਮਿਲਣ ਜੈਪੁਰ ਜਾ ਰਹੀ ਹੈ। ਤਿੰਨ ਦਿਨ ਬਾਅਦ 23 ਜੁਲਾਈ ਨੂੰ ਮੀਡੀਆ ਵਿਚ ਖਬਰਾਂ ਆਈਆਂ ਕਿ ਅੰਜੂ ਆਪਣੇ ਪ੍ਰੇਮੀ ਨਸਰੁੱਲਾ ਨੂੰ ਮਿਲਣ ਪਾਕਿਸਤਾਨ ਪਹੁੰਚ ਗਈ ਹੈ। ਉਹ ਉਸ ਨਾਲ ਵਿਆਹ ਕਰਨ ਜਾ ਰਹੀ ਹੈ। 25 ਜੁਲਾਈ ਨੂੰ ਅੰਜੂ ਨੇ ਨਸਰੁੱਲਾ ਨਾਲ ਵਿਆਹ ਕਰਵਾ ਲਿਆ। ਉਹ ਅੰਜੂ ਤੋਂ ਫਾਤਿਮਾ ਬਣੀ।