ਨਿਊਯਾਰਕ, 29 ਨਵੰਬਰ (ਪੋਸਟ ਬਿਊਰੋ): ਅਮਰੀਕੀ ਫੌਜੀ ਜਹਾਜ਼ ਸੀਵੀ-22 ਓਸਪ੍ਰੇ ਬੁੱਧਵਾਰ 29 ਨਵੰਬਰ ਨੂੰ ਕਰੈਸ਼ ਹੋ ਗਿਆ। ਇੰਜਣ ਨੂੰ ਅੱਗ ਲੱਗਣ ਤੋਂ ਬਾਅਦ ਇਹ ਜਾਪਾਨ ਦੇ ਯਾਕੁਸ਼ੀਮਾ ਟਾਪੂ ਨੇੜੇ ਸਮੁੰਦਰ ਵਿੱਚ ਡਿੱਗ ਗਿਆ। ਜਹਾਜ਼ ਵਿਚ 6 ਲੋਕ ਸਵਾਰ ਸਨ।
ਜਾਣਕਾਰੀ ਅਨੁਸਾਰ ਮਛੇਰਿਆਂ ਨੇ ਸਮੁੰਦਰ ਕਿਨਾਰੇ ਇੱਕ ਵਿਅਕਤੀ ਨੂੰ ਬਚਾਇਆ ਹੈ। ਹਾਲਾਂਕਿ ਉਸ ਦੀ ਹਾਲਤ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ। ਰਿਪੋਰਟ ਮੁਤਾਬਕ ਯਾਕੁਸ਼ੀਮਾ ਟਾਪੂ ਨੇੜੇ ਜਹਾਜ਼ ਦਾ ਮਲਬਾ ਵੀ ਮਿਲਿਆ ਹੈ। ਜਾਪਾਨੀ ਮੀਡੀਆ ਮੁਤਾਬਕ ਅਮਰੀਕੀ ਫੌਜ ਦਾ ਜਹਾਜ਼ ਯਾਕੁਸ਼ੀਮਾ ਹਵਾਈ ਅੱਡੇ 'ਤੇ ਉਤਰਨ ਵਾਲਾ ਸੀ।
ਜਾਪਾਨ ਦੇ ਮੁੱਖ ਕੈਬਨਿਟ ਸਕੱਤਰ ਹਿਰੋਕਾਜ਼ੂ ਮਾਤਸੁਨੋ ਨੇ ਕਿਹਾ ਕਿ ਜਹਾਜ਼ ਯਾਮਾਗੁਚੀ ਦੇ ਇਵਾਕੁਨੀ ਬੇਸ ਤੋਂ ਓਕੀਨਾਵਾ ਦੇ ਕਡੇਨਾ ਬੇਸ ਵੱਲ ਜਾ ਰਿਹਾ ਸੀ। ਦੁਪਹਿਰ 2:40 ਵਜੇ (ਭਾਰਤੀ ਸਮੇਂ ਅਨੁਸਾਰ 11:10 ਵਜੇ) ਜਹਾਜ਼ ਰਾਡਾਰ ਤੋਂ ਗਾਇਬ ਹੋ ਗਿਆ।
ਇਸ ਤੋਂ ਠੀਕ 7 ਮਿੰਟ ਬਾਅਦ ਕੋਸਟ ਗਾਰਡ ਨੂੰ ਜਹਾਜ਼ ਦੇ ਕਰੈਸ਼ ਹੋਣ ਦੀ ਖਬਰ ਮਿਲੀ। ਜਾਣਕਾਰੀ ਮੁਤਾਬਕ ਹਾਦਸੇ ਦੀ ਖਬਰ ਮਿਲਦੇ ਹੀ 2 ਹੈਲੀਕਾਪਟਰ ਅਤੇ 6 ਕਿਸ਼ਤੀਆਂ ਨੂੰ ਬਚਾਅ ਕਾਰਜ ਲਈ ਭੇਜਿਆ ਗਿਆ।