ਮਾਸਕੋ, 28 ਨਵੰਬਰ (ਪੋਸਟ ਬਿਊਰੋ): ਰੂਸ ਅਤੇ ਯੂਕਰੇਨ ਦੀ ਲੜਾਈ ਦੇ ਵਿਚਕਾਰ, ਦੋਨਾਂ ਦੇਸ਼ਾਂ ਨੂੰ ਇੱਕ ਹੋਰ ਤਬਾਹੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਹ ਹੈ ਕਾਲੇ ਸਾਗਰ ਖੇਤਰ ਵਿੱਚ ਖਤਰਨਾਕ ਤੂਫਾਨ। ਇਸ ਤੂਫ਼ਾਨ ਦੀ ਰਫ਼ਤਾਰ ਅਤੇ ਭਾਰੀ ਮੀਂਹ ਨੇ ਭਾਰੀ ਤਬਾਹੀ ਮਚਾਈ ਹੈ। ਤੇਜ਼ ਹਨੇਰੀ ਕਾਰਨ ਸੜਕਾਂ ਛੱਪੜ ਬਣ ਗਈਆਂ, ਦਰੱਖਤ ਉੱਖੜ ਗਏ, ਬਿਜਲੀ ਦੀਆਂ ਤਾਰਾਂ ਟੁੱਟ ਗਈਆਂ। ਸਥਿਤੀ ਇਹ ਹੈ ਕਿ ਇਸ ਕਾਰਨ ਰੂਸ ਦੇ ਕਬਜ਼ੇ ਵਾਲੇ ਕ੍ਰੀਮੀਆ ਅਤੇ ਯੂਕਰੇਨ ਵਿੱਚ 5 ਲੱਖ ਤੋਂ ਵੱਧ ਲੋਕ ਬਿਜਲੀ ਤੋਂ ਬਿਨ੍ਹਾਂ ਰਹਿਣ ਲਈ ਮਜ਼ਬੂਰ ਹਨ। ਇਨਾ ਹੀ ਨਹੀਂ ਪਾਣੀ ਭਰਨ ਕਾਰਨ ਘੱਟੋ-ਘੱਟ ਤਿੰਨ ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਦੀ ਗਿਣਤੀ ਹੋਰ ਵਧ ਸਕਦੀ ਹੈ। ਤੂਫਾਨ ਕਾਰਨ 19 ਲੱਖ ਲੋਕ ਪ੍ਰਭਾਵਿਤ ਹੋਏ ਹਨ।
ਯੂਕਰੇਨ ਦੇ ਊਰਜਾ ਮੰਤਰਾਲੇ ਅਨੁਸਾਰ, ਉਖੜੇ ਦਰੱਖਤਾਂ ਅਤੇ ਡਿੱਗੀਆਂ ਬਿਜਲੀ ਦੀਆਂ ਲਾਈਨਾਂ ਨੇ ਬਿਜਲੀ ਸਬਸਟੇਸ਼ਨ ਫੇਲ੍ਹ ਹੋਣ ਕਾਰਨ ਖੇਤਰ ਵਿੱਚ ਲਗਭਗ 150,000 ਘਰ ਬਿਜਲੀ ਤੋਂ ਬਿਨ੍ਹਾਂ ਛੱਡ ਦਿੱਤੇ ਹਨ। ਓਡੇਸਾ, ਮਾਈਕੋਲਾਈਵ ਅਤੇ ਕੀਵ ਸਮੇਤ 16 ਯੂਕਰੇਨੀ ਖੇਤਰਾਂ ਦੇ ਦੋ ਹਜ਼ਾਰ ਤੋਂ ਵੱਧ ਕਸਬੇ ਅਤੇ ਪਿੰਡ ਐਤਵਾਰ ਰਾਤ ਅਤੇ ਸੋਮਵਾਰ ਦੀ ਸਵੇਰ ਨੂੰ ਬਿਜਲੀ ਤੋਂ ਬਿਨ੍ਹਾਂ ਸਨ।
ਰੂਸ ਦੀ ਰਾਸ਼ਟਰੀ ਮੌਸਮ ਵਿਗਿਆਨ ਸੇਵਾ ਦੇ ਮੁਖੀ ਦਾ ਕਹਿਣਾ ਹੈ ਕਿ ਕ੍ਰੀਮੀਆ ਵਿੱਚ ਆਇਆ ਤੂਫਾਨ ਸਭ ਤੋਂ ਸ਼ਕਤੀਸ਼ਾਲੀ ਸੀ। ਇਸ ਨਾਲ ਇੱਕ ਵਿਅਕਤੀ ਦੀ ਮੌਤ ਰਿਸਾਰਟ ਕਸਬੇ ਵਿੱਚ ਹੋਈ, ਦੂਜੀ ਰੂਸ ਦੇ ਕਬਜ਼ੇ ਵਾਲੇ ਕ੍ਰੀਮੀਆ ਵਿੱਚ ਅਤੇ ਇੱਕ ਤੀਸਰੇ ਵਿਅਕਤੀ ਦੀ ਮੌਤ ਕੇਰਚ ਵਿੱਚ ਇੱਕ ਜਹਾਜ਼ `ਤੇ ਹੋਈ, ਜੋ ਕ੍ਰੀਮੀਆ ਨੂੰ ਰੂਸੀ ਮੁੱਖ ਭੂਮੀ ਤੋਂ ਵੱਖ ਕਰਦੀ ਹੈ।