ਗਾਜ਼ਾ, 26 ਨਵੰਬਰ (ਪੋਸਟ ਬਿਊਰੋ) : ਇਜ਼ਰਾਈਲ ਤੇ ਹਮਸ ਦਰਮਿਆਨ ਜੰਗਬੰਦੀ ਦਰਮਿਆਨ ਐਤਵਾਰ ਨੂੰ ਅੱਤਵਾਦੀਆਂ ਵੱਲੋਂ 17 ਹੋਰ ਬੰਦੀਆਂ ਨੂੰ ਛੱਡਿਆ ਗਿਆ। ਇਨ੍ਹਾਂ ਵਿੱਚੋਂ 14 ਇਜ਼ਰਾਈਲੀ ਸਨ ਤੇ ਇੱਕ ਅਮਰੀਕੀ ਵਿਅਕਤੀ ਸੀ। ਚਾਰ ਰੋਜ਼ਾ ਜੰਗਬੰਦੀ ਦੌਰਾਨ ਤੀਜੀ ਵਾਰੀ ਬੰਦੀਆਂ ਨੂੰ ਰਿਹਾਅ ਕੀਤਾ ਗਿਆ ਹੈ।
ਰੈੱਡ ਕਰੌਸ ਦੇ ਨੁਮਾਇੰਦਿਆਂ ਵੱਲੋਂ ਬੰਦੀਆਂ ਨੂੰ ਗਾਜ਼ਾ ਤੋਂ ਬਾਹਰ ਪਹੁੰਚਾਇਆ ਗਿਆ। ਕਈਆਂ ਨੂੰ ਸਿੱਧਿਆਂ ਇਜ਼ਰਾਈਲ ਹਵਾਲੇ ਕਰ ਦਿੱਤਾ ਗਿਆ ਜਦਕਿ ਹੋਰਨਾਂ ਨੂੰ ਮਿਸਰ ਰਾਹੀਂ ਉੱਧਰ ਪਹੁੰਚਾਇਆ ਗਿਆ। ਇਜ਼ਰਾਈਲ ਦੀ ਫੌਜ ਨੇ ਆਖਿਆ ਕਿ ਇੱਕ ਵਿਅਕਤੀ ਨੂੰ ਏਅਰਲਿਫਟ ਕਰਕੇ ਸਿੱਧਾ ਹਸਪਤਾਲ ਪਹੁੰਚਾਇਆ ਗਿਆ।ਇਜ਼ਰਾਈਲੀ ਬੰਦੀਆਂ ਦੀ ਉਮਰ 4 ਤੋਂ 84 ਸਾਲ ਦਰਮਿਆਨ ਸੀ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਆਫਿਸ ਮੁਤਾਬਕ 17 ਸਾਲ ਤੇ ਇਸ ਤੋਂ ਘੱਟ ਉਮਰ ਦੇ ਨੌਂ ਬੱਚੇ ਇਸ ਲਿਸਟ ਵਿੱਚ ਸਨ। ਹਮਸ ਨੇ ਆਖਿਆ ਕਿ ਉਨ੍ਹਾਂ ਵੱਲੋਂ ਇੱਕ ਰੂਸੀ ਬੰਦੀ ਨੂੰ ਵੀ ਰਿਹਾਅ ਕੀਤਾ ਗਿਆ ਹੈ। ਅਮਰੀਕਾ ਦਾ ਕਹਿਣਾਂ ਹੈ ਕਿ ਇੱਕ 4 ਸਾਲਾ ਅਮਰੀਕੀ ਬੱਚੀ ਐਬੀਗੇਲ ਐਡਨ ਨੂੰ ਵੀ ਰਿਹਾਅ ਕੀਤਾ ਗਿਆ ਹੈ, ਉਸ ਦੇ ਮਾਪੇ ਇਸ 7 ਅਕਤੂਬਰ ਨੂੰ ਹੋਏ ਹਮਲੇ ਵਿੱਚ ਮਾਰੇ ਗਏ ਸਨ।
ਡੀਲ ਮੁਤਾਬਕ ਇਜ਼ਰਾਈਲ ਵੱਲੋਂ ਐਤਵਾਰ ਨੂੰ 39 ਫਲਸਤੀਨੀ ਕੈਦੀਆਂ ਨੂੰ ਛੱਡਿਆ ਜਾਣਾ ਸੀ। ਬੰਦੀਆਂ ਦੀ ਚੌਥੀ ਰਿਹਾਈ ਸੋਮਵਾਰ ਨੂੰ ਹੋਣ ਦੀ ਸੰਭਾਵਨਾ ਹੈ। ਇਹ ਜੰਗਬੰਦੀ ਦਾ ਆਖਰੀ ਦਿਨ ਵੀ ਹੈ। ਇਸ ਦੌਰਾਨ ਕੁੱਲ 50 ਬੰਦੀਆਂ ਤੇ 150 ਫਲਸਤੀਨੀ ਕੈਦੀਆਂ ਨੂੰ ਰਿਹਾਅ ਕੀਤਾ ਗਿਆ। ਇਨ੍ਹਾਂ ਵਿੱਚ ਸਾਰੀਆਂ ਮਹਿਲਾਵਾਂ ਤੇ ਨਾਬਾਲਗ ਹੀ ਸ਼ਾਮਲ ਸਨ।ਇੱਥੇ ਦੱਸਣਾ ਬਣਦਾ ਹੈ ਕਿ ਅਮਰੀਕਾ ਤੇ ਕਤਰ ਦੀ ਅਗਵਾਈ ਵਾਲੇ ਕੌਮਾਂਤਰੀ ਵਿਚੋਲੇ ਇਸ ਜੰਗਬੰਦੀ ਨੂੰ ਵਧਾਉਣ ਲਈ ਆਪਣਾ ਪੂਰਾ ਜ਼ੋਰ ਲਾ ਰਹੇ ਹਨ।