ਡਬਲਿਨ, 24 ਨਵੰਬਰ (ਪੋਸਟ ਬਿਊਰੋ): ਆਇਰਲੈਂਡ ਦੀ ਰਾਜਧਾਨੀ ਡਬਲਿਨ 'ਚ ਵੀਰਵਾਰ (23 ਨਵੰਬਰ) ਦੁਪਹਿਰ ਨੂੰ ਇਕ ਸਕੂਲ ਦੇ ਬਾਹਰ ਕਰੀਬ 5 ਲੋਕਾਂ 'ਤੇ ਚਾਕੂ ਨਾਲ ਹਮਲਾ ਕੀਤਾ ਗਿਆ। ਇਸ ਵਿਚ 3 ਬੱਚੇ ਸ਼ਾਮਿਲ ਹਨ। ਇੱਕ ਬੱਚੇ ਦੀ ਉਮਰ 5 ਸਾਲ ਦੱਸੀ ਜਾ ਰਹੀ ਹੈ। ਜਿਨ੍ਹਾਂ ਲੋਕਾਂ `ਤੇ ਹਮਲਾ ਹੋਇਆ ਹੈ ਉਹ ਸਾਰੇ ਜ਼ਖਮੀ ਹਨ। ਹਮਲੇ ਤੋਂ ਬਾਅਦ ਡਬਲਿਨ ਵਿੱਚ ਦੰਗੇ ਭੜਕ ਗਏ ਹਨ।
ਆਇਰਿਸ਼ ਪੁਲਿਸ ਨੇ ਇਸ ਮਾਮਲੇ ਵਿੱਚ ਇੱਕ ਸ਼ੱਕੀ ਨੂੰ ਹਿਰਾਸਤ ਵਿੱਚ ਲਿਆ ਹੈ। ਫਿਲਹਾਲ ਹਮਲੇ ਦਾ ਕਾਰਨ ਸਪੱਸ਼ਟ ਨਹੀਂ ਹੋ ਸਕਿਆ ਹੈ। ਪੁਲਿਸ ਨੂੰ ਸ਼ੱਕ ਹੈ ਕਿ ਇਹ ਕੋਈ ਅੱਤਵਾਦੀ ਘਟਨਾ ਵੀ ਹੋ ਸਕਦੀ ਹੈ। ਜਾਣਕਾਰੀ ਮੁਤਾਬਕ ਹਮਲੇ ਵਿੱਚ ਤਿੰਨ ਬੱਚੇ, ਇੱਕ ਔਰਤ ਅਤੇ ਇੱਕ ਆਦਮੀ ਜ਼ਖ਼ਮੀ ਹੋ ਗਏ।
ਇਸ ਘਟਨਾ ਤੋਂ ਬਾਅਦ ਪਾਰਨੇਲ ਸਕੁਏਅਰ 'ਤੇ ਕੁਝ ਲੋਕ ਇਕੱਠੇ ਹੋ ਗਏ ਅਤੇ ਪ੍ਰਵਾਸੀਆਂ ਖਿਲਾਫ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਦੀ ਪੁਲਿਸ ਨਾਲ ਝੜਪ ਹੋ ਗਈ ਅਤੇ ਉਨ੍ਹਾਂ ਦੀਆਂ ਗੱਡੀਆਂ ਨੂੰ ਅੱਗ ਲਗਾ ਦਿੱਤੀ। ਪੁਲਿਸ ਨੇ ਹੁਣ ਤੱਕ 34 ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫਤਾਰ ਕੀਤਾ ਹੈ।
ਸ਼ਹਿਰ ਵਿੱਚ ਕਈ ਥਾਵਾਂ ’ਤੇ ਭੰਨਤੋੜ, ਅੱਗਜ਼ਨੀ ਅਤੇ ਚੋਰੀ ਦੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ। ਪੁਲਿਸ ਨਾਲ ਝੜਪ ਵਿੱਚ ਕੁਝ ਲੋਕ ਜ਼ਖ਼ਮੀ ਵੀ ਹੋਏ ਹਨ। ਡਬਲਿਨ ਪੁਲਿਸ ਮੁਤਾਬਕ ਸ਼ਹਿਰ ਵਿੱਚ ਹੋ ਰਹੀ ਹਿੰਸਾ ਪਿੱਛੇ ਸੱਜੇ ਪੱਖੀ ਤੱਤਾਂ ਦਾ ਹੱਥ ਹੈ। ਇਨ੍ਹਾਂ ਦਾ ਇੱਕ ਗਰੁੱਪ ਇਨ੍ਹਾਂ ਹਮਲਿਆਂ ਨੂੰ ਅੰਜ਼ਾਮ ਦੇ ਰਿਹਾ ਹੈ।
ਕੁਝ ਪ੍ਰਦਰਸ਼ਨਕਾਰੀਆਂ ਨੇ 'ਆਇਰਿਸ਼ ਲਾਈਵਜ਼ ਮੈਟਰ' ਵਾਲੇ ਤਖ਼ਤੀਆਂ ਦੇ ਨਾਲ ਪ੍ਰਵਾਸੀ ਭਾਈਚਾਰੇ ਦੇ ਨੇੜੇ ਆਇਰਿਸ਼ ਝੰਡੇ ਲਹਿਰਾਏ। ਡਬਲਿਨ ਵਿੱਚ ਜਨਤਕ ਆਵਾਜਾਈ 'ਤੇ ਪਾਬੰਦੀ ਲਗਾਈ ਗਈ ਹੈ। ਸ਼ਹਿਰ ਭਰ ਦੇ ਮਰੀਜ਼ਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਜਦੋਂ ਤੱਕ ਜ਼ਰੂਰੀ ਨਾ ਹੋਵੇ ਹਸਪਤਾਲ ਨਾ ਜਾਣ। ਸ਼ਹਿਰ ਵਿੱਚ ਅਮਨ-ਕਾਨੂੰਨ ਬਹਾਲ ਰੱਖਣ ਲਈ 400 ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਫਿਲਹਾਲ ਸ਼ਹਿਰ ਵਿੱਚ ਹਮਲੇ ਰੁਕ ਗਏ ਹਨ।