ਗਾਜ਼ਾ, 24 ਨਵੰਬਰ (ਪੋਸਟ ਬਿਊਰੋ) : ਇਜ਼ਰਾਈਲ ਤੇ ਹਮਸ ਦਰਮਿਆਨ ਚਾਰ ਦਿਨਾਂ ਲਈ ਜੰਗਬੰਦੀ ਸੁ਼ੱਕਰਵਾਰ ਨੂੰ ਸ਼ੁਰੂ ਹੋ ਗਈ ਹੈ। ਇਸ ਨਾਲ ਗਾਜ਼ਾ ਨੂੰ ਜਿਹੜੀ ਮਦਦ ਚਾਹੀਦੀ ਹੈ ਉਹ ਮਿਲਣੀ ਸੁ਼਼ਰੂ ਹੋ ਜਾਵੇਗੀ ਤੇ ਇਜ਼ਰਾਈਲ ਵੱਲੋਂ ਫੜ੍ਹੇ ਗਏ ਦਰਜਨਾਂ ਅੱਤਵਾਦੀ ਤੇ ਫਲਸਤੀਨੀਆਂ ਨੂੰ ਰਿਹਾਅ ਕਰਨ ਦਾ ਸਿਲਸਿਲਾ ਵੀ ਸ਼ੁਰੂ ਹੋ ਜਾਵੇਗਾ।
ਇਸ ਜੰਗਬੰਦੀ ਦੇ ਲਾਗੂ ਹੋਣ ਤੋਂ ਬਾਅਦ ਲੜਾਈ ਦੀ ਕੋਈ ਖਬਰ ਨਹੀਂ ਮਿਲੀ ਹੈ। ਇਸ ਨਾਲ ਗਾਜ਼ਾ ਦੇ 2·3 ਮਿਲੀਅਨ ਲੋਕਾਂ ਨੂੰ ਵੀ ਰਾਹਤ ਮਿਲੀ ਹੈ। ਇਜ਼ਰਾਈਲ ਵੱਲੋਂ ਲਗਾਤਾਰ ਕੀਤੀ ਜਾ ਰਹੀ ਬੰਬਾਰੀ ਕਰਕੇ ਇਨ੍ਹਾਂ ਲੋਕਾਂ ਦਾ ਬੁਰਾ ਹਾਲ ਹੋਇਆ ਪਿਆ ਸੀ ਤੇ ਇਨ੍ਹਾਂ ਲੋਕਾਂ ਦੀਆਂ ਮੁੱਢਲੀਆਂ ਲੋੜਾਂ ਵੀ ਪੂਰੀਆਂ ਨਹੀਂ ਸਨ ਹੋ ਰਹੀਆਂ। ਇਸ ਦੇ ਨਾਲ ਹੀ 7 ਅਕਤੂਬਰ ਨੂੰ ਹਮਸ ਵੱਲੋਂ ਬੰਦੀ ਬਣਾਏ ਗਏ ਆਪਣੇ ਰਿਸ਼ਤੇਦਾਰਾਂ ਦੀ ਕਿਸਮਤ ਨੂੰ ਲੈ ਕੇ ਵੀ ਇਜ਼ਰਾਈਲੀ ਪਰਿਵਾਰ ਕਾਫੀ ਪਰੇਸ਼ਾਨ ਸਨ। ਹੁਣ ਉਨ੍ਹਾਂ ਨੂੰ ਵੀ ਥੋੜ੍ਹੀ ਰਾਹਤ ਮਿਲੇਗੀ।
ਇਸ ਜੰਗਬੰਦੀ ਦੇ ਜਾਰੀ ਹੋਣ ਤੋਂ ਕੁੱਝ ਸਮੇਂ ਬਾਅਦ ਹੀ ਫਿਊਲ ਦੇ ਚਾਰ ਟੈਂਕਰਾਂ ਤੇ ਚਾਰ ਕੁਕਿੰਗ ਗੈਸ ਦੇ ਟੈਂਕਰ ਗਾਜ਼ਾ ਪੱਟੀ ਵਿੱਚ ਮਿਸਰ ਵਾਲੇ ਪਾਸਿਓਂ ਦਾਖਲ ਹੋਏ।ਜੰਗਬੰਦੀ ਦੌਰਾਨ ਇਜ਼ਰਾਈਲ ਨੇ 130,000 ਲੀਟਰ ਫਿਊਲ ਰੋਜ਼ਾਨਾ ਦੇਣ ਦੀ ਇਜਾਜ਼ਤ ਦਿੱਤੀ ਹੈ।ਅਜੇ ਵੀ ਇਹ ਫਿਊਲ ਕਾਫੀ ਘੱਟ ਹੈ ਕਿਉਂਕਿ ਇੱਕ ਅੰਦਾਜ਼ੇ ਮੁਤਾਬਕ ਗਾਜ਼ਾ ਨੂੰ ਇੱਕ ਮਿਲੀਅਨ ਲੀਟਰ ਤੋਂ ਵੱਧ ਫਿਊਲ ਰੋਜ਼ਾਨਾ ਚਾਹੀਦਾ ਹੈ।
ਇਜ਼ਰਾਈਲੀ ਫੌਜ ਨੇ ਦੱਖਣੀ ਗਾਜ਼ਾ ਵਿੱਚ ਲੀਫਲੈਟ ਸੁੱਟ ਕੇ ਹਜ਼ਾਰਾਂ ਬੇਘਰ ਹੋਏ ਫਲਸਤੀਨੀਆਂ ਨੂੰ ਇਹ ਚੇਤਾਵਨੀ ਦਿੱਤੀ ਹੈ ਕਿ ਉਹ ਟੈਰੇਟਰੀ ਦੇ ਉੱਤਰ ਵੱਲ ਆਪਣੇ ਘਰਾਂ ਵਿੱਚ ਨਾ ਪਰਤਣ। ਹਾਲਾਂਕਿ ਇਜ਼ਰਾਈਲ ਵੱਲੋਂ ਇਸ ਤਰ੍ਹਾਂ ਦੀਆਂ ਕੋਸਿ਼ਸ਼ਾਂ ਨੂੰ ਰੋਕਣ ਦੀ ਧਮਕੀ ਦਿੱਤੀ ਗਈ ਹੈ ਪਰ ਸੈਂਕੜੇ ਫਲਸਤੀਨੀਆਂ ਨੂੰ ਸ਼ੁੱਕਰਵਾਰ ਨੂੰ ਉੱਤਰ ਵੱਲ ਜਾਂਦਿਆਂ ਵੇਖਿਆ ਗਿਆ। ਇਜ਼ਰਾਈਲੀ ਸੈਨਿਕਾਂ ਵੱਲੋਂ ਦੋ ਨੂੰ ਗੋਲੀ ਮਾਰ ਦਿੱਤੀ ਗਈ ਤੇ 11 ਦੀਆਂ ਲੱਤਾਂ ਵਿੱਚ ਗੋਲੀ ਮਾਰ ਕੇ ਉਨ੍ਹਾਂ ਨੂੰ ਜ਼ਖ਼ਮੀ ਕਰ ਦਿੱਤਾ ਗਿਆ।