Welcome to Canadian Punjabi Post
Follow us on

27

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਸੰਪਾਦਕੀ

ਬੇਅਸੂਲੇ ਸਮਝੌਤਿਆਂ ਅਤੇ ਪੈਂਤੜਿਆਂ ਪਿੱਛੋਂ ਦਰਿਆਵਾਂ ਦੇ ਪਾਣੀ ਵਿੱਚ ਮਧਾਣੀ ਘੁੰਮਾਉਣ ਦੀ ਰਾਜਨੀਤੀ

October 09, 2023 01:15 AM

-ਜਤਿੰਦਰ ਪਨੂੰ
ਪੰਜਾਬ ਅਤੇ ਹਰਿਆਣਾ ਵਿਚਾਲੇ ਦਰਿਆਈ ਪਾਣੀਆਂ ਦੀ ਵੰਡ ਦੇ ਮਸਲੇ ਬਾਰੇ ਭਾਰਤ ਦੀ ਸੁਪਰੀਮ ਕੋਰਟ ਵਿੱਚੋਂ ਇੱਕ ਫੈਸਲਾ ਹੋਰ ਆ ਗਿਆ ਹੈ ਅਤੇ ਇਹ ਵੀ ਪਿਛਲੇ ਫੈਸਲਿਆਂ ਵਾਂਗ ਪੰਜਾਬ ਦੇ ਖਿਲਾਫ ਆਇਆ ਹੈ। ਜਿਵੇਂ ਹਮੇਸ਼ਾ ਤੋਂ ਹੁੰਦਾ ਆਇਆ ਹੈ, ਇਸ ਵਾਰੀ ਵੀ ਫੈਸਲਾ ਆਉਂਦੇ ਸਾਰ ਰਾਜਨੀਤੀ ਸਰਗਰਮ ਹੋਈ ਅਤੇ ਹਰ ਇੱਕ ਧਿਰ ਦਾ ਹਰ ਆਗੂ ਇੰਜ ਕੂਕ ਰਿਹਾ ਹੈ, ਜਿੱਦਾਂ ਪੰਜਾਬੀ ਦੇ ਇੱਕ ਅਖਾਣਮੁਤਾਬਕ ‘ਟਟੀਹਰੀ ਵਾਂਗ ਅਸਮਾਨ ਓਸੇ ਦੀਆਂ ਟੰਗਾਂ ਉੱਤੇ ਟਿਕਿਆ’ ਹੋਇਆ ਹੋਵੇ। ਅਸੀਂ ਪੰਜਾਬੀ ਲੋਕ ਅੱਜ ਤੱਕ ਇਹ ਗੱਲ ਨਹੀਂ ਸਮਝ ਸਕੇ ਕਿ ਹਿੰਦੀ ਦੇ ਅਖਾਣ ‘ਥੋਥਾ ਚਨਾ, ਬਾਜੇ ਘਨਾ’ ਦੇ ਅਰਥ ਇਹ ਵੀ ਨਿਕਲ ਸਕਦੇ ਹਨ ਕਿ ਜਿਸ ਕਿਸੇ ਦਾ ਜਿੰਨਾ ਵੱਧ ਕਸੂਰ ਹੁੰਦਾ ਹੈ, ਓਨਾ ਉਹ ਬਾਕੀਆਂ ਤੋਂ ਵੱਧ ਜ਼ੋਰ ਨਾਲ ਚੀਕ-ਚੀਕ ਕੇ ਆਪਣੇ ਆਪ ਨੂੰ ਬੇਗੁਨਾਹ ਦੱਸਣ ਅਤੇ ਬਾਕੀ ਸਾਰਿਆਂ ਨੂੰ ਦੋਸ਼ੀ ਕਰਾਰ ਦੇਣ ਵਾਲੀ ਦੁਹਾਈ ਪਾਉਂਦਾ ਹੈ। ਇਸ ਵਾਰੀ ਵੀ ਇਹੋ ਕੁਝ ਹੋ ਰਿਹਾ ਹੈ ਅਤੇ ਸਗੋਂ ਪਹਿਲਾਂ ਤੋਂ ਵੱਧ ਹੋ ਰਿਹਾ ਜਾਪਦਾ ਹੈ।
ਸਦੀਆਂ ਤੋਂ ਸਾਂਝੇ ਚੱਲਦੇ ਆਏ ਪੰਜਾਬ ਨਾਲ ਪਹਿਲੀ ਵਧੀਕੀ ਓਦੋਂ ਹੋ ਗਈ, ਜਦੋਂ ਭਾਰਤ ਦੇਸ਼ ਦੀ ਵੰਡ ਕਰਦੇ ਵਕਤ ਇਸ ਦਾ ਇੱਕ ਹਿੱਸਾ ਪਾਕਿਸਤਾਨ ਵਿੱਚ ਪਾ ਦਿੱਤਾ ਤੇ ਦੂਸਰਾ ਭਾਰਤ ਨਾਲ ਜੋੜ ਦਿੱਤਾ ਗਿਆ। ਕੁਝ ਲੋਕ ਕਹਿੰਦੇ ਹਨ ਕਿ ਓਦੋਂ ਭਾਰਤ ਨਾਲ ਨਹੀਂ ਸੀ ਜੁੜਨਾ ਚਾਹੀਦਾ, ਪਰ ਉਹ ਵੀ ਠੀਕ ਨਹੀਂ ਕਹਿ ਰਹੇ, ਪੰਜਾਬ ਲਈ ਹੋਰ ਬਦਲ ਵੀ ਕੋਈ ਨਹੀਂ ਸੀ। ਐਵੇਂ ਕਹਿਣ ਵਾਲੇ ਕਹਿਛੱਡਦੇ ਹਨ ਕਿ ਅੰਗਰੇਜ਼ ਵੱਖਰਾ ਰਾਜ ਦੇਣ ਲਈ ਤਿਆਰ ਸਨ, ਅਸਲ ਵਿੱਚ ਨਾ ਕੋਈ ਦੇਣ ਨੂੰ ਤਿਆਰ ਸੀ, ਨਾ ਲੈਣ ਵਾਲਿਆਂ ਨੂੰ ਠੀਕ ਲੱਗਦਾ ਸੀ ਕਿ ਆਪੋ ਵਿੱਚ ਨਿੱਤ ਦਿਨ ਲੜੀ ਜਾਣ ਵਾਲੀਆਂ ਦੋ ਧਿਰਾਂ ਵਿਚਾਲੇ ਦੁਵੱਲੀ ਕੁੱਟ ਖਾਣ ਲਈ ਅਸੀਂ ਬੈਠੇ ਹੋਈਏ, ਜਿਨ੍ਹਾਂ ਕੋਲ ਸਮੁੰਦਰ ਤੱਕ ਪਹੁੰਚਣ ਦਾ ਕੋਈ ਰਸਤਾ ਵੀ ਨਹੀਂ ਸੀ। ਜਿਹੜਾ ਪੰਜਾਬ ਰਹਿ ਗਿਆ, ਉਸ ਵਿੱਚੋਂ ਹਿਮਾਚਲ ਪ੍ਰਦੇਸ਼ ਅਤੇ ਫਿਰ ਹਰਿਆਣਾ ਕੱਟੇ ਗਏ ਅਤੇ ਇਸ ਕੱਟ ਲਈ ਉਨ੍ਹਾਂ ਦੋਵਾਂ ਰਾਜਾਂ ਦੇ ਲੋਕਾਂ ਨੇ ਕਦੀ ਵੀ ਮੰਗ ਨਹੀਂ ਸੀ ਕੀਤੀ, ਪੰਜਾਬੀ ਸੂਬਾ ਲੈਣ ਵਾਸਤੇ ਮੋਰਚੇ ਏਧਰਲਿਆਂ ਨੇ ਲਾਏ ਸਨ ਅਤੇ ਦਿੱਲੀ ਦੀਆਂ ਦੋਵੇਂ ਵੱਖੀਆਂ ਨੂੰ ਫੜੀ ਬੈਠਾ ਪੰਜਾਬ ਓਥੇ ਟਿਕਾਏ ਹੱਥ ਛੁਡਾ ਕੇ ਅੰਬਾਲੇ ਤੋਂ ਉਰਲੇ ਪਾਸੇ ਸ਼ੰਭੂ ਬੈਰੀਅਰ ਤੱਕ ਸੀਮਤ ਕਰ ਲਿਆ ਸੀ। ਜਦੋਂ ਹਰ ਸਾਂਝੀ ਚੀਜ਼ ਪੰਜਾਬ ਤੇ ਹਰਿਆਣੇ ਵਿੱਚ ਵੰਡੀ ਜਾਣ ਲੱਗੀ, ਰਾਜ ਦਾ ਸਿਵਲ ਸੈਕਟਰੀਏਟ ਅਤੇ ਵਿਧਾਨ ਸਭਾ ਵੀ ਕਮਰੇ ਗਿਣ ਕੇ ਅਤੇ ਫੁੱਟਾਂ ਨਾਲ ਜਗ੍ਹਾ ਮਿਣ ਕੇ ਵੰਡੇ ਗਏ ਤਾਂ ਪਾਣੀਆਂ ਦੀ ਵੰਡ ਦਾ ਮੁੱਦਾ ਵੀ ਉੱਠ ਪਿਆ। ਓਦੋਂ ਇਹ ਮੁੱਦਾ ਬਿਨਾਂ ਮੁਕਾਏ ਦਿੱਤਾ ਗਿਆ ਤੇ ਐਮਰਜੈਂਸੀ ਵੇਲੇ ਇੰਦਰਾ ਗਾਂਧੀ ਦੇ ਛੋਟੇ ਪੁੱਤਰ ਸੰਜੇ ਗਾਂਧੀ ਦੀ ਜਦੋਂ ਤੂਤੀ ਬੋਲਦੀ ਸੀ, ਉਸ ਵੇਲੇ ਪਾਣੀਆਂ ਦੀ ਵੰਡ ਦਾ ਐਵਾਰਡ ਕੇਂਦਰ ਸਰਕਾਰ ਨੇ ਇਸ ਤਰ੍ਹਾਂ ਜਾਰੀ ਕਰ ਦਿੱਤਾ ਕਿ ਚਿੱਟੇ ਦਿਨ ਪੰਜਾਬ ਦੀ ਜੇਬ ਕੱਟੀ ਜਾਣ ਵਾਲਾ ਹਾਲ ਹੋ ਗਿਆ। ਹਰਿਆਣੇ ਦਾ ਓਦੋਂ ਦਾ ਮੁੱਖ ਮੰਤਰੀ ਚੌਧਰੀ ਬੰਸੀ ਲਾਲ ਕਿਉਂਕਿ ਸੰਜੇ ਗਾਂਧੀ ਦੀ ਜੁੰਡੀ ਵਿੱਚ ਗਿਣਿਆ ਜਾਂਦਾ ਸੀ, ਉਹ ਆਪਣੀ ਮਰਜ਼ੀ ਪੁਗਾ ਗਿਆ ਤੇ ਪੰਜਾਬ ਦੇ ਕਾਂਗਰਸੀ ਆਗੂ ਕੁਝ ਬੋਲਣ ਜੋਗੇ ਨਾ ਹੋਣ ਕਾਰਨ ਇਸ ਨੂੰ ਭਾਣਾ ਮੰਨ ਕੇ ਚੁੱਪ ਕੀਤੇ ਰਹਿ ਗਏ।
ਐਮਰਜੈਂਸੀ ਦੇ ਬਾਅਦ ਰਾਜ ਬਦਲ ਗਿਆ ਤਾਂ ਜਿਹੜਾ ਅਕਾਲੀ ਦਲ ਇਸ ਦਾ ਵਿਰੋਧ ਕਰਦਾ ਰਿਹਾ ਸੀ, ਉਸ ਨੇ ਦੋ ਕੰਮ ਏਦਾਂ ਦੇ ਕਰ ਦਿੱਤੇ, ਜਿਹੜੇ ਪੰਜਾਬ ਦੇ ਭਲੇ ਵਾਲੇ ਨਹੀਂ ਸਨ। ਇੱਕ ਤਾਂ ਪਾਣੀਆਂ ਬਾਰੇ ਕੇਂਦਰ ਸਰਕਾਰ ਵੱਲੋਂ ਦਿੱਤੇ ਐਵਾਰਡ ਨੂੰ ਕੋਰਟ ਵਿੱਚ ਚੈਲਿੰਜ ਕਰ ਕੇ ਅਦਾਲਤੀ ਦਖਲ ਲਈ ਰਾਹ ਕੱਢ ਦਿੱਤਾ ਤੇ ਦੂਸਰਾ ਹਰਿਆਣੇ ਦੇ ਮੁੱਖ ਮੰਤਰੀ ਬਣੇ ਚੌਧਰੀ ਦੇਵੀ ਨਾਲ ਨਾਲ ਸਾਂਝ ਪੁਗਾਉਣ ਖਾਤਰ ਉਸ ਤੋਂ ਹਰਿਆਣੇ ਨੂੰ ਪਾਣੀ ਦੇਣ ਵਾਸਤੇ ਨਹਿਰ ਬਣਾਉਣ ਲਈ ਇੱਕ ਕਰੋੜ ਰੁਪਏ ਦੀ ਪੇਸ਼ਗੀ ਰਕਮ ਦਾ ਚੈੱਕ ਫੜ ਕੇ ਕੈਸ਼ ਕਰਵਾ ਲਿਆ। ਦੇਵੀ ਲਾਲ ਨੇ ਹਰਿਆਣੇ ਦੀ ਵਿਧਾਨ ਸਭਾ ਵਿੱਚ ਜਦੋਂ ਇਹ ਕਿਹਾ ਕਿ ਮੇਰਾ ਭਰਾ ਪੰਜਾਬ ਦਾ ਮੁੱਖ ਮੰਤਰੀ ਬਣਿਆ ਤਾਂ ਸਾਨੂੰ ਪਾਣੀ ਦੇਣ ਲਈ ਨਹਿਰ ਬਣਾਏ ਜਾਣ ਦੀ ਸ਼ੁਰੂਆਤ ਹੋਈ ਹੈ ਤਾਂ ਅਕਾਲੀ ਆਗੂਆਂ ਦੇ ਇੱਕ ਧੜੇ ਨੇ ਇਸ ਦੇ ਵਿਰੋਧ ਕਰਨ ਦੀ ਆਵਾਜ਼ ਚੁੱਕੀ। ਅਕਾਲੀ ਪਾਰਟੀ ਇਸ ਆਵਾਜ਼ ਨੂੰ ਆਪਣੀ ਅਧਿਕਾਰਤ ਆਵਾਜ਼ ਵੀ ਮੰਨਦੀ ਰਹੀ ਤੇ ਉਸ ਦੀ ਪੰਜਾਬ ਸਰਕਾਰ ਦਾ ਮੁਖੀ ਪੰਜਾਬ ਵਿੱਚੋਂ ਹਰਿਆਣੇ ਨੂੰ ਪਾਣੀ ਦੇਣ ਵਾਸਤੇ ਨਹਿਰ ਬਣਾਉਣ ਦਾ ਕੰਮ ਵੀ ਨਾਲ ਦੀ ਨਾਲ ਕਰੀ ਗਿਆ। ਜਿਹੜੀ ਸਤਲੁਜ-ਯਮਨਾ ਨਹਿਰ ਨੂੰ ਬਣਨ ਤੋਂ ਰੋਕਣ ਦੀਆਂ ਗੱਲਾਂ ਅੱਜ ਇਹ ਪਾਰਟੀ ਕਰਦੀ ਹੈ ਤੇ ਇਸ ਦੀ ਪਿਛਲੀ ਸਰਕਾਰ ਦੇ ਵਕਤ ਸੁਪਰੀਮ ਕੋਰਟ ਦੇ ਫੈਸਲੇ ਦਾ ਵਿਰੋਧ ਕਰਨ ਲਈ ਟਰੈਕਟਰਾਂ ਨਾਲ ਉਹ ਨਹਿਰ ਭਰਨ ਦੀ ਅਗਵਾਈ ਕੀਤੀ ਸੀ, ਉਸ ਨਹਿਰ ਦੇ ਲਈ ਜ਼ਮੀਨਾਂ ਵੀ ਇਸੇ ਪਾਰਟੀ ਦੇ 1977-80 ਵਾਲੇ ਰਾਜ ਦੌਰਾਨ ਅਕੁਆਇਰ ਕੀਤੀਆਂ ਗਈਆਂ ਸਨ।
ਫਿਰ ਹਾਲਾਤ ਬਦਲੇ ਤੇ ਪੰਜਾਬ ਵਿੱਚ ਕਾਂਗਰਸੀ ਸਰਕਾਰ ਬਣ ਗਈ। ਬਦਕਿਸਮਤੀ ਨਾਲ ਪੰਜਾਬੀਆਂ ਦੇ ਖਿਲਾਫ ਨਫਰਤ ਨਾਲ ਭਰਿਆ ਆਗੂ ਚੌਧਰੀ ਭਜਨ ਲਾਲ ਜਨਤਾ ਪਾਰਟੀ ਛੱਡ ਕੇ ਰਾਤੋ ਰਾਤ ਕਾਂਗਰਸੀ ਬਣ ਗਿਆ ਅਤੇ ਉਸ ਦੇ ਦਬਾਅ ਹੇਠ ਹਰਿਆਣੇ ਨੂੰ ਪਾਣੀ ਦੇਣ ਵਾਸਤੇਇੰਦਰਾ ਗਾਂਧੀ ਨਹਿਰ ਬਣਾਉਣ ਤੁਰ ਪਈ। ਪੰਜਾਬ ਕਾਂਗਰਸ ਦੇ ਜਿਹੜੇ ਆਗੂ ਓਦੋਂ ਇੰਦਰਾ ਗਾਂਧੀ ਦੀ ਅਗਵਾਨੀ ਵਾਸਤੇ ਓਥੇ ਪੈਲਾਂ ਪਾਉਂਦੇ ਫਿਰਦੇ ਸਨ, ਉਹ ਹੀ ਬਾਅਦ ਵਿੱਚ ਹਰਿਆਣੇ ਨੂੰ ਪਾਣੀ ਦੇਣ ਦਾ ਵਿਖਾਵੇ ਜੋਗਾ ਵਿਰੋਧ ਕਰਨ ਲੱਗ ਪਏ ਅਤੇ ਜਿਨ੍ਹਾਂ ਅਕਾਲੀਆਂ ਨੇ ਨਹਿਰ ਬਣਾਉਣ ਵਾਸਤੇ ਆਪ ਜ਼ਮੀਨ ਅਕੁਆਇਰ ਕਰ ਕੇ ਦਿੱਤੀ ਸੀ, ਉਹ ਇਸ ਦੇ ਵਿਰੁੱਧ ਮੋਰਚਾ ਲਾਉਣ ਨਿਕਲ ਪਏ। ਏਧਰ ਸਿਆਸਤ ਆਪਣੀ ਚਤਰਾਈ ਦੇ ਕ੍ਰਿਸ਼ਮੇ ਵਿਖਾਉਂਦੀ ਰਹੀ ਤੇ ਓਧਰ ਸੁਪਰੀਮ ਕੋਰਟ ਵਿੱਚ ਕੇਸ ਚੱਲਦਾ ਅਤੇ ਵਾਰ-ਵਾਰ ਪੰਜਾਬ ਦੇ ਖਿਲਾਫ ਫੈਸਲੇ ਹੋਣ ਦਾ ਚੱਕਰ ਚੱਲਦਾ ਰਿਹਾ। ਇੱਕ ਮੌਕੇ ਪੰਜਾਬ ਦਾ ਕੇਸ ਲੜਨ ਲਈ ਜਿਹੜੀ ਵਕੀਲਾਂ ਦੀ ਟੀਮ ਨੇ ਕਮਾਂਡ ਸੰਭਾਲੀ, ਉਸ ਟੀਮ ਦਾ ਮੁਖੀ ਹਰਿਆਣੇ ਦਾ ਵਕੀਲ ਸੀ। ਉਹ ਲੱਖ ਚੰਗਾ ਹੋਵੇ, ਜੇ ਉਹ ਪੰਜਾਬ ਲਈ ਕੇਸ ਜਿੱਤ ਜਾਂਦਾ ਤਾਂ ਇਸ ਪਿੱਛੋਂ ਜਦੋਂ ਕਦੀ ਕਿਸੇ ਖੁਸ਼ੀ-ਗਮੀ ਦੇ ਮੌਕੇ ਹਰਿਆਣੇ ਦੇ ਸਮਾਜਕ ਇਕੱਠਾਂ ਵਿੱਚ ਜਾਂਦਾ, ਓਥੇ ਲੋਕਾਂ ਨੇ ਉਸ ਨੂੰ ਇਹਕਿਹਾ ਕਰਨਾ ਸੀ ਕਿ ਤੇਰੇ ਕਾਰਨ ਸਾਡੇ ਹਰਿਆਣੇ ਦਾ ਨੁਕਸਾਨ ਹੋ ਗਿਆ ਹੈ ਤੇ ਕੋਈ ਵੀ ਬੰਦਾ ਸਾਰੀ ਉਮਰ ਏਦਾਂ ਦੀ ਅਣਸੁਖਾਵੀਂ ਸਥਿਤੀ ਆਪਣੇ ਲਈ ਕਦੀ ਪੈਦਾ ਨਹੀਂ ਕਰਨਾ ਚਾਹੇਗਾ। ਕਿੱਤੇ ਲਈ ਉਹ ਪੂਰਾ ਇਮਾਨਦਾਰ ਤੇ ਸਮੱਰਪਤ ਵੀ ਹੋਵੇ ਤਾਂ ਪੰਜਾਬ ਦੇ ਲੋਕਾਂ ਲਈ ਇਸ ਸ਼ੱਕ ਦੀ ਗੁੰਜਾਇਸ਼ ਹਰ ਹਾਲ ਰਹਿਣੀ ਸੀ ਤੇ ਜਦੋਂ ਪੰਜਾਬ ਉਹ ਕੇਸ ਹਾਰਿਆ ਸੀ ਤਾਂ ਇਸ ਦੇ ਬਾਅਦ ਏਥੇ ਰਾਜ ਸਰਕਾਰ ਦੇ ਖਿਲਾਫ ਘੱਟ ਤੇ ਉਸ ਵਕੀਲ ਦੇ ਬਾਰੇ ਵੱਧ ਚਰਚਾ ਹੁੰਦੀ ਰਹੀ ਸੀ।
ਪੰਜਾਬ ਦੇ ਖਿਲਾਫ ਸੁਪਰੀਮ ਕੋਰਟ ਦਾ ਪਹਿਲਾ ਫੈਸਲਾ ਓਦੋਂ ਆਇਆ ਸੀ, ਜਦੋਂ ਪ੍ਰਕਾਸ਼ ਸਿੰਘ ਬਾਦਲ ਤੀਸਰੀ ਵਾਰੀ ਰਾਜ ਦੀ ਕਮਾਨ ਸੰਭਾਲੀ ਬੈਠੇ ਸਨ ਤੇ ਅਗਲੀਆਂ ਵਿਧਾਨ ਸਭਾ ਚੋਣਾਂ ਵਿੱਚ ਕੁਝ ਹਫਤੇ ਹੀ ਬਾਕੀ ਸਨ। ਕੋਰਟ ਦਾ ਫੈਸਲਾ ਆਉਂਦੇ ਸਾਰ ਉਨ੍ਹਾਂ ਕਹਿ ਦਿੱਤਾ ਕਿ ਮੈਨੂੰ ਜੇਲ੍ਹ ਜਾਣ ਵਿੱਚ ਝਿਜਕ ਨਹੀਂ, ਪਰ ਅਦਾਲਤੀ ਹੁਕਮ ਮੈਂ ਲਾਗੂ ਨਹੀਂ ਹੋਣ ਦੇਣਾ। ਲੋਕਾਂ ਅੱਗੇ ਸੱਚੇ ਹੋਣ ਦਾ ਇਹ ਪੈਂਤੜਾ ਵੀ ਕੰਮ ਨਹੀਂ ਸੀ ਆ ਸਕਿਆ ਤੇ ਸਰਕਾਰ ਕਾਂਗਰਸ ਦੀ ਬਣ ਗਈ। ਸੁਪਰੀਮ ਕੋਰਟ ਦੇ ਫੈਸਲੇ ਲਈ ਰੀਵੀਊ ਦੀ ਅਰਜ਼ੀ ਪਾਈ ਤਾਂ ਦੋ ਸਾਲਾਂ ਬਾਅਦ ਫਿਰ ਉਹੀ ਫੈਸਲਾ ਆ ਗਿਆ। ਓਦੋਂ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਵਿੱਚ ਮਤਾ ਪਾਸ ਕਰ ਕੇ ਸਾਰੇ ਪਿਛਲੇ ਸਮਝੌਤੇ ਤੋੜਨ ਦਾ ਕਦਮ ਚੁੱਕ ਲਿਆ, ਜਿਸ ਨਾਲ ਵਿਰੋਧੀ ਧਿਰ, ਅਤੇ ਖਾਸ ਤੌਰ ਉੱਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਉਸ ਨਾਲ ਖੜੋ ਗਿਆ। ਇੱਕ ਜਣੇ ਨੇ ਮੁੱਖ ਮੰਤਰੀ ਹੁੰਦਿਆਂ ਹਰਿਆਣੇ ਨੂੰ ਪਾਣੀ ਭੇਜਣ ਵਾਸਤੇ ਨਹਿਰ ਪੁੱਟਣ ਲਈ ਜ਼ਮੀਨ ਅਕੁਆਇਰ ਕਰਵਾਈ ਸੀ ਅਤੇ ਦੂਸਰੇ ਨੇ ਇੰਦਰਾ ਗਾਂਧੀ ਵੱਲੋਂ ਐੱਸ ਵਾਈ ਐੱਲ (ਸਤਲੁਜ ਯਮਨਾ ਲਿੰਕ) ਨਹਿਰ ਦੀ ਉਸਾਰੀ ਲਈ ਪਹਿਲਾ ਟੱਕ ਲਾਉਣ ਆਈ ਇੰਦਰਾ ਗਾਂਧੀ ਦਾ ਸਾਥ ਦਿੱਤਾ ਸੀ, ਦੋਵੇਂ ਜਣੇ ਲੋਕਾਂ ਕੋਲ ਸੱਚੇ ਬਣਨ ਲਈ ਇੱਕ ਦੂਸਰੇ ਦੇ ਪੈਰ ਮਿੱਧਣ ਲੱਗ ਪਏ। ਵਿਧਾਨ ਸਭਾ ਵਿੱਚ ਬਿੱਲ ਪਾਸ ਕਰ ਕੇ ਸਾਰੇ ਸਮਝੌਤੇ ਤੋੜਨ ਦਾ ਉਹ ਫੈਸਲਾ ਵੀ ਟਿਕ ਨਹੀਂਸਕਿਆ ਅਤੇ ਸੁਪਰੀਮ ਕੋਰਟ ਨੇ ਇਸ ਦੇ ਵਿਰੁੱਧ ਹੁਕਮ ਓਦੋਂ ਦਾਗਿਆ ਸੀ, ਜਦੋਂ ਪ੍ਰਕਾਸ਼ ਸਿੰਘ ਬਾਦਲ ਦੀ ਪੰਜਵੀਂ ਸਰਕਾਰ ਦੀ ਮਿਆਦ ਪੁੱਗਣ ਵਿੱਚ ਕੁਝ ਹਫਤੇ ਬਾਕੀ ਸਨ। ਇਸ ਵਾਰੀ ਪਿਛਲੇ ਸਾਰੇ ਧੋਣ ਧੋਣ ਲਈ ਬਾਦਲ ਸਾਹਿਬ ਨੇ ਕਿਸਾਨਾਂ ਦੀਆਂ ਜ਼ਮੀਨਾਂ ਉਨ੍ਹਾਂ ਨੂੰ ਵਾਪਸ ਕਰਨ ਦਾ ਐਲਾਨ ਕਰ ਦਿੱਤਾ ਤੇ ਡਿਪਟੀ ਕਮਿਸ਼ਨਰਾਂ ਨੂੰ ਹੁਕਮ ਦੇ ਕੇ ਰਾਤੋ-ਰਾਤ ਇਹ ਕੰਮ ਨੇਪਰੇ ਚਾੜ੍ਹਨ ਤੁਰ ਪਏ। ਇਹੀ ਨਹੀਂ, ਨਹਿਰ ਦਾ ਪੰਜਾਬ ਵਿੱਚ ਬਣਿਆ ਪਿਆ ਹਿੱਸਾ ਟਰੈਕਟਰਾਂ ਅਤੇ ਜੇ ਸੀ ਬੀ ਮਸ਼ੀਨਾਂ ਨਾਲ ਢਾਹੁਣ ਲਈ ਆਪਣੀ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਨੂੰ ਮੈਦਾਨ ਵਿੱਚ ਕੱਢ ਲਿਆਂਦਾ, ਪਰ ਪੰਜਾਬ ਦੇ ਲੋਕਾਂ ਨੇ ਇਸ ਦੀ ਵੀ ਕਦਰ ਨਾ ਪਾਈ ਅਤੇ ਸਰਕਾਰ ਫਿਰ ਉਨ੍ਹਾਂ ਦੀ ਥਾਂ ਕੈਪਟਨ ਅਮਰਿੰਦਰ ਸਿੰਘ ਦੀ ਬਣ ਗਈ। ਪੰਜ ਸਾਲ ਕਾਂਗਰਸੀ ਆਗੂ ਟਾਹਰਾਂ ਮਾਰਦੇ ਰਹੇ, ਉਨ੍ਹਾਂ ਦੇ ਵਕੀਲ ਕੇਸਾਂ ਦੀ ਪੈਰਵੀ ਕਰਨ ਦੀ ਥਾਂ ਵਕਤ ਟਾਲਣ ਵਾਸਤੇ ਚਰਚਾ ਵਿੱਚ ਰਹੇ ਅਤੇ ਓਸੇ ਕੇਸ ਦਾਫੈਸਲਾ ਇਸ ਹਫਤੇ ਫਿਰ ਪੰਜਾਬ ਦੇ ਖਿਲਾਫ ਆ ਗਿਆ ਹੈ।
ਕੈਪਟਨ ਅਮਰਿੰਦਰ ਸਿੰਘ ਦੇ ਵਕਤ ਸੁਪਰੀਮ ਕੋਰਟ ਨੇ ਇੱਕ ਵਾਰੀ ਹਦਾਇਤ ਕੀਤੀ ਸੀ ਕਿ ਕੇਂਦਰੀ ਸਰਕਾਰ ਦੋਵਾਂ ਰਾਜਾਂ ਪੰਜਾਬ ਅਤੇ ਹਰਿਆਣੇ ਦੇ ਆਗੂਆਂ ਨਾਲ ਗੱਲਬਾਤ ਰਾਹੀਂ ਮਸਲਾ ਸੁਲਝਾਉਣ ਦਾ ਯਤਨ ਕਰੇ, ਪਰ ਕੇਂਦਰ ਸਰਕਾਰ ਨੇ ਕੁਝ ਕਰਨ ਦੀ ਲੋੜ ਨਾ ਸਮਝੀ। ਜਦੋਂ ਉਹ ਲੋਕ ਚਲੇ ਗਏ ਤਾਂ ਸੁਪਰੀਮ ਕੋਰਟ ਦੀ ਅਗਲੀ ਹਦਾਇਤ ਉੱਤੇ ਇਨ੍ਹਾਂ ਦੋਵਾਂ ਰਾਜਾਂ ਦੇ ਮੁੱਖ ਮੰਤਰੀਆਂ ਭਗਵੰਤ ਮਾਨ ਅਤੇ ਮਨੋਹਰ ਲਾਲ ਖੱਟਰ ਦੀ ਮੀਟਿੰਗ ਹੋਣ ਦਾ ਮੌਕਾ ਆ ਗਿਆ। ਪੁਆੜਾ ਪਿਛਲੀਆਂ ਦੋ ਪਾਰਟੀਆਂ ਕਾਂਗਰਸ ਤੇ ਅਕਾਲੀ ਦਲ ਦੇ ਆਗੂਆਂ ਦਾ ਪਾਇਆ ਪਿਆ ਸੀ, ਜਿ਼ੰਮਾ ਉਸ ਪਾਰਟੀ ਦੇ ਮੁੱਖ ਮੰਤਰੀ ਸਿਰ ਪੈ ਗਿਆ, ਜਿਹੜੀ ਪਾਰਟੀ ਬਣੀ ਨੂੰ ਹਾਲੇ ਬਾਰਾਂ ਸਾਲ ਨਹੀਂ ਸਨ ਹੋਏ ਅਤੇ ਉਨ੍ਹਾਂ ਦਾ ਇਸ ਮੁੱਦੇ ਨਾਲ ਕੋਈ ਪੁਰਾਣਾ ਰਿਸ਼ਤਾ ਵੀ ਨਹੀਂ ਸੀ। ਪਾਣੀਆਂ ਬਾਰੇ ਇੰਦਰਾ ਗਾਂਧੀ ਸਰਕਾਰ ਦਾ ਪਹਿਲਾ ਐਵਰਡ ਜਦੋਂ ਆਇਆ ਸੀ, ਓਦੋਂ ਭਗਵੰਤ ਮਾਨ ਅਜੇ ਤਿੰਨਾਂ ਸਾਲਾਂ ਦਾ ਨਹੀਂ ਹੋਇਆ ਹੋਣਾ। ਫਿਰ ਵੀ ਜਦੋਂ ਉਹ ਹਰਿਆਣੇ ਦੇ ਸਾਰੀ ਉਮਰ ਦੇ ਸੋਇਮਸੇਵਕ ਮੁੱਖ ਮੰਤਰੀ ਨਾਲ ਗੱਲ ਕਰਨ ਬੈਠਾ ਤਾਂ ਨਵਾਂ ਨੁਕਤਾ ਚੁੱਕ ਕੇ ਸਭ ਨੂੰ ਹੈਰਾਨ ਕਰ ਦਿਤਾ ਕਿ ਪੰਜਾਬ ਦੀ ਜਾਇਦਾਦ ਵੰਡਣ ਵਾਲਾ ਫਾਰਮੂਲਾ ਹੀ ਲਾਗੂ ਕਦੇ ਨਹੀਂ ਕੀਤਾ ਗਿਆ। ਉਸ ਨੇ ਕਿਹਾ ਕਿ ਜਦੋਂ ਸਿਵਲ ਸੈਕਟਰੀਏਟ ਤੇ ਵਿਧਾਨ ਸਭਾ ਦੀ ਸਾਂਝੀ ਜਾਇਦਾਦ ਵੰਡੀ ਗਈ ਅਤੇ ਹਰ ਹੋਰ ਜਾਇਦਾਦ ਵੀ ਜਿੰਨੀ ਕਿਸੇ ਥਾਂ ਸਾਂਝੀ ਸੀ, ਗਿਣਤੀਆਂ ਕਰ ਕੇ ਵੰਡੀ ਗਈ ਸੀ ਤਾਂ ਪਾਣੀ ਦੀ ਵੰਡ ਵੇਲੇ ਸਿਰਫ ਉਨ੍ਹਾਂ ਦਰਿਆਵਾਂ ਦਾ ਪਾਣੀ ਕਿਉਂ ਗਿਣਿਆ ਸੀ, ਜਿਹੜੇ ਏਧਰ ਪੈਂਦੇ ਸਨ, ਹਰਿਆਣੇ ਵਿੱਚ ਵਗਣ ਵਾਲਾ ਯਮਨਾ ਦਰਿਆ ਵੀ ਸਾਂਝੇ ਪੰਜਾਬ ਦਾ ਹਿੱਸਾ ਸੀ, ਉਸ ਵਿਚਲਾ ਪਾਣੀ ਕਿਉਂ ਨਾ ਇਸ ਵਿੱਚ ਰੱਖਿਆ ਗਿਆ ਤੇ ਜਿਹੜਾ ਘੱਗਰ ਦਰਿਆ ਵਗਣ ਵੇਲੇ ਕਦੀ ਸਾਡੇ ਵੱਲ ਤੇ ਕਦੀ ਹਰਿਆਣੇ ਵੱਲ ਜਾਂਦਾ ਆਖਰ ਨੂੰ ਹਰਿਆਣੇ ਵਿੱਚ ਜਾ ਪੈਂਦਾ ਹੈ, ਉਸ ਦਾ ਪਾਣੀ ਵਿੱਚ ਕਿਉਂ ਨਹੀਂ ਸੀ ਗਿਣਿਆ? ਇਸ ਨਾਲ ਹਰਿਅਣੇ ਦੇ ਆਗੂ ਕੋਈ ਵੀ ਦਲੀਲ ਦੇਣ ਜੋਗੇ ਨਾ ਰਹਿ ਗਏ ਅਤੇ ਇਹੋ ਕਹੀ ਜਾਣ ਕਿ ਭਗਵੰਤ ਮਾਨ ਗੱਲ ਤਿਲਕਾਉਣ ਦੇ ਦਾਅ ਖੇਡਦਾ ਹੈ।
ਇਸ ਪੜਾਅ ਉੱਤੇ ਪੰਜਾਬ ਦੇ ਲੋਕ ਇਹ ਸਮਝਣ ਲੱਗ ਪਏ ਕਿ ਨਵੀਂ ਸਰਕਾਰ ਪਾਣੀਆਂ ਦਾ ਕੇਸ ਸਿਦਕਦਿਲੀ ਤੇ ਸਾਬਤਕਦਮੀ ਨਾਲ ਲੜੇਗੀ ਅਤੇ ਇਸ ਵਾਰੀ ਸਾਨੂੰ ਮਾਰ ਨਹੀਂ ਪਵੇਗੀ। ਬਦਕਿਸਮਤੀ ਨਾਲ ਏਦਾਂ ਹੋਇਆ ਨਹੀਂ ਤੇ ਫਿਰ ਫੈਸਲਾ ਪੰਜਾਬ ਦੇ ਖਿਲਾਫ ਆ ਗਿਆ ਹੈ। ਚੰਡੀਗੜ੍ਹ ਤੋਂ ਦਿੱਲੀ ਤੱਕ ਚਰਚਾ ਹੈ ਕਿ ਸਰਕਾਰ ਦੇ ਅੰਦਰੋਂ ਸਾਬੋਤਾਜ ਕੀਤਾ ਗਿਆ ਹੈ। ਕੇਸ ਪੂਰੀ ਤਿਆਰੀ ਨਾਲ ਲੜਿਆ ਨਹੀਂ ਗਿਆ ਤੇ ਜਿਹੜਾ ਨਵਾਂ ਪੱਖ ਹਰਿਆਣੇ ਦੇ ਮੁੱਖ ਮੰਤਰੀ ਨਾਲ ਹੋਈ ਬੈਠਕ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਰੱਖਿਆ ਸੀ ਕਿ ਯਮਨਾ ਤੇ ਘੱਗਰ ਦਰਿਆਵਾਂ ਦਾ ਪਾਣੀ ਵੀ ਨਾਲ ਜੋੜ ਕੇ ਮੁੱਢ ਤੋਂ ਵਿਚਾਰਿਆ ਜਾਵੇ, ਉਸ ਉੱਤੇ ਜਿੰਨਾ ਜ਼ੋਰ ਦੇਣਾ ਚਾਹੀਦਾ ਸੀ, ਓਨਾ ਜ਼ੋਰ ਨਹੀਂ ਦਿੱਤਾ ਜਾਪਦਾ, ਤੇ ਚਰਚਾ ਹੈ ਕਿ ਇਹ ਸਭ ਕੁਝ ਇਸ ਕੇਸ ਨੂੰ ਕਾਨੂੰਨੀ ਪੱਖੋਂ ਕਮਾਂਡ ਕਰਦੀ ਟੀਮ ਵਿਚਲੇ ਕਿਸੇ ਨੇ ਕੀਤਾ ਹੈ। ਅਸੀਂ ਇਹ ਗੱਲ ਨਹੀਂ ਜਾਣਦੇ ਕਿ ਪੰਜਾਬ ਦੇ ਕੇਸ ਨੂੰ ਇਸ ਵਾਰੀ ਢਾਹ ਕਿਸ ਨੇ ਲਾਈ ਹੈ, ਪਰ ਇਹ ਕਹੇ ਬਿਨਾਂ ਨਹੀਂ ਰਹਿ ਸਕਦੇ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਅਕਸ ਵੀ ਇਸ ਨਾਲ ਸਵਾਲਾਂ ਦੇ ਘੇਰੇ ਹੇਠ ਆ ਗਿਆ ਹੈ। ਪਹਿਲੀਆਂ ਦੋਵਾਂ ਪਾਰਟੀਆਂ ਦੀ ਲੀਡਰਸਿ਼ਪ ਉੱਤੇ ਦੋਗਲੀ ਖੇਡ ਖੇਡਣ ਦੇ ਦੋਸ਼ ਲੱਗਦੇ ਸਨ ਤਾਂ ਇਸ ਪਾਰਟੀ ਦੇ ਬਾਰੇ ਵੀ ਲੋਕਾਂ ਨੂੰ ਇਹੋ ਗੱਲ ਕਹਿਣ ਤੋਂ ਰੋਕਿਆ ਨਹੀਂ ਜਾ ਸਕਦਾ। ਇਹਪਾਰਟੀ ਪਹਿਲਾਂ ਹੀ ਦਿੱਲੀ ਦੀ ਐਕਸਾਈਜ਼ ਪਾਲਸੀ ਦੇ ਮੁੱਦੇ ਵਾਸਤੇਕੇਂਦਰ ਸਰਕਾਰ ਨੇ ਨਿਸ਼ਾਨੇ ਉੱਤੇ ਰੱਖੀ ਹੋਣ ਕਾਰਨ ਕਸੂਤੀ ਫਸੀ ਪਈ ਹੈ, ਅੱਗੋਂ ਪਾਣੀਆਂ ਦੇ ਕੇਸ ਦੀ ਕਸੂਤੀ ਸੱਟ ਵੀ ਆਣ ਪਈ ਹੈ। ਕਿਸੇ ਨੇ ਉਸ ਦੀਆਂ ਮਜਬੂਰੀਆਂ ਨਹੀਂ ਵੇਖਣੀਆਂ, ਉਸ ਨੂੰ ਆਪਣੀ ਪਾਕ-ਦਾਮਨੀ ਦਾ ਪ੍ਰਭਾਵ ਕਾਇਮ ਰੱਖਣ ਵਾਸਤੇ ਲੋਕਾਂ ਅੱਗੇ ਮੈਦਾਨ ਵਿੱਚ ਆਉਣਾ ਪਵੇਗਾ। ਕੁਝ ਵੀ ਲੁਕਾਉਣ ਦਾ ਯਤਨ ਉਸ ਦੀ ਸ਼ਾਖ ਨੂੰ ਹੋਰ ਪ੍ਰਭਾਵਤ ਕਰੇਗਾ ਅਤੇ ਅਗਲੇ ਸਾਲ ਹੋਣ ਵਾਲੀ ਲੋਕ ਸਭਾ ਚੋਣ ਸਿਰ ਉੱਤੇ ਆਈ ਹੋਣ ਕਰ ਕੇ ਪੰਜਾਬ ਦੀ ਸਰਕਾਰ ਚਲਾ ਰਹੀ ਪਾਰਟੀ ਨੂੰ ਇਸ ਬਾਰੇ ਕਈ ਕੁਝ ਛੇਤੀ ਕਰ ਕੇ ਵਿਖਾਉਣ ਦੀ ਮਜਬੂਰੀ ਵੀ ਸਾਹਮਣੇ ਰਹੇਗੀ।
ਪੰਜਾਬ ਦੀ ਸਿਆਸਤ ਵਿੱਚ ਹਰ ਚੋਣ ਨੇੜੇ ਕੁਝ ਨਾ ਕੁਝ ਇਹੋ ਜਿਹਾ ਹੁੰਦਾ ਰਿਹਾ ਹੈ, ਜਿਸ ਨਾਲ ਸਾਰੇ ਹਾਲਾਤ ਉੱਤੇ ਕਈ ਵਾਰੀ ਕੋਈ ਇੱਕੋ ਮੁੱਦਾ ਭਾਰੂ ਹੋ ਜਾਂਦਾ ਹੈ। ਓਸੇ ਤਰ੍ਹਾਂ ਪੁਰਾਣੇ ਬੇਅਸੂਲੇ ਸਮਝੌਤਿਆਂ ਤੇ ਪੈਂਤੜਿਆਂ ਦੇ ਨਾਲ ਅਜੋਕੇ ਹਾਲਾਤ ਨੂੰ ਜੋੜੀਏ ਤਾਂ ਦਰਿਆਈ ਪਾਣੀਆਂ ਵਿੱਚ ਮਧਾਣੀ ਘੁੰਮਾਉਣ ਦੇ ਉਹ ਹਾਲਾਤ ਇੱਕ ਵਾਰ ਫਿਰ ਬਣ ਰਹੇ ਜਾਪਦੇ ਹਨ, ਜਿਹੜੇ ਅਗਲੇ ਦਿਨਾਂ ਵਿੱਚ ਕਿਸ ਪਾਸੇ ਜਾਣਗੇ, ਅੱਜ ਦੀ ਘੜੀ ਕਹਿ ਸਕਣਾ ਔਖਾ ਹੈ।

 
Have something to say? Post your comment
ਹੋਰ ਸੰਪਾਦਕੀ ਖ਼ਬਰਾਂ
ਫੋਨਾਂ ਤੇ ਟੈਕਸਟਿੰਗ ਨੂੰ ਪਾਸੇ ਰੱਖ ਕੇ ਆਪਣੇ ਬੱਚਿਆਂ ਨਾਲ ਜਾਤੀ ਮੇਲ ਮਿਲਾਪ ਨੂੰ ਤਰਜੀਹ ਦਿਉ, ਆਪਣੇ ਬੱਚੇ ਲਈ ਇੱਕ ਆਦਰਸ਼ ਪਰਿਵਾਰਕ ਮਾਹੌਲ ਬਣਾਉ ਮੁੱਖ ਮੰਤਰੀਆਂ ਦੀ ਮੀਟਿੰਗ ਵਿੱਚ ਪਾਣੀਆਂ ਬਾਰੇ ਪੰਜਾਬ ਦਾ ਪੱਖ ਹੋਰ ਵੀ ਮਜ਼ਬੂਤ ਹੋ ਗਿਐ ਭਾਰਤ ਵਿੱਚ ਅਧੋਗਤੀ ਵਰਤਾਰੇ ਲਈ ਧਰਮ ਨਿਰਪੱਖ ਧਿਰਾਂ ਵੀ ਘੱਟ ਜਿ਼ਮੇਵਾਰ ਨਹੀਂ ਭਾਰਤ ਲਈ ਹਨੇਰਾ ਸਮਾਂ ਹੈ, ਜਿੱਥੇ ਰਾਹ ਦਿਖਾਉਣ ਵਾਲਾ ਜੁਗਨੂੰ ਵੀ ਕੋਈ ਨਹੀਂ ਲੱਭਦਾ ਲੀਡਰਾਂ ਨੇ ਪੈਦਾ ਕੀਤੀ ਹੈ ‘ਕੋਈ ਲੀਡਰ ਭਰੋਸੇ ਦੇ ਯੋਗ ਨਹੀਂ’ ਵਾਲੀਆਮ ਲੋਕਾਂ ਦੀ ਮਾਨਸਿਕਤਾ ਆਉ ਇਸ ਦੀਵਾਲੀ ਤੇ ਇੰਨਸਾਨੀਅਤ ਦੇ ਨਾਤੇ ਪੂਰੇ ਸੰਸਾਰ ਲਈ ਅਮਨ – ਅਮਾਨ , ਸ਼ਾਤੀ ਲਈ ਅਰਦਾਸ ਕਰੀਏ ਵੱਖੋ-ਵੱਖੋ ਰਾਜਾਂ ਵਿੱਚ ਗਵਰਨਰਾਂ ਦੀ ਮੌਕੇ ਮੁਤਾਬਕ ਮਰਜ਼ੀ ਸੰਵਿਧਾਨ ਦੇ ਮੁਤਾਬਕ ਨਹੀਂ ਮੰਨੀ ਜਾ ਸਕਦੀ ਇਜ਼ਰਾਈਲ ਅਤੇ ਹਮਾਸ ਵਿਚਕਾਰ ਸੰਘਰਸ਼ ਨੂੰ ਸ਼ਾਂਤੀਪੂਰਵਕ ਹੱਲ ਕੀਤਾ ਜਾਣਾ ਚਾਹੀਦਾ ਹੈ ਟਰੂਡੋ ਵਲੋਂ ਭਾਰਤ ਤੇ ਲਾਏ ਹਰਦੀਪ ਸਿੰਘ ਨਿੱਜਰ ਕਤਲ ਦੇ ਦੋਸ਼ ਕਿੰਨੇ ਕੁ ਸਹੀ ? ਟਰੂਡੋ ਤੇ ਟਰੰਪ ਸੁਰਖ਼ੀਆਂ ‘ਚ ਰਹਿਣ ਵਾਲੇ ਲੀਡਰ