Welcome to Canadian Punjabi Post
Follow us on

15

February 2025
ਬ੍ਰੈਕਿੰਗ ਖ਼ਬਰਾਂ :
ਮੁੱਖ ਮੰਤਰੀ ਵੱਲੋਂ ਅਮਰੀਕਾ ਤੋਂ ਡਿਪੋਰਟ ਹੋਏ ਭਾਰਤੀਆਂ ਨੂੰ ਲਿਆ ਰਹੇ ਜਹਾਜ਼ ਨੂੰ ਮੁੜ ਅੰਮ੍ਰਿਤਸਰ ਵਿਖੇ ਉਤਾਰਨ ਬਾਰੇ ਕੇਂਦਰ ਦੇ ਫੈਸਲੇ ਦੀ ਜ਼ੋਰਦਾਰ ਮੁਖਾਲਫ਼ਤਅਮਰੀਕਾ ਤੋਂ ਡਿਪੋਰਟ ਕੀਤੇ ਗਏ ਗੈਰ-ਕਾਨੂੰਨੀ ਭਾਰਤੀ ਪ੍ਰਵਾਸੀਆਂ ਨੂੰ ਲੈ ਕੇ ਕੱਲ੍ਹ ਭਰੀ ਜਾਵੇਗੀ ਦੂਜੀ ਉਡਾਨਕੈਨੇਡਾ ਅਮਰੀਕਾ ਨਾਲ ਵਪਾਰ ਸਮਝੌਤੇ ‘ਤੇ ਮੁੜ ਗੱਲਬਾਤ ਲਈ ਹਮੇਸ਼ਾ ਤਿਆਰ : ਆਨੰਦਬਾਰਡਰ ਗਾਰਡ ਹੁਣ ਅਸਥਾਈ ਵੀਜ਼ੇ ਕਰ ਸਕਣਗੇ ਰੱਦਟਰੰਪ ਨੇ ਭਾਰਤੀ-ਅਮਰੀਕੀ ਪਾਲ ਕਪੂਰ ਨੂੰ ਦੱਖਣ ਏਸਿ਼ਆਈ ਮਾਮਲਿਆਂ ਲਈ ਸਹਾਇਕ ਵਿਦੇਸ਼ ਮੰਤਰੀ ਨਾਮਜ਼ਦ ਕੀਤਾਟਰੰਪ ਵੱਲੋਂ ਪ੍ਰਧਾਨ ਮੰਤਰੀ ਮੋਦੀ ਦਾ ਨਿੱਘਾ ਸਵਾਗਤ, ਕਿਹਾ- ਮੋਦੀ ‘ਮਹਾਨ ਦੋਸਤ’ ਤੇ ‘ਸ਼ਾਨਦਾਰ’ ਆਦਮੀ ਮਸਕ ਨੇ ਦਿੱਤਾ ਅਮਰੀਕਾ ’ਚ ਸਾਰੀਆਂ ਏਜੰਸੀਆਂ ਭੰਗ ਕਰਨ ਦਾ ਸੱਦਾਪ੍ਰਧਾਨ ਮੰਤਰੀ ਮੋਦੀ ਨੇ ਸਪੇਸਐਕਸ ਦੇ ਸੀਈਓ ਐਲਨ ਮਸਕ ਨਾਲ ਕੀਤੀ ਮੁਲਾਕਾਤ
 
ਸੰਪਾਦਕੀ

ਭਾਰਤ ਵਿੱਚ ਅਧੋਗਤੀ ਵਰਤਾਰੇ ਲਈ ਧਰਮ ਨਿਰਪੱਖ ਧਿਰਾਂ ਵੀ ਘੱਟ ਜਿ਼ਮੇਵਾਰ ਨਹੀਂ

December 12, 2023 12:33 AM

-ਜਤਿੰਦਰ ਪਨੂੰ
ਦਸੰਬਰ ਚੜ੍ਹਦੇ ਸਾਰ ਨਿਕਲੇ ਪੰਜ ਰਾਜਾਂ ਦੇ ਚੋਣ ਨਤੀਜੇ ਵਿੱਚ ਤਿੰਨ ਰਾਜਾਂ ਵਿੱਚ ਭਾਰਤੀ ਜਨਤਾ ਪਾਰਟੀ ਜਿੱਤਣ ਵਿੱਚ ਕਾਮਯਾਬ ਰਹੀ ਹੈ, ਜਿਨ੍ਹਾਂ ਵਿੱਚੋਂ ਇੱਕ ਮੱਧ ਪ੍ਰਦੇਸ਼ ਉਸ ਕੋਲ ਪਹਿਲਾਂ ਸੀ ਅਤੇ ਛੱਤੀਸਗੜ੍ਹ ਅਤੇ ਰਾਜਸਥਾਨ ਉਸ ਨੇ ਕਾਂਗਰਸ ਪਾਰਟੀ ਤੋਂ ਹੋਰ ਖੋਹ ਲਏ ਹਨ। ਕਾਂਗਰਸ ਪਾਰਟੀ ਦੀ ਲੀਡਰਸਿ਼ਪ ਦੇ ਡਿੱਗਦੇ ਦਿਲ ਨੂੰ ਠੁੰਮ੍ਹਣਾ ਦੇਣ ਲਈ ਦੱਖਣੀ ਰਾਜ ਤੇਲੰਗਾਨਾ ਵਿੱਚ ਮਿਲੀ ਜਿੱਤ ਕਿੰਨੀ ਅਸਰਦਾਰ ਹੈ, ਪਤਾ ਨਹੀਂ, ਪਰ ਇਸ ਨਾਲ ਦੇਸ਼ ਵਿੱਚ ਜਿਹੜਾ ਮਾਹੌਲ ਅਗਲੀਆਂਪਾਰਲੀਮੈਂਟ ਚੋਣਾਂਦੇ ਮੁਕਾਬਲੇ ਤੋਂ ਪਹਿਲਾਂ ਬਣ ਗਿਆ ਹੈ, ਉਹ ਧਰਮ-ਨਿਰਪੱਖ ਧਿਰਾਂ ਦੇ ਕਈ ਸਮੱਰਥਕਾਂ ਨੂੰ ਮਾਨਸਿਕ ਸੱਟ ਮਾਰਨ ਵਾਲਾ ਮੰਨਿਆ ਗਿਆ ਹੈ। ਪੰਜਵੇਂ ਰਾਜ ਮੀਜ਼ੋਰਮ ਵਿੱਚ ਕੌਣ ਜਿੱਤ ਗਿਆਅਤੇ ਕੌਣ ਹਾਰਿਆ ਹੈ, ਇਸ ਨਾਲ ਬਾਕੀ ਦੇਸ਼ ਦੇ ਲੋਕਾਂ ਨੂੰ ਖਾਸ ਫਰਕ ਨਹੀਂ ਪੈਣਾ। ਆਸਾਮ ਤੋਂ ਪਰੇ ‘ਸੈਵਨ ਸਿਸਟਰਜ਼’ ਆਖੇ ਜਾਂਦੇ ਸੱਤਾਂ ਰਾਜਾਂ ਵਿੱਚ ਇੱਕ ਤਾਂ ਪਾਰਲੀਮੈਂਟ ਦੀਆਂ ਸੀਟਾਂ ਘੱਟ ਹਨ, ਜਿਹੜੀਆਂ ਦੇਸ਼ ਦੀ ਸੱਤਾ ਲਈ ਸੰਘਰਸ਼ ਦੇ ਮੌਕੇ ਅਸਰ ਪਾ ਸਕਦੀਆਂ ਹੋਣਅਤੇ ਦੂਸਰਾ ਉਨ੍ਹਾਂ ਰਾਜਾਂ ਦੀ ਰਾਜਨੀਤੀ ਵਿੱਚ ਕੌਮੀ ਪਾਰਟੀਆਂ ਦਾ ਬਹੁਤਾ ਬੋਲਬਾਲਾ ਵੀ ਕਦੇ ਦਿਖਾਈ ਨਹੀਂ ਦਿੱਤਾ, ਬਹੁਤਾ ਕਰ ਕੇ ਸਥਾਨਕ ਪਾਰਟੀਆਂ ਵਿਚਾਲੇ ਸੰਘਰਸ਼ ਹੁੰਦਾ ਰਹਿੰਦਾ ਹੈ। ਉਨ੍ਹਾਂ ਵਿੱਚੋਂ ਜਿਹੜੀ ਕੋਈ ਧਿਰ ਕਦੀ ਕਿਸੇ ਕੌਮੀ ਪਾਰਟੀ ਨਾਲ ਖੁਦ ਜੁੜਦੀ ਹੈ ਜਾਂ ਉਸ ਵਿੱਚੋਂ ਟੁੱਟੇ ਕੁਝ ਬੰਦੇ ਜੁੜਦੇ ਹਨ, ਅਗਲੀ ਵਾਰ ਵੀ ਉਹ ਕੌਮੀ ਰਾਜਨੀਤੀ ਦਾ ਹਿੱਸਾ ਬਣੇ ਰਹਿਣਗੇ ਜਾਂ ਖੇਤਰੀ ਪਾਰਟੀ ਵਿੱਚ ਮੁੜ ਆਉਣਗੇ ਜਾਂ ਕੋਈ ਨਵੀਂ ਪਾਰਟੀ ਬਣਾ ਲੈਣਗੇ, ਇਸ ਬਾਰੇ ਕਦੀ ਕੋਈ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। ਉਨ੍ਹਾਂ ਦੀਆਂ ਆਪਣੀਆਂ ਖੇਤਰੀ ਲੋੜਾਂ ਹਨ। ਭਾਰਤ ਦੀ ਵਾਗਡੋਰ ਆਪਣੇ ਹੱਥੀਂ ਰੱਖਣ ਜਾਂ ਕਿਸੇਦੂਸਰੇ ਤੋਂ ਖੋਹਣ ਦੀ ਲੜਾਈ ਵਾਲੇ ਰਾਜਾਂ ਵਿੱਚੋਂ ਚਹੁੰ ਦਾ ਨਤੀਜਾ ਧਰਮ-ਨਿਰੱਪਖਤਾ ਦਾ ਦਾਅਵਾ ਕਰਦੀਆਂ ਧਿਰਾਂ ਲਈ ਨਾ ਸਿਰਫ ਚੰਗਾ ਨਹੀਂ ਸੀ ਆਇਆ, ਸਗੋਂ ਉਨ੍ਹਾਂ ਦੇ ਰਾਜਨੀਤਕ ਪੈਂਤੜਿਆਂ ਦੇ ਅਸਫਲ ਰਹਿਣ ਦੀ ਲਗਾਤਾਰਤਾ ਦਾ ਇੱਕ ਹੋਰ ਸ਼ਰਮਿੰਦਗੀ ਭਰਪੂਰ ਸਰਟੀਫਿਕੇਟ ਵੀ ਪੇਸ਼ ਕਰਨ ਵਾਲਾ ਹੈ।
ਸਭ ਨੂੰ ਪਤਾ ਹੈ ਕਿ ਪਿਛਲੇ ਸਮੇਂ ਵਿੱਚ ਧਰਮ-ਨਿਰਪੱਖ ਧਿਰਾਂ ਨੇ ‘ਇੰਡੀਆ’ ਨਾਂਅ ਦਾ ਗੱਠਜੋੜ ਜਦੋਂ ਭਾਰਤ ਦੇ ਲੋਕਾਂ ਸਾਹਮਣੇ ਪੇਸ਼ ਕੀਤਾ ਸੀ ਤਾਂ ਇਹ ਵਾਅਦਾ ਕੀਤਾ ਸੀ ਕਿ ਦੇਸ਼ ਦੇ ਭਲੇ ਭਵਿੱਖ ਲਈ ਇਸ ਗੱਠਜੋੜ ਦੇ ਨੇਤਾ ਅੱਗੇ ਤੋਂ ਆਪੋ ਵਿੱਚ ਤਾਲਮੇਲ ਕਰ ਕੇ ਚੱਲਣਗੇ। ਵਾਅਦੇ ਕਰਨੇ ਹੋਰ ਗੱਲ ਤੇ ਉਨ੍ਹਾਂ ਉੱਤੇ ਪਹਿਰੇਦਾਰੀ ਦਾ ਅਮਲ ਹੋਰ ਹੋਣ ਵਾਲਾ ਬੀਤੇ ਸਮੇਂ ਦਾ ਤਜਰਬਾ ਉਨ੍ਹਾਂ ਨੇ ਇਸ ਵਾਰ ਵੀ ਦੇਸ਼ ਦੇ ਲੋਕਾਂ ਸਾਹਮਣੇ ਪੇਸ਼ ਕੀਤਾ ਸੀਅਤੇ ਫਿਰ ਨਤੀਜੇ ਵਜੋਂ ਸਾਰੀਆਂ ਧਿਰਾਂ ਸੱਟ ਖਾ ਕੇ ਇੱਕ ਦੂਸਰੀ ਨੂੰ ਕੋਸਣ ਜੋਗੀਆਂ ਰਹਿ ਗਈਆਂ ਹਨ। ਵਿਧਾਨ ਸਭਾ ਚੋਣਾਂ ਵਾਸਤੇ ਇਨ੍ਹਾਂ ਪੰਜਾਂ ਰਾਜਾਂ ਵਿੱਚੋਂ ਕਿਸੇ ਵਿੱਚ ਵੀ ਇਨ੍ਹਾਂ ਦਾ ਤਾਲਮੇਲ ਨਹੀਂ ਬਣਿਆ ਤੇ ਇਹ ਸਭ ਧਿਰਾਂ ਇੱਕ-ਦੂਸਰੇ ਦੀ ਮੁਸ਼ਕਲ ਵਧਾਉਣ ਲੱਗੀਆਂ ਰਹੀਆਂ ਸਨ। ਕਾਂਗਰਸ ਪਾਰਟੀ ਲਗਾਤਾਰ ਇਸ ਯਤਨ ਵਿੱਚ ਰਹੀ ਕਿ ਕਿਸੇ ਤਰ੍ਹਾਂ ਪਹਿਲਾਂ ਤੋਂ ਆਪਣੇ ਕਬਜ਼ੇ ਵਾਲੇ ਰਾਜਸਥਾਨ ਅਤੇ ਛੱਤੀਸਗੜ੍ਹ ਬਚਾ ਕੇ ਘੱਟੋ-ਘੱਟ ਇੱਕ ਹੋਰ ਮੱਧ ਪ੍ਰਦੇਸ਼ ਜਾਂ ਤੇਲੰਗਾਨਾ ਦਾ ਰਾਜ ਜੋੜ ਕੇ ਆਪਣੇ ਆਪ ਨੂੰ ਬਾਕੀਆਂ ਤੋਂ ਤਕੜੀ ਸਾਬਤ ਕਰ ਸਕੇ ਤੇ ਇਸ ਵਡੱਪਣ ਦੇ ਸਹਾਰੇ ਆਪਣੇ ਉਸ ‘ਰਾਜਕੁਮਾਰ’ ਰਾਹੁਲ ਗਾਂਧੀ ਲਈ ਸਾਰੀਆਂ ਧਿਰਾਂ ਦੀ ਅਗਵਾਈ ਦਾ ਹੱਕ ਮੰਨਵਾ ਸਕੇ, ਜਿਹੜਾ ਕਦੀ ਕਿਸੇ ਮੋਰਚੇ ਉੱਤੇ ਸਫਲ ਨਹੀਂ ਹੋਇਆ। ਇਸ ਦੇ ਉਲਟ ਬਾਕੀ ਪਾਰਟੀਆਂ ਨੂੰ ਇਹ ਚਿੰਤਾ ਬਣੀ ਰਹੀ ਕਿ ਕਾਂਗਰਸ ਏਨੀ ਵੱਡੀ ਵੀ ਨਾ ਹੋ ਜਾਵੇ ਕਿ ਸਾਨੂੰ ਟਿੱਚ ਜਾਨਣ ਲੱਗ ਪਏ ਅਤੇ ਲੋਕ ਸਭਾ ਲਈ ਸੀਟਾਂ ਦੀ ਵੰਡ ਵਿੱਚ ਗੱਠਜੋੜ ਦੀਆਗੂ ਮੰਨਣੀ ਪੈ ਜਾਵੇ। ਦੋਵਾਂ ਧਿਰਾਂ ਵਿੱਚ ਇਹੋ ਜਿਹੀ ਖਿੱਚੋਤਾਣ ਪਹਿਲਾਂ ਇਨ੍ਹਾਂ ਰਾਜਾਂ ਵਿੱਚ ਕਿਸੇ ਤਾਲਮੇਲ ਦੀਆਂ ਜੜ੍ਹਾਂ ਟੁੱਕਣ ਵਾਲੀ ਸਾਬਤ ਹੋਈ ਤੇ ਫਿਰ ਇੱਕ-ਦੂਸਰੇ ਦੇ ਮੁਕਾਬਲੇ ਚਲਾਈ ਗਈ ਚੋਣ ਮੁਹਿੰਮ ਵਿੱਚ ਭਾਜਪਾ ਨਾਲੋਂ ਵੱਧ ਆਪਸੀ ਦੂਸ਼ਣਬਾਜ਼ੀ ਕਰਨ ਤੱਕ ਲੈ ਗਈ।
ਉਂਜ ਇਹ ਕੋਈ ਇਨ੍ਹਾਂ ਧਰਮ-ਨਿਰਪੱਖ ਅਖਵਾਉਂਦੀਆਂ ਧਿਰਾਂ ਦਾ ਨਵਾਂ ਤਜਰਬਾ ਨਹੀਂ, ਦੇਸ਼ ਆਜ਼ਾਦ ਹੋਣ ਦੇ ਦਿਨਾਂ ਤੋਂ ਧਰਮ-ਨਿਰਪੱਖ ਧਿਰਾਂ ਦੀ ਦੂਸਰਿਆਂ ਨੂੰ ਪਾਸੇ ਧੱਕ ਕੇ ਖੁਦ ਰਾਜ ਸਾਂਭਣ ਦੀ ਲੜਾਈ ਹੀ ਅਜੋਕੇ ਪੜਾਅ ਤੱਕ ਲਿਆਈ ਹੈ। ਅੱਜ ਜਦੋਂ ਭਾਜਪਾ ਜਾਂ ਉਸ ਨਾਲ ਜੁੜੇ ਹੋਏ ਲੋਕ ਇੰਦਰਾ ਗਾਂਧੀ ਤੋਂ ਪਿੱਛੋਂ ਜਵਾਹਰ ਲਾਲ ਨਹਿਰੂ ਤੇ ਫਿਰ ਮਹਾਤਮਾ ਗਾਂਧੀ ਬਾਰੇਊਜਾਂ ਲਾਈ ਜਾਂਦੇ ਹਨ ਤਾਂ ਧਰਮ-ਨਿਰਪੱਖ ਧਿਰਾਂ ਨੂੰ ਮਿਰਚਾਂ ਲੱਗਦੀਆਂ ਹਨ, ਪਰ ਭਾਜਪਾ ਬਣਨ ਤੋਂ ਪਹਿਲਾਂ ਜਦੋਂ ਅਜੇ ਜਨ ਸੰਘ ਹੁੰਦੀ ਸੀ, ਇਨ੍ਹਾਂ ਧਰਮ-ਨਿਰਪੱਖ ਧਿਰਾਂ ਦੇ ਆਗੂ ਖੁਦ ਨਹਿਰੂ ਤੇ ਗਾਂਧੀ ਦੇ ਕਿਰਦਾਰਾਂ ਵਿੱਚ ਨੁਕਸ ਕੱਢਣ ਦਾ ਕੰਮ ਕਰਿਆ ਕਰਦੇ ਸਨ। ਫਿਰ ਇੰਦਰਾ ਗਾਂਧੀ ਦੇ ਉਭਾਰ ਮਗਰੋਂ ਇਨ੍ਹਾਂ ਧਰਮ-ਨਿਰਪੱਖ ਧਿਰਾਂ ਨੇ ਉਸ ਅੰਦਰ ਉੱਭਰੀਆਂ ਤਾਨਾਸ਼ਾਹੀ ਤੇ ਪਰਵਾਰਵਾਦ ਦੀਆਂ ਰੁਚੀਆਂ ਦੀ ਵਿਰੋਧਤਾ ਦੇ ਨਾਂਅ ਉੱਤੇ ਭਾਜਪਾ ਦੇ ਪਹਿਲੇ ਰੂਪ ਜਨ ਸੰਘ ਨਾਲ ਸਮਝੌਤੇ ਕੀਤੇ ਤੇ ਉਨ੍ਹਾਂ ਦੀਆਂ ਜੜ੍ਹਾਂ ਇਸ ਧਰਮ-ਨਿਰਪੱਖ ਦੇਸ਼ ਦੇ ਉਸ ਸਮਾਜ ਵਿੱਚ ਲਾਉਣ ਦਾ ਕੰਮ ਕੀਤਾ ਸੀ, ਜਿਹੜਾ ਓਦੋਂ ਤੱਕ ਆਪਣੀ ਵਿਰਾਸਤ ਤੋਂ ਨਹੀਂ ਸੀ ਥਿੜਕਿਆ। ਪੱਛਮੀ ਬੰਗਾਲ ਵਿੱਚ ਜਨ ਸੰਘ ਕਿੱਥੇ ਸੀ, ਕਾਂਗਰਸ ਤੇ ਖੱਬੇ ਪੱਖੀਆਂ ਵਿੱਚ ਸੱਤਾ ਦੀ ਖਿੱਚੋਤਾਣ ਸੀ ਤੇ ਕੇਰਲਾ ਵਿੱਚ ਵੀ ਇਹੋ ਹਾਲਤ ਸੀ। ਕਾਂਗਰਸ ਵਿਰੋਧ ਦੇ ਨਾਂਅ ਉੱਤੇ ਓਦੋਂ ਜਨ ਸੰਘ ਨਾਲ ਨਾਲ ਗੱਠਜੋੜ ਬਣਾ ਕੇ ਜਿਹੜੇ ਵੀ ਰਾਜਾਂ ਵਿੱਚ ਸਰਕਾਰਾਂ ਬਣਾਈਆਂ ਗਈਆਂ, ਉਨ੍ਹਾਂ ਦਾ ਰਾਜਨੀਤਕ ਨਕਸ਼ਾ ਉਸ ਪਿੱਛੋਂ ਲਗਾਤਾਰ ਨਵਾਂ ਰੰਗ ਲੈਂਦਾ ਗਿਆ ਸੀ। ਕਾਂਗਰਸ ਤੇ ਰਾਜੀਵ ਗਾਂਧੀ ਦੇ ਵਿਰੋਧ ਵਿੱਚ ਸੱਤਾ ਲਈ ਲੜ ਰਹੀਆਂ ਧਰਮ-ਨਿਰਪੱਖ ਧਿਰਾਂ ਨਵੀਂ ਉੱਭਰਦੀ ਭਾਜਪਾ ਨਾਲ ਹਰ ਥਾਂ ਸਿੱਧੇ ਜਾਂ ਅਸਿੱਧੇ ਤਾਲਮੇਲ ਲਈ ਤਿਆਰ ਹੋਣ ਲੱਗ ਪਈਆਂ ਅਤੇ ਦੂਸਰੇ ਪਾਸੇ ਕਾਂਗਰਸ ਪਾਰਟੀ ਪਹਿਲਾਂ ਸ਼ਾਹਬਾਨੋ ਕੇਸ ਵਿੱਚ ਥਿੜਕੀ ਤੇ ਫਿਰ ਬਾਬਰੀ ਮਸਜਿਦ ਦਾ ਤਾਲਾ ਖੋਲ੍ਹਣ ਤੁਰ ਪਈ ਸੀ। ਨਰਸਿਮਹਾ ਰਾਉ ਵਰਗਾ ਮੌਕਾਪ੍ਰਸਤ ਆਗੂ ਕਾਂਗਰਸ ਨੇ ਪ੍ਰਧਾਨ ਮੰਤਰੀ ਬਣਾ ਲਿਆ ਤਾਂ ਉਸ ਨੇ ਬਾਬਰੀ ਮਸਜਿਦ ਢਾਹੁਣ ਤੁਰੀ ਹੋਈ ਭਾਜਪਾ ਨਾਲ ਅੰਦਰ-ਖਾਤੇ ਜਿਹੜੀ ਸਾਂਝ ਨਿਭਾਈ, ਕਾਂਗਰਸ ਦੇ ਵੀ ਜੜ੍ਹੀਂਬਹਿ ਗਈ ਅਤੇ ਇਸ ਦੇਸ਼ ਵਿੱਚ ਬਚੀ-ਖੁਚੀ ਧਰਮ-ਨਿਰਪੱਖਤਾ ਦੇ ਵੀ। ਓਦੋਂ ਕਾਂਗਰਸ ਨੂੰ ਹਟਾ ਕੇ ਬਣੀਆਂ ਦੇਵਗੌੜਾ ਅਤੇ ਗੁਜਰਾਲ ਸਰਕਾਰਾਂ ਵੀ ਅਗਲੀ ਨੀਵਾਣ ਤੱਕ ਲਿਜਾਣ ਵਾਲੀਆਂ ਹੀ ਸਾਬਤ ਹੋਈਆਂ ਸਨ।
ਹਾਲਾਤ ਦਾ ਮਜ਼ਾਕ ਵੇਖੋ ਕਿ ਐੱਚ ਡੀ ਦੇਵਗੌੜਾ ਪ੍ਰਧਾਨ ਮੰਤਰੀ ਤਾਂ ਭਾਜਪਾ ਦੇ ਵਿਰੋਧ ਵਿੱਚ ਕਾਂਗਰਸ ਦੀ ਮਦਦ ਨਾਲ ਬਣਿਆ, ਪਰ ਜਦੋਂ ਗੱਦੀ ਖੁੱਸ ਗਈ ਤਾਂ ਥੋੜ੍ਹਾ ਸਮਾਂ ਬਾਅਦ ਓਸੇ ਭਾਜਪਾ ਦੀ ਮਦਦ ਨਾਲ ਆਪਣੇ ਪੁੱਤਰ ਨੂੰ ਮੁੱਖ ਮੰਤਰੀ ਬਣਾਉਣ ਤੁਰ ਪਿਆ ਸੀ। ਪਹਿਲਾ ਪੰਜਾਬੀ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਵੀ ਉਸ ਅਹੁਦੇ ਤੱਕ ਇਨ੍ਹਾਂ ਧਰਮ-ਨਿਰਪੱਖ ਧਿਰਾਂ ਦੇ ਆਗੂ ਵਜੋਂ ਪਹੁੰਚਿਆ ਸੀ, ਪਰ ਗੱਦੀ ਖੁੱਸਦੇ ਸਾਰ ਆਪਣੀ ਪਾਰਲੀਮੈਂਟ ਸੀਟ ਬਚਾਉਣ ਲਈ ਭਾਜਪਾ ਦੀ ਸਾਂਝ ਵਾਲੇ ਗੱਠਜੋੜ ਦੀ ਮਦਦ ਦਾ ਮੁਥਾਜ ਬਣਨ ਤੁਰ ਪਿਆ ਸੀ ਤੇ ਭਾਜਪਾ ਵਾਲੇ ਉਸ ਦੀ ਮਦਦ ਕਰਨ ਦੇ ਵਕਤ ਉਸ ਦੀ ਧਰਮ-ਨਿਰਪੱਖਤਾ ਦੀਆਂ ਗੱਲਾਂ ਕਰਦੇ ਵੱਖੀਆਂ ਥਾਣੀਂ ਹੱਸਦੇ ਹੁੰਦੇ ਸਨ। ਪੱਛਮੀ ਬੰਗਾਲ ਵਿੱਚ ਸੱਤਾ ਦਾ ਸੁਖ ਮਾਣਨ ਲਈ ਮਮਤਾ ਬੈਨਰਜੀ ਨੇ ਪਹਿਲਾਂ ਕਾਂਗਰਸ ਛੱਡੀ ਅਤੇ ਫਿਰ ਖੱਬੇ-ਪੱਖੀਆਂ ਨਾਲ ਲੜਨ ਲਈ ਭਾਜਪਾ ਨਾਲ ਸਾਂਝ ਪਾ ਕੇ ਚੋਣਾਂ ਲੜੀਆਂ ਸਨ ਤੇ ਉਨ੍ਹਾਂ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵਿੱਚ ਮੰਤਰੀ ਵੀ ਬਣੀ ਸੀ। ਜਨਤਾ ਦਲ ਯੁਨਾਈਟਿਡ ਵਾਲੇ ਨਿਤੀਸ਼ ਕੁਮਾਰ ਨੇ ਕਿੰਨੀ ਵਾਰੀ ਭਾਜਪਾ ਨਾਲ ਸੱਤਾ ਖਾਤਰ ਸਾਂਝ ਪਾਈ ਤੇ ਕਿੰਨੀ ਵਾਰ ਆਪਣੇ ਹਿੱਤਾਂ ਖਾਤਰ ਧਰਮ-ਨਿਰਪੱਖਤਾ ਨੂੰ ਦਾਅ ਉੱਤੇ ਲਾਇਆ ਸੀ, ਇਹ ਗਿਣਤੀ ਕਰਦਾ ਬੰਦਾ ਥੱਕ ਸਕਦਾ ਹੈ। ਉੜੀਸਾ ਦੇ ਨਵੀਨ ਪਟਨਾਇਕ ਨੇ ਧਰਮ-ਨਿਰਪੱਖਤਾ ਦੀਆਂ ਗੱਲਾਂ ਤੋਂ ਸੱਤਾ ਲਈ ਮੁੱਢਲੇ ਕਦਮ ਚੁੱਕੇ ਅਤੇ ਅਗਲੇ ਕਦਮ ਉਸ ਨੂੰ ਸੱਤਾ ਦੇ ਲਈ ਭਾਜਪਾ ਨਾਲ ਸਾਂਝ ਪਾਉਣ ਤੱਕ ਲੈ ਗਏ ਸਨ। ਪੈਰ ਪੱਕੇ ਹੋ ਗਏ ਤਾਂ ਭਾਜਪਾ ਨਾਲੋਂ ਸਾਂਝ ਤੋੜ ਲਈ, ਪਰ ਜਦੋਂ ਕੇਂਦਰ ਵਿੱਚ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਭਾਜਪਾ ਦੀ ਚੜ੍ਹਤ ਹੁੰਦੀ ਵੇਖੀ ਤਾਂ ਉਸ ਨਾਲ ਅੱਖ ਬਚਾ ਕੇ ਤਾਲਮੇਲ ਦਾ ਉਹ ਰਾਹ ਕੱਢ ਲਿਆ, ਜਿਸ ਦਾ ਲਾਭ ਬਾਕੀ ਭਾਰਤ ਵਿੱਚ ਭਾਜਪਾ ਨੂੰ ਹੋਣਾ ਸੀ। ਆਂਧਰਾ ਪ੍ਰਦੇਸ਼ ਹੋਵੇ ਜਾਂ ਤਾਮਿਲ ਨਾਡੂ, ਹਰ ਰਾਜ ਵਿੱਚ ਸੱਤਾ ਪ੍ਰਾਪਤੀ ਦੀ ਖੇਡ ਵਿੱਚ ਖੇਤਰੀ ਪਾਰਟੀਆਂ ਕਦੀ ਖੱਬੇ-ਪੱਖੀਆਂ ਨਾਲ ਤੇ ਕਦੀ ਭਾਜਪਾ ਨਾਲ ਜੁੜਦੀਆਂ ਰਹੀਆਂ ਅਤੇ ਇਸ ਦਾ ਲਾਭ ਵੀ ਆਖਰੀ ਸ਼ਬਦਾਂ ਵਿੱਚ ਸਭ ਤੋਂ ਵੱਧ ਜਥੇਬੰਦ ਕਾਡਰ ਵਾਲੀ ਭਾਜਪਾ ਨੂੰ ਹੁੰਦਾ ਰਿਹਾ। ਜੰਮੂ-ਕਸ਼ਮੀਰ ਵਿੱਚ ਅੱਜ ਕੱਖੋਂ ਹੌਲੇ ਹਾਲਾਤ ਵਿੱਚ ਪਹੁੰਚੀਆਂ ਦੋਵਾਂ ਸਥਾਨਕ ਧਿਰਾਂ ਨੈਸ਼ਨਲ ਕਾਨਫਰੰਸ ਅਤੇ ਪੀਪਲਜ਼ ਡੈਮੋਕਰੇਟਿਕ ਪਾਰਟੀ ਨੇ ਕੇਂਦਰ ਦੀ ਵਜ਼ੀਰੀ ਲਈ ਭਾਜਪਾ ਨਾਲ ਵਾਰੀ-ਵਾਰੀ ਸਾਂਝ ਪਾਈ ਅਤੇ ਠਿੱਬੀਆਂ ਖਾਣ ਮਗਰੋਂ ਪਿੱਛੇ ਹਟਣ ਦੇ ਬਾਅਦ ਵੀ ਸੱਤਾ ਖਾਤਰ ਅੱਖ-ਮਟੱਕੇ ਕਰਦੀਆਂ ਰਹੀਆਂ ਸਨ ਤੇ ਅੱਜ ਭੁਗਤ ਰਹੀਆਂ ਹਨ।
ਭਾਰਤ ਦੀ ਸਭ ਤੋਂ ਵੱਡੀ ਧਰਮ-ਨਿਰਪੱਖ ਧਿਰ ਹੋਣ ਦਾ ਦਾਅਵਾ ਕਰਦੀ ਕਾਂਗਰਸ ਪਾਰਟੀ, ਧਰਮ-ਨਿਰਪੱਖ ਤਾਂ ਉਹ ਸਭ ਤੋਂ ਵੱਡੀ ਹੋਵੇ ਜਾਂ ਨਾ, ਧਰਮ-ਨਿਰਪੱਖ ਧਿਰਾਂ ਵਿੱਚੋਂ ਸਭਨਾਂ ਤੋਂ ਵੱਡੀ ਜ਼ਰੂਰ ਹੈ, ਦੇ ਲੀਡਰਾਂ ਦਾ ਕਿਰਦਾਰ ਵੀ ਲਗਾਤਾਰ ਮੌਕਾਪ੍ਰਸਤੀ ਵਾਲਾ ਰਿਹਾ। ਜਿਹੜੇ ਆਗੂ ਕਾਂਗਰਸ ਵਿੱਚ ਬੈਠ ਕੇ ਭਾਜਪਾ ਦਾ ਵਿਰੋਧ ਕਰਦੇ ਸਨ, ਸਮਾਂ ਪਾ ਕੇ ਭਾਜਪਾ ਵਿੱਚ ਚਲੇ ਜਾਣ ਵਿੱਚ ਉਨ੍ਹਾਂ ਨੇ ਕੋਈ ਝਿਜਕ ਨਹੀਂ ਵਿਖਾਈ ਅਤੇ ਕਈਆਂ ਨੇ ਵੱਖਰੀ ਪਾਰਟੀ ਬਣਾ ਕੇ ਭਾਜਪਾ ਨਾਲ ਸਾਂਝ ਦਾ ਰਾਹ ਵੀ ਬਣਾ ਲਿਆ ਸੀ। ਅੱਗੋਂ ਇਸ ਕੰਮ ਵਿੱਚ ਭਾਜਪਾ ਖੁੱਲ੍ਹ ਦਿੱਲੀ ਨਾਲ ਚੱਲੀ ਹੈ। ਜਿਸ ਕਿਸੇ ਧਰਮ-ਨਿਰਪੱਖ ਅਕਸ ਵਾਲੇ ਆਗੂ ਨੇ ਮੋੜਾ ਕੱਟਿਆ ਤੇ ਉਨ੍ਹਾਂ ਦੇ ਦਰਵਾਜ਼ੇ ਪਹੁੰਚ ਗਿਆ, ਉਸ ਨੂੰ ਨਾਲ ਜੋੜਨ ਪਿੱਛੋਂ ਬਣਦਾ ਮਾਣ ਇਸ ਲਈ ਦਿੱਤਾ ਕਿ ਹੋਰਨਾਂ ਨੂੰ ਏਥੇ ਆਉਣ ਨੂੰ ਲਲਚਾਇਆ ਜਾ ਸਕੇ ਅਤੇ ਪਤਾ ਨਹੀਂ ਕਿੱਥੋਂ ਦੇ ਵਰਕੇ ਫੋਲ ਕੇ ਇਹ ਸਾਬਤ ਕਰਨ ਦਾ ਯਤਨ ਕੀਤਾ ਕਿ ਕਾਂਗਰਸ ਵਿੱਚ ਹੁੰਦਿਆਂ ਵੀ ਇਹ ਸਾਡਾ ਬੰਦਾ ਹੁੰਦਾ ਸੀ। ਉੱਤਰ ਪ੍ਰਦੇਸ਼ ਵਿੱਚ ਜਿਹੜੇ ਜਗਦੰਬਿਕਾ ਪਾਲ ਨੂੰ ਮੁੱਖ ਮੰਤਰੀ ਬਣਾਉਣ ਵਾਸਤੇ ਕੇਂਦਰ ਦੀ ਕਾਂਗਰਸੀ ਸਰਕਾਰ ਨੇ ਗਵਰਨਰ ਨੂੰ ਉਕਸਾ ਕੇ ਭਾਜਪਾ ਦੀ ਸਰਕਾਰ ਉਲਟਾਈ ਤੇ ਹਾਈ ਕੋਰਟ ਦੇ ਹੁਕਮ ਉੱਤੇ ਭਾਜਪਾ ਸਰਕਾਰ ਬਹਾਲ ਕਰਨੀ ਪਈ ਸੀ, ਉਹ ਬੰਦਾ ਵੀ ਭਾਜਪਾ ਵਿੱਚ ਜਾ ਵੜਿਆ। ਅੱਗੋਂ ਭਾਜਪਾ ਨੇ ਇੱਕ ਲਿਸਟ ਕੱਢ ਕੇ ਵਿਖਾ ਦਿੱਤੀ ਕਿ ਕਾਗਰਸੀ ਹੁੰਦਿਆਂਵੀ ਇਸ ਦਾ ਨਾਂਅ ਬਾਬਰੀ ਮਸਜਿਦ ਢਾਹੁਣ ਲਈ ਤਿਆਰ ਕਾਰ-ਸੇਵਕਾਂ ਦੀ ਸੂਚੀ ਵਿੱਚ ਫਲਾਣੇ ਨੰਬਰ ਉੱਤੇ ਦਰਜ ਕੀਤਾ ਦੱਸਦਾ ਹੈ ਕਿ ਓਦੋਂ ਵੀ ਇਹ ਅੰਦਰੋਂ ਭਾਜਪਾ ਦਾਵਫਦਾਰ ਹੋਇਆ ਕਰਦਾ ਸੀ। ਬਠਿੰਡੇ ਦਾ ਕਮਿਊਨਿਸਟ ਆਗੂ ਮੱਖਣ ਸਿੰਘ ਜਦੋਂ ਅਕਾਲੀ ਦਲ ਵਿੱਚ ਰਲਿਆ ਤਾਂ ਉਸ ਨੇ ਪ੍ਰਕਾਸ਼ ਸਿੰਘ ਬਾਦਲ ਨਾਲ ਬੈਠ ਕੇ ਪ੍ਰੈੱਸ ਕਾਨਫਰੰਸ ਵਿੱਚ ਕਿਹਾ ਸੀ ਕਿ ਉਸ ਨੂੰ ਬੜਾਚਿਰ ਪਿੱਛੋਂ ਪਤਾ ਲੱਗਾ ਹੈ ਕਿ ਅਸਲੀ ਕਮਿਊਨਿਸਟ ਅਤੇ ਅਸਲੀ ਇਨਕਲਾਬੀ ਪਾਰਟੀ ਅਕਾਲੀ ਦਲ ਹੀ ਹੈ। ਅੱਜਕੱਲ੍ਹ ਉਹਦੇ ਵਰਗੇ ਕਈ ਪੁਰਾਣੇ ਧਰਮ-ਨਿਰਪੱਖ ਆਗੂ ਭਾਜਪਾ ਬਾਰੇ ਏਦਾਂ ਦੀਆਂ ਗੱਲਾਂ ਕਹੀ ਜਾਂਦੇ ਹਨ।
ਜਦੋਂ ਭਾਰਤ ਨੂੰ ਆਜ਼ਾਦੀ ਮਿਲੀ ਤਾਂ ਇਸ ਤੋਂ ਇੱਕ ਦਿਨ ਪਹਿਲਾਂ ਪਾਕਿਸਤਾਨ ਵੱਖਰਾ ਆਜ਼ਾਦ ਦੇਸ਼ ਬਣਾ ਦਿੱਤਾ ਗਿਆ ਸੀ, ਉਸ ਵੇਲੇ ਧਰਮ-ਨਿਰਪੱਖ ਆਗੂਆਂ ਨੂੰ ਬਹੁਤ ਕਸ਼ਟ ਸਹਾਰਨੇ ਪਏ ਸਨ, ਪਰ ਉਹ ਥਿੜਕਦੇ ਨਹੀਂ ਸੀ ਵੇਖੇ ਗਏ। ਮੌਲਾਨਾ ਅਬੁਲ ਕਲਾਮ ਆਜ਼ਾਦ ਨੂੰ ਦਿੱਲੀ ਦੀ ਜਾਮਾ ਮਸਜਿਦ ਵਿੱਚ ਵੜਨੋਂ ਰੋਕ ਦਿੱਤਾ ਗਿਆ ਅਤੇ ਹਿੰਦੂਵਾਦੀਆਂ ਦਾ ਏਜੰਟ ਆਖਿਆ ਗਿਆ, ਪਰ ਉਹ ਪੈਂਤੜੇ ਉੱਤੇ ਕਾਇਮ ਰਿਹਾ ਸੀ। ਪਾਕਿਸਤਾਨ ਬਣਨਪਿੱਛੋਂ ਜਿਹੜੇ ਮੁਸਲਮਾਨ ਭਾਰਤ ਵਿੱਚ ਰਹਿ ਗਏ ਸਨ, ਉਹ ਖੁਦ ਆ ਕੇ ਓਸੇ ਆਜ਼ਾਦ ਨੂੰ ਫਿਰ ਜਾਮਾ ਮਸਜਿਦ ਲੈ ਕੇ ਗਏ ਸਨ ਤੇ ਓਥੇ ਉਸ ਨੇ ਵੰਗਾਰ ਕੇ ਕਿਹਾ ਸੀ ਕਿ ਅੱਜ ਤੁਸੀਂ ਗਲੇਡੂ ਸੁੱਟਦੇ ਹੋ, ਫੈਸਲੇ ਦੀ ਘੜੀ ਬੋਲਣ ਤੋਂ ਝਿਜਕ ਕੇ ਏਨਾ ਜਿ਼ਆਦਾ ਨੁਕਸਾਨ ਕਰ ਬੈਠੇ ਹੋ ਕਿ ਤੁਹਾਡੀਆਂ ਪੀੜ੍ਹੀਆਂ ਨੂੰ ਭੁਗਤਣਾ ਪੈ ਸਕਦਾ ਹੈ। ਇਹ ਸੱਚ ਸਾਬਤ ਹੋਇਆ ਸੀ, ਪਰ ਉਸ ਦੇ ਬਾਅਦ ਵੀ ਉਨ੍ਹਾਂ ਦੇ ਆਗੂ ਸਿਆਸਤ ਦੇ ਮੈਦਾਨ ਵਿੱਚ ਏਦਾਂ ਦੀ ਤਿਲਕਣਬਾਜ਼ੀ ਵਿਖਾਉਂਦੇ ਰਹੇ ਕਿ ਅੱਜ ਉਹਖੁਦ ਕਿਸੇ ਖਾਤੇ ਵਿੱਚ ਨਹੀਂ, ਭਾਜਪਾ ਲੀਡਰਾਂ ਪਿੱਛੇ ਤੁਰਨ ਜੋਗੇ ਰਹਿ ਗਏ ਹਨ। ਸ਼ਾਹਨਵਾਜ਼ ਹੁਸੈਨ ਤੇ ਮੁਖਤਾਰ ਅੱਬਾਸ ਨੱਕਵੀ ਵਰਗੇ ਲੀਡਰ ਅੱਜ ਕਿਤੇ ਰੜਕਦੇ ਨਹੀਂ, ਜਿਹੜੇ ਭਾਜਪਾ ਨੂੰ ਭਾਰਤ ਦੀ ਆਤਮਾ ਅਤੇ ਘੱਟ-ਗਿਣਤੀਆਂ ਦੇ ਲੋਕਾਂ ਲਈ ਭਵਿੱਖ ਦੀ ਆਸ ਦੀ ਕਿਰਨ ਦੱਸਦੇ ਹੁੰਦੇ ਸਨ। ਕਾਂਗਰਸ ਵਿੱਚ ਰਹਿੰਦਿਆਂ ਧਰਮ-ਨਿਰਪੱਖਤਾ ਪੜ੍ਹਾਉਣ ਲਈ ਕਿਤਾਬਾਂ ਲਿਖਣ ਵਾਲੇ ਐੱਮ ਜੇ ਅਕਬਰ ਵਰਗੇ ਲੋਕ ਫਿਰ ਕੇਂਦਰ ਦੀ ਇੱਕ ਵਜ਼ੀਰੀ ਲੈਣ ਲਈ ਭਾਜਪਾ ਵਿੱਚ ਜਾ ਵੜੇ ਸਨ, ਪਰ ਅੱਜ ਉਹ ਕੱਖੋਂ ਹੌਲੇ ਹੋਏ ਸਿਆਸਤ ਦੇ ਅਣਗੌਲੇ ਖੂੰਜੇ ਵਿੱਚ ਪਏ ਹੋਏ ਰੜਕਦੇ ਨਹੀਂ। ਧਰਮ-ਨਿਰਪੱਖ ਅਖਵਾਉਂਦੇਜਿਹੜੇ ਆਗੂਆਂ ਨੇ ਅੱਧੋਗਤੀ ਵਾਲੀ ਹਾਲਾਤ ਪੈਦਾ ਕੀਤੀ ਹੈ, ਉਨ੍ਹਾਂ ਨੂੰ ਆਪਣੀ ਬੁੱਕਲ ਵਿੱਚ ਝਾਤੀ ਮਾਰਨ ਦੀ ਲੋੜ ਹੈ।
ਅਗਲੇ ਸਾਲ ਦੀਆਂ ਚੋਣਾਂ ਵਿੱਚ ਬਹੁਤਾ ਸਮਾਂ ਨਹੀਂ ਰਹਿੰਦਾ। ਉਸ ਲਈ ਗੱਠਜੋੜ ਬਣਾਉਣ ਦੀ ਕਸਰਤ ਫਿਰ ਸ਼ੁਰੂ ਕਰ ਦਿੱਤੀ ਗਈ ਹੈ, ਪਰ ਅਜੇ ਵੀ ਕਾਂਗਰਸੀ ਆਗੂਆਂ ਵਿੱਚ ਆਪਣੇ ‘ਰਾਜਕੁਮਾਰ’ ਨੂੰ ਭਾਰਤ ਦਾ ਆਗੂ ਬਣਾਉਣ ਦੀ ਉਹ ਭਾਵਨਾ ਘਟੀ ਨਹੀਂ, ਜਿਹੜੀ ਪਹਿਲਾਂ ਨੁਕਸਾਨ ਕਰਾਉਂਦੀ ਰਹੀ ਹੈ। ਰਾਹੁਲ ਗਾਂਧੀ ਅਗਵਾਈ ਕਰਨ ਜੋਗਾ ਨਹੀਂ ਤਾਂ ਪਾਰਟੀ ਕਿਸੇ ਹੋਰ ਨੂੰ ਅੱਗੇ ਲਾਵੇ ਜਾਂ ਨਾ ਲਾਵੇ, ਲਾਵੇ ਤਾਂ ਮਲਿਕਾਰਜੁਨ ਖੜਗੇ ਵਾਂਗ ਐਵੇਂ ਕਾਗਜ਼ੀ ਪ੍ਰਧਾਨਗੀ ਤੱਕ ਸੀਮਤ ਰੱਖੇ ਜਾਂ ਨਾ ਰੱਖੇ, ਇਹ ਮਜਬੂਰੀ ਉਸ ਪਾਰਟੀਦੀ ਹੈ। ਬਾਕੀ ਪਾਰਟੀਆਂ ਦੀਏਹੋ ਜਿਹੀ ਮਜਬੂਰੀ ਨਹੀਂ। ਉਹ ਕਾਂਗਰਸ ਪਾਰਟੀ ਦੀ ਅਜੇ ਵੀ ਆਪਣੇ ਆਗੂ ਖਾਤਰ ਸਾਰੇ ਭਾਰਤ ਦਾ ਭਵਿੱਖ ਕੁਰਬਾਨ ਕਰਨ ਦੀ ਨੀਤੀ ਤੋਂ ਉੱਪਰ ਉੱਠ ਕੇ ਯਤਨ ਕਰ ਸਕਦੀਆਂ ਹਨ ਤੇ ਉਨ੍ਹਾਂ ਨੂੰ ਕਰਨਾ ਵੀ ਚਾਹੀਦਾ ਹੈ। ਭਾਰਤ ਦੇਸ਼ ਜਿਸ ਮੋੜ ਉੱਤੇ ਅੱਜ ਪਹੁੰਚ ਚੁੱਕਾ ਹੈ, ਓਥੇ ਧੜਿਆਂ ਬਾਰੇ ਸੋਚਣ ਵਾਲਾ ਵਕਤ ਨਹੀਂ ਬਚਿਆ ਜਾਪਦਾ, ਦੇਸ਼ ਲਈ ਸੋਚਣਾ ਪਵੇਗਾ।

 
Have something to say? Post your comment
ਹੋਰ ਸੰਪਾਦਕੀ ਖ਼ਬਰਾਂ
ਬਰੈਂਪਟਨ `ਚ ਮਾਰਗ ਦਰਸ਼ਕ ਅਤੇ ਪ੍ਰੇਰਨਾ ਸਰੋਤ - ਮੱਘਰ ਸਿੰਘ ਟਰੂਡੋ ਲਈ ਮੁਸੀਬਤ ਬਣੇ ਪਰਵਾਸੀ ਫੋਨਾਂ ਤੇ ਟੈਕਸਟਿੰਗ ਨੂੰ ਪਾਸੇ ਰੱਖ ਕੇ ਆਪਣੇ ਬੱਚਿਆਂ ਨਾਲ ਜਾਤੀ ਮੇਲ ਮਿਲਾਪ ਨੂੰ ਤਰਜੀਹ ਦਿਉ, ਆਪਣੇ ਬੱਚੇ ਲਈ ਇੱਕ ਆਦਰਸ਼ ਪਰਿਵਾਰਕ ਮਾਹੌਲ ਬਣਾਉ ਮੁੱਖ ਮੰਤਰੀਆਂ ਦੀ ਮੀਟਿੰਗ ਵਿੱਚ ਪਾਣੀਆਂ ਬਾਰੇ ਪੰਜਾਬ ਦਾ ਪੱਖ ਹੋਰ ਵੀ ਮਜ਼ਬੂਤ ਹੋ ਗਿਐ ਭਾਰਤ ਲਈ ਹਨੇਰਾ ਸਮਾਂ ਹੈ, ਜਿੱਥੇ ਰਾਹ ਦਿਖਾਉਣ ਵਾਲਾ ਜੁਗਨੂੰ ਵੀ ਕੋਈ ਨਹੀਂ ਲੱਭਦਾ ਲੀਡਰਾਂ ਨੇ ਪੈਦਾ ਕੀਤੀ ਹੈ ‘ਕੋਈ ਲੀਡਰ ਭਰੋਸੇ ਦੇ ਯੋਗ ਨਹੀਂ’ ਵਾਲੀਆਮ ਲੋਕਾਂ ਦੀ ਮਾਨਸਿਕਤਾ ਆਉ ਇਸ ਦੀਵਾਲੀ ਤੇ ਇੰਨਸਾਨੀਅਤ ਦੇ ਨਾਤੇ ਪੂਰੇ ਸੰਸਾਰ ਲਈ ਅਮਨ – ਅਮਾਨ , ਸ਼ਾਤੀ ਲਈ ਅਰਦਾਸ ਕਰੀਏ ਵੱਖੋ-ਵੱਖੋ ਰਾਜਾਂ ਵਿੱਚ ਗਵਰਨਰਾਂ ਦੀ ਮੌਕੇ ਮੁਤਾਬਕ ਮਰਜ਼ੀ ਸੰਵਿਧਾਨ ਦੇ ਮੁਤਾਬਕ ਨਹੀਂ ਮੰਨੀ ਜਾ ਸਕਦੀ ਇਜ਼ਰਾਈਲ ਅਤੇ ਹਮਾਸ ਵਿਚਕਾਰ ਸੰਘਰਸ਼ ਨੂੰ ਸ਼ਾਂਤੀਪੂਰਵਕ ਹੱਲ ਕੀਤਾ ਜਾਣਾ ਚਾਹੀਦਾ ਹੈ ਬੇਅਸੂਲੇ ਸਮਝੌਤਿਆਂ ਅਤੇ ਪੈਂਤੜਿਆਂ ਪਿੱਛੋਂ ਦਰਿਆਵਾਂ ਦੇ ਪਾਣੀ ਵਿੱਚ ਮਧਾਣੀ ਘੁੰਮਾਉਣ ਦੀ ਰਾਜਨੀਤੀ