Welcome to Canadian Punjabi Post
Follow us on

30

May 2024
ਬ੍ਰੈਕਿੰਗ ਖ਼ਬਰਾਂ :
ਸੁਪਰੀਮ ਕੋਰਟ ਨੇ ਅਰਵਿੰਦ ਕੇਜਰੀਵਾਲ ਦੀ ਜ਼ਮਾਨਤ ਵਧਾਉਣ ਵਾਲੀ ਪਟੀਸ਼ਨ ਕੀਤੀ ਰੱਦਅਰਵਿੰਦ ਕੇਜਰੀਵਾਲ ਨੇ ਜਲੰਧਰ 'ਚ ਵਪਾਰੀਆਂ-ਕਾਰੋਬਾਰੀਆਂ ਨਾਲ ਕੀਤੀ ਮੀਟਿੰਗ, ਕਿਹਾ- ਇਸ ਵਾਰ ਆਮ ਆਦਮੀ ਪਾਰਟੀ ਨੂੰ ਸਾਰੀਆਂ 13 ਸੀਟਾਂ ਜਿਤਾਓਯੂ.ਐੱਸ. ਨੇ ਕਿਹਾ:ਮਨੁੱਖੀ ਤਸਕਰਾਂ ਨੇ ਬੀ.ਸੀ. ਤੋਂ ਲੋਕਾਂ ਨੂੰ ਸਰਹੱਦ ਪਾਰ ਕਰਨ ਲਈ ਮਾਲ ਗੱਡੀਆਂ ਦੀ ਵਰਤੋਂ ਕੀਤੀ, 2 ਕਾਬੂਓਟਵਾ ਨਦੀ ਤੋਂ ਬਚਾਏ ਜਾਣ ਤੋਂ ਬਾਅਦ ਵਿਅਕਤੀ ਦੀ ਮੌਤਇਕ ਯਾਤਰੀ ਦੇ ਬੁਰੇ ਵਰਤਾਓ ਦੇ ਚਲਦੇ ਕੈਲਗਰੀ ਜਾ ਰਹੀ ਵੈਸਟਜੈੱਟ ਦੀ ਉਡਾਣ ਨੇ ਬੀ.ਸੀ. ਵਿੱਚ ਕੀਤੀ ਐਮਰਜੈਂਸੀ ਲੈਂਡਿੰਗ ਪੈਰਾਮੈਡਿਕਸ ਨੂੰ ਬਹਾਦਰੀ ਦੇ ਮੈਡਲਾਂ ਨਾਲ ਕੀਤਾ ਗਿਆ ਸਨਮਾਨਿਤਰਾਹੁਲ ਗਾਂਧੀ ਨੇ ਲੁਧਿਆਣਾ ਰੈਲੀ ਦੌਰਾਨ 4 ਜੂਨ ਨੂੰ ਦੇਸ਼ `ਚ ਇੰਡੀਆ ਗਠਜੋੜ ਦੀ ਸਰਕਾਰ ਬਣਨ ਦਾ ਕੀਤਾ ਦਾਅਵਾਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੀ ਚੋਣ ਰੈਲੀ ਲੁਧਿਆਣਾ `ਚ ਭਲਕੇ, ਰਵਨੀਤ ਬਿੱਟੂ ਲਈ ਮੰਗਣਗੇ ਵੋਟਾਂ
 
ਸੰਪਾਦਕੀ

ਲੀਡਰਾਂ ਨੇ ਪੈਦਾ ਕੀਤੀ ਹੈ ‘ਕੋਈ ਲੀਡਰ ਭਰੋਸੇ ਦੇ ਯੋਗ ਨਹੀਂ’ ਵਾਲੀਆਮ ਲੋਕਾਂ ਦੀ ਮਾਨਸਿਕਤਾ

November 20, 2023 01:49 AM

-ਜਤਿੰਦਰ ਪਨੂੰ
ਬਹੁਤੀ ਸਮਝ ਦਾ ਦਾਅਵਾ ਕਰਨ ਜੋਗਾ ਤਾਂ ਇਨ੍ਹਾਂ ਸਤਰਾਂ ਦਾ ਲੇਖਕ ਉਮਰ ਦੇ ਸੱਤਵਾਂ ਦਹਾਕਾ ਟੱਪਣ ਲਾਗੇ ਵੀ ਨਹੀਂ ਹੋਇਆ, ਪਰ ਮੁੱਛ-ਫੁੱਟ ਕੱਚੀਉਮਰ ਦੇ ਵਕਤ ਦੀ ਇੱਕ ਗੱਲ ਕਈ ਵਾਰ ਯਾਦ ਆਉਂਦੀ ਹੈ। ਉਨ੍ਹੀਂ ਦਿਨੀਂ ਇੱਕ ਵਾਰੀ ਇੱਕ ਵਿਦਿਆਰਥੀ ਜਥੇਬੰਦੀ ਨੇ ਸਾਡੇ ਵਰਗੇ ਜਵਾਕਾਂ ਲਈ ਇੱਕ ਸਟੱਡੀ ਸਰਕਲ ਲਾਇਆ ਤੇ ਉਸ ਵਿੱਚ ਇੱਕ ਘੱਟ ਪੜ੍ਹੇਅਤੇ ਵੱਧ ਗੁੜ੍ਹੇ ਆਗੂ ਨੇ ਸਾਨੂੰ ਸਮਾਜ ਦੇ ਵਰਤਾਰੇ ਸਮਝਾਉਣ ਦਾ ਯਤਨ ਕੀਤਾ ਸੀ। ਉਹ ਜਦੋਂ ਸਾਰਾ ਕੁਝ ਦੱਸ ਚੁੱਕਾ ਤਾਂ ਭਾਰਤ ਦੇ ਭਵਿੱਖ ਲਈ ਕਮਿਊਨਿਸਟ ਯੁੱਗ ਬਾਰੇ ਦੱਸਦੇ ਹੋਏ ਕਹਿਣ ਲੱਗਾ ਕਿ ਸਾਰਿਆਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਤਬਦੀਲੀ ਸੌਖੀ ਨਹੀਂ ਆਉਂਦੀ, ਹਰ ਨਵਾਂ ਪ੍ਰਬੰਧ ਪਹਿਲੇ ਦੀ ਕਬਰ ਉੱਤੇ ਪੈਰ ਰੱਖਣ ਪਿੱਛੋਂ ਕਾਮਯਾਬ ਹੁੰਦਾ ਹੈ। ਉਸ ਨੇ ਦੱਸਿਆ ਸੀ ਕਿ ਜਦੋਂ ਗੁਲਾਮਾਂ ਦੇ ਯੁੱਗ ਦਾ ਅੰਤ ਹੋਇਆ ਸੀ ਤਾਂ ਉਸ ਦੀ ਥਾਂ ਆਏ ਜਗੀਰੂ ਪ੍ਰਬੰਧ ਨੇ ਗੁਲਾਮਦਾਰੀ ਦੇ ਮੋਹਰੀਆਂ ਨੂੰ ਖੂੰਜੇ ਲਾ ਦਿੱਤਾ ਸੀ, ਕਈ ਤਾਂਮਾਰੇ ਵੀ ਗਏ ਸਨ ਤੇ ਜਦੋਂ ਜਗੀਰੂ ਯੁੱਗ ਦੀ ਥਾਂ ਪੂੰਜੀਪਤੀ ਯੁੱਗ ਆਇਆ ਤਾਂ ਉਨ੍ਹਾਂ ਨੇ ਇਹੋ ਕੁਝ ਜਗੀਰਦਾਰਾਂ ਅਤੇ ਨਵਾਬਾਂ ਨਾਲ ਕੀਤਾ ਸੀ। ਅਸਲ ਵਿੱਚ ਇਹ ਇੱਕ ਲੋੜ ਸੀ। ਜਦੋਂ ਵੀ ਕੋਈ ਨਵਾਂ ਆਉਂਦਾ ਹੈ, ਉਹ ਪਹਿਲੇ ਨੂੰ ਰੱਦ ਕੀਤੇ ਅਤੇ ਤਹਿਸ-ਨਹਿਸ ਕੀਤੇ ਬਿਨਾਂ ਅੱਗੇ ਨਹੀਂ ਵਧ ਸਕਦਾ। ਸਟੋਵ ਚੁੱਲ੍ਹੇ ਦੀ ਕਬਰ ਉੱਤੇ ਜੰਮਿਆ ਸੀ, ਹੀਟਰ ਨੇ ਸਟੋਵ ਦੇ ਸਿਵਿਆਂ ਦੇ ਸੇਕ ਨਾਲ ਗਰਮ ਹੋਣਾ ਹੈ, ਉਸੇ ਤਰ੍ਹਾਂ ਕਦੇ ਕੋਈ ਨਵਾਂ ਪ੍ਰਬੰਧ ਏਦਾਂ ਕੀਤੇ ਬਗੈਰ ਸਫਲ ਨਹੀਂ ਹੋ ਸਕਿਆ। ਅਸੀਂ ਅੱਖਾਂ ਟੱਡ-ਟੱਡ ਵੇਖਦੇ ਸਾਂ।
ਉਸ ਤੋਂ ਅੱਧੀ ਸਦੀ ਬਾਅਦ ਅੱਜ ਇਹ ਕੁਝ ਹੁੰਦਾ ਅਸੀਂ ਖੁਦ ਵੇਖਦੇ ਹਾਂ। ਜਿਹੜਾ ਵੀ ਕੋਈ ਸਿੰਘਾਸਨ ਦੇ ਵੱਲ ਆਉਂਦਾ ਹੈ, ਸਿੰਘਾਸਨ ਕਿਸੇ ਵੱਡੇ-ਛੋਟੇ ਰਾਜ ਦਾ ਹੋਵੇ ਤੇ ਭਾਵੇਂ ਉਹ ਭਾਰਤ ਦੀ ਕੇਂਦਰ ਸਰਕਾਰ ਦਾ, ਦੇਸ਼ ਦੇ ਅਸਲੀ ਮਾਲਕ ਲੋਕਾਂ ਵੱਲ ਫਰਜ਼ ਚੇਤਾ ਕਰਨ ਦਾ ਕੰਮ ਪਿੱਛੇ ਪਾ ਕੇ ਪਹਿਲਾ ਜ਼ੋਰ ਇਹ ਦੱਸਣ ਉੱਤੇ ਲਾਉਂਦਾ ਹੈ ਕਿ ਉਸ ਨਾਲੋਂ ਪਹਿਲਾਂ ਅੱਜ ਤੱਕ ਜਿਹੜੇ ਵੀ ਗੱਦੀ-ਨਸ਼ੀਨ ਹੋਏ ਹਨ, ਸਭ ਸਿਰੇ ਦੇ ਨਿਕੰਮੇ ਸਨ। ਉਸ ਦੇ ਕਹਿਣ ਦੇ ਢੰਗ ਤੋਂ ਜਾਪਦਾ ਹੈ ਕਿ ਕੁਦਰਤ ਨੇ ਅਕਲ ਦਾ ਡੱਬਾ ਕਿਸੇ ਫ੍ਰਿੱਜ ਵਿੱਚ ਲਾ ਕੇ ਰੱਖਿਆ ਸੀ ਕਿ ਜਦੋਂ ਇਹ ਆਗੂ ਸੰਸਾਰ ਵੱਲ ਨੂੰ ਜਾਵੇਗਾ, ਇਹ ਕੀਮਤੀ ਚੀਜ਼ ਸਿਰਫ ਏਸੇ ਨੂੰ ਦੇਣੀ ਹੈ, ਕੋਈ ਨਿਕੰਮਾ ਬੰਦਾ ਨਾ ਲੈ ਜਾਂਦਾ ਹੋਵੇ। ਕੁਦਰਤ ਦੀ ਇਹ ਦਾਤ ਮਿਲਣ ਦੇ ਵਹਿਮ ਨਾਲ ਡੰਗੇ ਹੋਏ ਇਹ ਸਿਆਸੀ ਆਗੂ ਅੱਗੇ ਆਉਂਦੇ ਸਾਰ ਹਰ ਗੱਲ ਏਥੋਂ ਸ਼ੁਰੂ ਕਰਦੇ ਹਨ ਕਿ ਜਦੋਂ ਤੱਕ ਮੈਂ ਨਹੀਂ ਆ ਗਿਆ, ਦੇਸ਼ ਦੇ ਕਿਸੇ ਹਾਕਮ ਨੂੰ ਆਹ ਕੰਮ ਕਰਨ ਦਾ ਚੇਤਾ ਨਹੀਂ ਆਇਆ। ਏਦਾਂ ਕਰਦੇ ਵਕਤ ਕਈ ਵਾਰੀ ਆਪਣੇ ਉਨ੍ਹਾਂ ਵੱਡੇ-ਵਡੇਰਿਆਂ ਦੀ ਬੇਇੱਜ਼ਤੀ ਵੀ ਨਾਲ ਹੀ ਕਰ ਛੱਡਦੇ ਹਨ, ਜਿਨ੍ਹਾਂ ਦੀ ਛਤਰਛਾਇਆ ਹੇਠ ਸਿਆਸਤ ਦਾ ਗੁੱਲੀ-ਡੰਡਾ ਖੇਡਣਾ ਸਿੱਖਿਆ ਹੁੰਦਾ ਹੈ ਅਤੇ ਕਈ ਵਾਰੀ ਖੁਦ ਆਪਣਾ ਜਲੂਸ ਵੀ ਕੱਢ ਬੈਠਦੇ ਹਨ।
ਭਾਰਤ ਦੇ ਕਿਸੇ ਵੀ ਕੇਂਦਰੀ ਹਾਕਮ ਜਾਂ ਕਿਸੇ ਵੀ ਰਾਜ ਦੇ ਮੁੱਖ ਮੰਤਰੀ ਬਾਰੇ ਇਹ ਗੱਲ ਕਹੀ ਜਾ ਸਕਦੀ ਹੈ ਕਿ ਉਹ ਬੋਲਣ ਵੇਲੇ ਇੰਜ ਕਰੀ ਜਾਂਦਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਏਦਾਂ ਕਰਦੇ ਹਨ ਅਤੇ ਅਜੇ ਉਨ੍ਹਾਂ ਦੇ ਰਾਜ ਦਾ ਸਿਰਫ ਡੇਢ ਸਾਲ ਲੰਘਿਆ ਹੋਣ ਕਾਰਨ ਇਹ ਗੱਲ ਬਹੁਤੀ ਚੁਭਦੀ ਨਹੀਂ, ਪਰ ਅਸੀਂ ਉਹ ਆਗੂ ਵੀ ਇਸ ਰਾਜ ਨੂੰ ਚਲਾਉਂਦੇ ਵੇਖੇ ਹਨ, ਜਿਹੜੇ ਆਪਣੀ ਸਰਕਾਰ ਦੇ ਪੰਜਵੇਂ ਸਾਲ ਵਿੱਚ ਵੀ ਆਪਣੇ ਤੋਂ ਪਹਿਲਿਆਂ ਨੂੰ ਭੰਡਣ ਦਾ ਕੰਮ ਕਰੀ ਜਾਂਦੇ ਸਨ, ਆਪ ਭਾਵੇਂ ਆਮ ਲੋਕਾਂ ਦੀ ਨਜ਼ਰ ਵਿੱਚ ਪਹਿਲਿਆਂ ਨਾਲੋਂ ਵੀ ਨਿਕੰਮੇ ਸਮਝੇ ਜਾਂਦੇ ਸਨ। ਭਗਵੰਤ ਮਾਨ ਨੂੰ ਇਸ ਮਾਮਲੇ ਵਿੱਚ ਸੁਚੇਤ ਰਹਿਣ ਦੀ ਲੋੜ ਹੈ। ਆਪਣੀ ਕਾਰ ਖਰੀਦ ਨਾ ਸਕਣ ਜੋਗੇ ਬੰਦੇ ਵੱਲੋਂ ਕਿਸੇ ਹੋਰ ਦੀ ਕਾਰ ਉੱਤੇ ਝਰੀਟਾਂ ਮਾਰਨ ਦੀ ਬਹੁਤ ਵਾਰੀ ਕਹੀ ਜਾ ਚੁੱਕੀ ਕਹਾਣੀ ਵਾਂਗ ਬਾਕੀ ਦੀਆਂ ਗੱਲਾਂ ਵੀ ਆਮ ਲੋਕਾਂ ਦੇ ਯਾਦ ਰਹਿਣ ਲੱਗ ਪੈਣਗੀਆਂ। ਉਹ ਖੁਦ ਕਹਿੰਦੇ ਹੁੰਦੇ ਸਨ ਕਿ ਲਾਲ ਕਿਲ੍ਹੇ ਤੋਂ ਵਾਰ-ਵਾਰ ਸੁਣਾਏ ਗਏ ਇੱਕੋ ਕਿਸਮ ਦੇ ਭਾਸ਼ਣ ਤਾਂ ਸਮਾਂ ਪਾ ਕੇ ਉਸ ਕਿਲ੍ਹੇ ਦੇ ਕਾਂਵਾਂ ਨੂੰ ਵੀ ਯਾਦ ਹੋ ਗਏ ਹਨ। ਜਿਹੜੇ ਟੋਟਕੇ ਖੁਦਉਨ੍ਹਾਂ ਨੇ ਬਹੁਤ ਵਾਰੀ ਲੋਕਾਂ ਨੂੰ ਸੁਣਾਏ ਹਨ, ਉਹ ਵੀ ਲੋਕਾਂ ਨੂੰ ਯਾਦ ਰਹਿ ਜਾਂਦੇ ਹਨ। ਉਨ੍ਹਾਂ ਨੂੰ ਆਪਣੇ ਭਾਸ਼ਣਾਂ ਦੀ ਸਮੱਗਰੀ ਤੇ ਉਨ੍ਹਾਂ ਨਾਲ ਜੁੜੀਆਂ ਮਿਸਾਲਾਂ ਵਿੱਚ ਤਬਦੀਲੀ ਕਰਨੀ ਤੇ ਲੋਕਾਂ ਨੂੰ ਕੁਝ ਨਵਾਂ ਦੱਸਣ ਦੀ ਕੋਸਿ਼ਸ਼ ਕਰ ਵੇਖਣੀ ਚਾਹੀਦੀ ਹੈ। ਪੰਜਾਬ ਦੇ ਲੋਕ ਭਾਰਤ ਦੇ ਬਾਕੀ ਰਾਜਾਂ ਦੇ ਲੋਕਾਂ ਨਾਲੋਂ ਕੁਝ ਵੱਧ ਗੱਲਾਂ ਯਾਦ ਰੱਖਦੇ ਹਨ, ਇਹ ਵੀ ਯਾਦ ਰੱਖਣਾ ਚਾਹੀਦਾ ਹੈ।
ਜਿਹੜੀ ਗੱਲ ਅਸੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਬਾਰੇ ਕਹੀ ਹੈ, ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਇਹੋ ਗੱਲ ਇਸ ਤੋਂ ਕਈ ਗੁਣਾਂਵੱਧ ਸਾਰੇ ਦੇਸ਼ ਵਿੱਚ ਕਹੀ ਜਾਂਦੀ ਹੈ। ਫਰਕ ਏਥੇ ਦੋ ਗੱਲਾਂ ਦਾ ਹੈ। ਪਹਿਲੀ ਇਹ ਕਿ ਭਗਵੰਤ ਮਾਨ ਦੇ ਭਾਸ਼ਣ ਤੇ ਉਨ੍ਹਾਂ ਵਿਚਲੀਆਂ ਮਿਸਾਲਾ ਚਰਚਾ ਵਿੱਚ ਹਨ, ਪ੍ਰਧਾਨ ਮੰਤਰੀ ਮੋਦੀ ਦੇ ਭਾਸ਼ਣਾਂ ਦੀ ਸਮੱਗਰੀ ਦੇ ਗੁਣਾਂ-ਦੋਸ਼ਾਂ ਬਾਰੇ ਨਿੱਤ ਨਵੇਂ ਦਿਨ ਵੀਡੀਉ ਕਲਿੱਪ ਵੀ ਵਾਇਰਲ ਹੁੰਦੇ ਹਨ, ਜਿਨ੍ਹਾਂ ਵਿੱਚ ਕਦੇ-ਕਦੇ ਉਹ ਅੰਗਰੇਜ਼ੀ ਬੋਲਣ ਵੇਲੇ ਸ਼ਬਦਾਂ ਜਾਂ ਬੋਲਣ ਦੇ ਲਹਿਜੇ ਦੀ ਗਲਤੀ ਕਰ ਬੈਠਦੇ ਹਨ। ਦੂਸਰੀ ਚਰਚਿਤ ਗੱਲ ਭਾਰਤ ਵਰਗੇ ਦੇਸ਼ ਦੀ ਅਗਵਾਈ ਕਰਨ ਦੇ ਆਪਣੇ ਸਾਲ ਚੇਤੇ ਨਾ ਰੱਖਣ ਵਾਲੀ ਹੈ। ਹਾਲੇ ਪਿਛਲੇ ਹਫਤੇ ਨਰਿੰਦਰ ਮੋਦੀ ਨੇ ਇੱਕ ਥਾਂ ਇਹ ਗੱਲ ਕਹਿ ਦਿੱਤੀ ਕਿ ਜਿਹੜਾ ਕੰਮ ਪਿਛਲੇ ਪੰਝੱਤਰ ਸਾਲਾਂ ਵਿੱਚ ਨਹੀਂ ਕੀਤਾ ਗਿਆ, ਉਹ ਮੈਂ ਕਰਦਾ ਹਾਂ। ਇਸ ਦੇ ਅਗਲੇ ਦਿਨ ਚਰਚਾ ਇਸ ਗੱਲ ਦੀ ਛਿੜ ਗਈ ਕਿ ਪੰਝੱਤਰ ਸਾਲਾਂ ਵਿੱਚ ਰਾਜ ਕੌਣ ਕਰਦਾ ਸੀ ਤੇ ਫਿਰ ਚਰਚਾ ਅੱਜ ਦੇ ਪ੍ਰਧਾਨ ਮੰਤਰੀ ਤੱਕ ਵੀ ਆ ਪੁੱਜੀ। ਪੰਝੱਤਰਾਂ ਵਿੱਚੋਂ ਪਜਵੰਜਾ ਸਾਲ ਦੇ ਕਰੀਬ ਕਾਂਗਰਸ ਪਾਰਟੀ ਨੇ ਰਾਜ ਕੀਤਾ ਸੀ, ਸੱਤ ਸਾਲਾਂ ਦੇ ਨੇੜੇ ਏਧਰ-ਓਧਰ ਦੀਆਂ ਭਾਨਮਤੀ ਦੇ ਕੁਨਬੇ ਵਰਗੀਆਂ ਧਿਰਾਂ ਦਾ ਰਾਜ ਰਿਹਾ ਸੀ, ਪਰ ਛੇਹੱਤਰਵਾਂ ਚੱਲਦਾ ਸਾਲ ਜੋੜ ਕੇ ਇਸ ਵਿੱਚੋਂ ਪੰਦਰਾਂ ਸਾਲ ਤੋਂ ਵੱਧ ਪ੍ਰਧਾਨ ਮੰਤਰੀ ਦੀ ਪਾਰਟੀ ਭਾਜਪਾ ਦਾ ਰਾਜ ਸੀ। ਗੱਲ ਇਸ ਨਾਲੋਂ ਹੋਰ ਅੱਗੇ ਵਧ ਗਈ ਅਤੇ ਇੱਕ ਯੂ-ਟਿਊਬਰ ਨੇ ਇਹ ਚਰਚਾ ਚਲਾ ਦਿੱਤੀ ਕਿ ਨਰਿੰਦਰ ਮੋਦੀ ਜਦੋਂ ਕਹਿੰਦੇ ਹਨ ਕਿ ਪੰਝੱਤਰ ਸਾਲਾਂ ਵਿੱਚ ਕੁਝ ਨਹੀਂ ਕੀਤਾ ਗਿਆ ਤਾਂ ਉਹ ਆਪਣੇ ਵਡੇਰੇ ਅਟਲ ਬਿਹਾਰੀ ਵਾਜਪਾਈ ਦੀ ਭੰਡੀ ਤਾਂਕਰਦੇ ਹਨ, ਨਾਲ ਹੀ ਖੁਦ ਆਪਣੇ ਸਾਢੇ ਨੌਂ ਸਾਲ ਕੋਈ ਕੰਮ ਨਾ ਹੋਇਆ ਹੋਣ ਦਾ ਇਕਬਾਲ ਖੜੇ ਪੈਰ ਕਰੀ ਜਾਂਦੇ ਹਨ।
ਅਸਲ ਗੱਲ ਏਥੋਂ ਤੱਕ ਨਹੀਂ ਕਿ ਉਹ ਆਪਣੇ ਤੋਂ ਪਹਿਲਾਂ ਰਾਜ ਕਰਦੇ ਰਹੇ ਆਪਣੇ ਰਾਜਸੀ ਵਿਰੋਧੀਆਂ ਦੇ ਬਾਰੇ ਕੁਝ ਵੀ ਕਹਿ ਕੇ ਉਨ੍ਹਾਂ ਨੂੰ ਲੋਕਾਂ ਦੀ ਨਜ਼ਰ ਵਿੱਚ ਊਣਾ ਤੇ ਖੁਦ ਨੂੰ ਉੱਚਾ ਕਰਨਾ ਚਾਹੁੰਦੇ ਹੋਣਗੇ। ਉਹ ਹਰ ਕੋਈ ਗੱਲ ਰੱਦ ਕਰਨ ਦੀ ਇਸ ਦੇਸ਼ ਦੇ ਲੋਕਾਂ ਦੀ ਸੋਚ ਮੁਤਾਬਕ ਚੱਲਣਾ ਚਾਹੁੰਦੇ ਹਨ। ਬਿਲਕੁਲ ਸੱਚ ਹੈ ਕਿ ਅੱਜ ਭਾਰਤ ਦੇ ਲੋਕ ਕਿਸੇ ਵੀ ਆਗੂ ਦੀ ਗੱਲ ਦਾ ਇੰਨ-ਬਿੰਨ ਭਰੋਸਾ ਕਰਨ ਨੂੰ ਤਿਆਰ ਨਹੀਂ। ਬੀਤੇ ਸਮਿਆਂ ਵਿੱਚ ਭਾਰਤੀ ਲੀਡਰਾਂ ਨੇ ਹਰ ਦੂਸਰੇ ਆਗੂ ਦੀ ਭੰਡੀ ਕਰਦਿਆਂ ਇਹੋ ਜਿਹਾ ਮਾਹੌਲ ਬਣਾ ਧਰਿਆ ਹੈ ਕਿ ਕਿਸੇ ਆਗੂ ਦੇ ਬਾਰੇ ਕੋਈ ਵੀ ਪੁੱਠੀ-ਸਿੱਧੀ ਗੱਲ ਕਹਿ ਦਿੱਤੀ ਜਾਵੇ ਤਾਂ ਲੋਕ ਉਸ ਨੂੰ ਮੰਨਣ ਲਈ ਝੱਟ ਤਿਆਰ ਹੁੰਦੇ ਹਨ। ਸਮਾਜ ਵਿੱਚ ਇਹ ਧਾਰਨਾ ਬਣ ਚੁੱਕੀ ਹੈ ਕਿ ਆਗੂ ਹੋਣ ਦਾ ਅਰਥ ਅਗਵਾਈ ਕਰਨ ਵਾਲਾ ਬੰਦਾ ਨਹੀਂ ਰਿਹਾ, ਸਗੋਂ ਇਸ ਦੀ ਥਾਂ ਆਗੂ ਦਾ ਮਤਲਬ ਅੱਖੀਂ ਘੱਟਾ ਪਾਉਣ ਵਾਲਾ ਸਾਜਿ਼ਸ਼ੀ ਕਿਰਦਾਰ ਹੋ ਗਿਆ ਹੈ। ਇਹ ਕਿਸੇ ਵੀ ਸਮਾਜ ਲਈ ਅੱਤ ਦੀ ਸ਼ਰਮਨਾਕ ਸਥਿਤੀ ਹੋ ਸਕਦੀ ਹੈ ਕਿ ਲੋਕਾਂ ਨੂੰ ਆਪਣੇ ਲੀਡਰ ਉੱਤੇ ਨਹੀਂ, ਲੀਡਰਾਂ ਦੀ ਸਮੁੱਚੀ ਧਾੜ ਉੱਤੇ ਕੋਈ ਭਰੋਸਾ ਨਾ ਰਹੇ ਅਤੇ ਉਹ ਹਰ ਕਿਸੇ ਨੂੰ ਸੱਚਾ ਸਾਬਤ ਹੋਣ ਦੀ ਉਡੀਕ ਕੀਤੇ ਬਿਨਾਂ ਚੋਰ ਮੰਣ ਲੈਣ ਨੂੰ ਤਿਆਰ ਬੈਠੇ ਹੋਣ। ਸਮਾਜ ਦੀ ਇਹੋ ਜਿਹੀ ਮਾਨਸਿਕਤਾ ਕਿਸੇ ਬਾਹਰਲੇ ਬੰਦੇ ਨੇ ਪੈਦਾ ਨਹੀਂ ਸੀ ਕੀਤੀ, ਖੁਦ ਭਾਰਤੀ ਲੀਡਰਾਂ ਨੇ ਹੀ ਬਣਾਈ ਹੈ। ਉਹ ਇੱਕ ਦੂਸਰੇ ਦੀ ਨੀਤੀ ਦੀ ਆਲੋਚਨਾ ਜਾਂ ਨਿੰਦਾ ਨਹੀਂ ਕਰਦੇ, ਉਨ੍ਹਾਂ ਦੇ ਕਿਰਦਾਰ ਅਤੇ ਨੀਤ ਦੇ ਖੋਟ ਦਾ ਮੁੱਦਾ ਬਣਾਉਂਦੇ ਹਨ।ਜਾਪਾਨ ਤੋਂ ਲੈ ਕੇ ਅਮਰੀਕਾ ਤੱਕ ਹਰ ਦੇਸ਼ ਵਿੱਚ ਘੱਟ ਜਾਂ ਵੱਧ ਏਦਾਂ ਦੇ ਆਗੂ ਹਨ, ਪਰ ਓਥੇ ਕਿਸੇ ਆਗੂ ਦੇ ਨਿੱਜ ਬਾਰੇ ਟਿਪਣੀ ਕਰਨ ਦੀ ਥਾਂ ਉਸ ਦੀਆਂ ਰਾਜਸੀ ਨੀਤੀਆਂ ਦੀ ਚੀਰ-ਪਾੜ ਸਮਾਜ ਮੂਹਰੇ ਰੱਖੀ ਜਾਂਦੀ ਹੈ। ਭਾਰਤ ਵਿੱਚ ਲੀਡਰਾਂ ਦੇ ਨਿੱਜ ਬਾਰੇ ਟਿਪਣੀਆਂ ਕਰਨ ਤੋਂ ਬਾਅਦ ਉਨ੍ਹਾਂ ਦੇ ਪਰਵਾਰਾਂ ਬਾਰੇ ਇਖਲਾਕੀ ਮਿਆਰ ਤੋਂ ਗਿਰੀਆਂ ਗੱਲਾਂ ਕੀਤੀਆਂ ਅਤੇ ਪ੍ਰਚਾਰੀਆਂ ਜਾਂਦੀਆਂ ਹਨ ਅਤੇ ਫਿਰ ਅੱਗੋਂ ਆਈਆਂ ਟਿਪਣੀਆਂ ਵੀ ਸਹਾਰੀਆਂ ਜਾਂਦੀਆਂ ਹਨ।
ਨਤੀਜਾ ਇਹ ਹੁੰਦਾ ਹੈ ਕਿ ਸਮਾਜ ਵਿੱਚ ਏਦਾਂ ਦੀ ਚਰਚਾ ਸੁਣਨ ਦੀ ਇੱਕ ਖਾਸ ਮਾਨਸਿਕਤਾ ਪੈਦਾ ਹੋ ਜਾਂਦੀ ਹੈ ਤੇ ਫਿਰ ਸਮਾਜ ਆਪਣੇ ਆਪ ਵਿੱਚ ਸਮਾਜ ਵਜੋਂ ਜਿਹੜੇ ਫਰਜ਼ਾਂ ਨੂੰ ਨਿਭਾਉਣ ਦਾ ਜਿ਼ੰਮੇਵਾਰ ਸਮਝਿਆ ਜਾਂਦਾ ਹੈ, ਉਨ੍ਹਾਂ ਫਰਜ਼ਾਂ ਨੂੰ ਭੁੱਲ ਬੈਠਦਾ ਹੈ। ਰਾਜ ਕਰਨ ਵਾਲਾ ਹਰ ਆਗੂ ਇਸ ਕੰਮ ਵਿੱਚ ਸਭ ਤੋਂ ਵੱਧ ਹਮਲਾ ਆਪਣੇ ਤੋਂ ਪਹਿਲਾਂ ਦੇ ਰਾਜ-ਕਰਤਿਆਂ ਉੱਤੇ ਕਰਦਾ ਹੈ, ਪਰ ਜਿਸ ਕਿਸੇ ਆਗੂ ਦੇ ਕੱਲ੍ਹ ਨੂੰ ਅੱਗੇ ਆਉਣ ਦੀ ਮਾੜੀ ਜਿਹੀ ਝਲਕ ਜਾਪਦੀ ਹੈ, ਉਸ ਨੂੰ ਵੀ ਮਾਰ ਹੇਠ ਰੱਖ ਲੈਂਦਾ ਹੈ। ਸਾਨੂੰ ਦੱਸਿਆ ਗਿਆ ਸੀ ਕਿ ਭਵਿੱਖ ਦਾ ਮੋਹਰੀ ਬਣਨ ਵਾਲਾ ਹਰ ਪ੍ਰਬੰਧ ਆਪਣੇ ਤੋਂ ਪਹਿਲੇ ਪ੍ਰਬੰਧ ਤੇ ਪ੍ਰਬੰਧਕਾਂ ਦੀ ਕਬਰ ਉੱਤੇ ਪੈਰ ਰੱਖਣ ਨੂੰ ਕਾਮਯਾਬੀ ਦਾ ਲੁਕਮਾਨੀ ਨੁਸਖਾ ਮੰਨਦਾ ਹੈ, ਅੱਜ ਗੱਲ ਏਨੀ ਅੱਗੇ ਵਧ ਚੁੱਕੀ ਹੈ ਕਿ ਪਹਿਲਿਆਂ ਦੇ ਨਾਲ ਭਵਿੱਖ ਵਿੱਚ ਅੱਗੇ ਆਉਣ ਵਾਲੇ ਵੀ ਸੁੱਕੇ ਨਹੀਂ ਛੱਡੇ ਜਾਂਦੇ। ਇਸ ਦਾ ਖਮਿਆਜ਼ਾ ਅੱਜ ਭਾਰਤ ਦੇ ਆਮ ਲੋਕ ਭੁਗਤਦੇ ਹਨ, ਭਵਿੱਖ ਵਿੱਚ ਸਮੁੱਚਾ ਭਾਰਤ ਭੁਗਤੇਗਾ। ਉਸ ਵੇਲੇ ਸੰਸਾਰ ਭਰ ਦੇ ਸਾਹਮਣੇ ਜਿਹੜੀ ਨਮੋਸ਼ੀ ਵਾਲੀ ਸਥਿਤੀ ਹੋਵੇਗੀ, ਉਸ ਲਈ ਅਜੋਕੇ ਆਗੂ ਦੋਸ਼ੀ ਮੰਨੇ ਜਾਣਗੇ। ਅਹਿਸਾਸ ਇਸ ਗੱਲ ਦਾ ਹੋਣਾ ਚਾਹੀਦਾ ਹੈ, ਪਰ ਅਜੋਕੇ ਆਗੂ ਇਸ ਸੋਚ ਨਾਲ ਖੁਸ਼ ਜਾਪਦੇ ਹਨ ਕਿ ਕੱਲ੍ਹ ਕਿਸ ਨੇ ਵੇਖਿਆ ਹੈ, ਉਸ ਵੇਲੇ ਅਸੀਂ ਏਥੇ ਹੋਣਾ ਨਹੀਂ। ਆਪ ਮਰੇ ਜੱਗ ਪਰਲੋ ਦੇ ਮੁਹਾਵਰੇ ਵਾਂਗ ਉਹ ਸਿਰਫ ਅੱਜ ਵਿੱਚ ਜਿਉਣਾ ਚਾਹੁੰਦੇ ਹਨ ਤੇ ਇਹੀ ਸਭ ਤੋਂ ਵੱਡੀ ਬਦਕਿਸਮਤੀ ਸਮਝੀ ਜਾ ਸਕਦੀ ਹੈ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਭਾਰਤ ਦੀ।

 
Have something to say? Post your comment
ਹੋਰ ਸੰਪਾਦਕੀ ਖ਼ਬਰਾਂ
ਟਰੂਡੋ ਲਈ ਮੁਸੀਬਤ ਬਣੇ ਪਰਵਾਸੀ ਫੋਨਾਂ ਤੇ ਟੈਕਸਟਿੰਗ ਨੂੰ ਪਾਸੇ ਰੱਖ ਕੇ ਆਪਣੇ ਬੱਚਿਆਂ ਨਾਲ ਜਾਤੀ ਮੇਲ ਮਿਲਾਪ ਨੂੰ ਤਰਜੀਹ ਦਿਉ, ਆਪਣੇ ਬੱਚੇ ਲਈ ਇੱਕ ਆਦਰਸ਼ ਪਰਿਵਾਰਕ ਮਾਹੌਲ ਬਣਾਉ ਮੁੱਖ ਮੰਤਰੀਆਂ ਦੀ ਮੀਟਿੰਗ ਵਿੱਚ ਪਾਣੀਆਂ ਬਾਰੇ ਪੰਜਾਬ ਦਾ ਪੱਖ ਹੋਰ ਵੀ ਮਜ਼ਬੂਤ ਹੋ ਗਿਐ ਭਾਰਤ ਵਿੱਚ ਅਧੋਗਤੀ ਵਰਤਾਰੇ ਲਈ ਧਰਮ ਨਿਰਪੱਖ ਧਿਰਾਂ ਵੀ ਘੱਟ ਜਿ਼ਮੇਵਾਰ ਨਹੀਂ ਭਾਰਤ ਲਈ ਹਨੇਰਾ ਸਮਾਂ ਹੈ, ਜਿੱਥੇ ਰਾਹ ਦਿਖਾਉਣ ਵਾਲਾ ਜੁਗਨੂੰ ਵੀ ਕੋਈ ਨਹੀਂ ਲੱਭਦਾ ਆਉ ਇਸ ਦੀਵਾਲੀ ਤੇ ਇੰਨਸਾਨੀਅਤ ਦੇ ਨਾਤੇ ਪੂਰੇ ਸੰਸਾਰ ਲਈ ਅਮਨ – ਅਮਾਨ , ਸ਼ਾਤੀ ਲਈ ਅਰਦਾਸ ਕਰੀਏ ਵੱਖੋ-ਵੱਖੋ ਰਾਜਾਂ ਵਿੱਚ ਗਵਰਨਰਾਂ ਦੀ ਮੌਕੇ ਮੁਤਾਬਕ ਮਰਜ਼ੀ ਸੰਵਿਧਾਨ ਦੇ ਮੁਤਾਬਕ ਨਹੀਂ ਮੰਨੀ ਜਾ ਸਕਦੀ ਇਜ਼ਰਾਈਲ ਅਤੇ ਹਮਾਸ ਵਿਚਕਾਰ ਸੰਘਰਸ਼ ਨੂੰ ਸ਼ਾਂਤੀਪੂਰਵਕ ਹੱਲ ਕੀਤਾ ਜਾਣਾ ਚਾਹੀਦਾ ਹੈ ਬੇਅਸੂਲੇ ਸਮਝੌਤਿਆਂ ਅਤੇ ਪੈਂਤੜਿਆਂ ਪਿੱਛੋਂ ਦਰਿਆਵਾਂ ਦੇ ਪਾਣੀ ਵਿੱਚ ਮਧਾਣੀ ਘੁੰਮਾਉਣ ਦੀ ਰਾਜਨੀਤੀ ਟਰੂਡੋ ਵਲੋਂ ਭਾਰਤ ਤੇ ਲਾਏ ਹਰਦੀਪ ਸਿੰਘ ਨਿੱਜਰ ਕਤਲ ਦੇ ਦੋਸ਼ ਕਿੰਨੇ ਕੁ ਸਹੀ ?