ਵਾਸਿ਼ੰਗਟਨ, 3 ਅਕਤੂਬਰ (ਪੋਸਟ ਬਿਊਰੋ) : ਮੰਗਲਵਾਰ ਨੂੰ ਬਾਲਟੀਮੋਰ ਵਿੱਚ ਮੌਰਗਨ ਸਟੇਟ ਯੂਨੀਵਰਸਿਟੀ ਵਿੱਚ ਇੱਕ ਸਿਰਫਿਰੇ ਸ਼ੂਟਰ ਵੱਲੋਂ ਕਈ ਲੋਕਾਂ ਨੂੰ ਗੋਲੀ ਮਾਰੀ ਗਈ।
ਬਾਲਟੀਮੋਰ ਪੁਲਿਸ ਡਿਪਾਰਟਮੈਂਟ ਦੇ ਅਧਿਕਾਰੀਆਂ ਨੇ ਦੱਸਿਆ ਕਿ ਸੂ਼ਟਰ ਅਜੇ ਵੀ ਕੈਂਪਸ ਵਿੱਚ ਹੀ ਹੈ ਤੇ ਪੁਲਿਸ ਵੀ ਮੌਕੇ ਉੱਤੇ ਪਹੁੰਚ ਚੁੱਕੀ ਹੈ। ਇਸ ਨੂੰ ਬਲੈਕ ਯੂਨੀਵਰਸਿਟੀ ਵਜੋਂ ਵੀ ਜਾਣਿਆ ਜਾਂਦਾ ਹੈ। ਜਿੱਥੇ ਸ਼ੂਟਿੰਗ ਹੋਈ ਉਹ ਇੱਕ ਰਿਹਾਇਸ਼ੀ ਬਿਲਡਿੰਗ ਦੱਸੀ ਜਾ ਰਹੀ ਹੈ। ਪੁਲਿਸ ਨੇ ਐਕਸ (ਜਿਸ ਨੂੰ ਪਹਿਲਾਂ ਟਵਿੱਟਰ ਆਖਿਆ ਜਾਂਦਾ ਸੀ) ਉੱਤੇ ਦੱਸਿਆ ਕਿ ਸਾਰਿਆਂ ਨੂੰ ਇਸ ਇਲਾਕੇ ਤੋਂ ਦੂਰ ਰਹਿਣ ਤੇ ਸੁਰੱਖਿਅਤ ਥਾਂ ਉੱਤੇ ਜਾਣ ਲਈ ਆਖਿਆ ਜਾ ਰਿਹਾ ਹੈ।
ਪੁਲਿਸ ਦੇ ਬੁਲਾਰੇ ਵਰਨਣ ਡੇਵਿਸ ਨੇ ਬਾਲਟੀਮੋਰ ਬੈਨਰ ਨੂੰ ਦੱਸਿਆ ਕਿ ਘੱਟੋ ਘੱਟ ਚਾਰ ਲੋਕਾਂ ਨੂੰ ਗੋਲੀ ਲੱਗੀ ਹੈ। ਉਨ੍ਹਾਂ ਦੀ ਸਥਿਤੀ ਕਿਹੋ ਜਿਹੀ ਹੈ ਇਸ ਬਾਰੇ ਅਜੇ ਤੱਕ ਕੁੱਝ ਪਤਾ ਨਹੀਂ ਲੱਗ ਸਕਿਆ। ਪੁਲਿਸ ਦੀ ਤਰਜ਼ਮਾਨ ਅਮਾਂਡਾ ਕ੍ਰੌਟਕੀ ਨੇ ਆਖਿਆ ਕਿ ਕਈ ਵਿਅਕਤੀਆਂ ਨੂੰ ਗੋਲੀ ਮਾਰੀ ਗਈ ਹੈ।