ਕਾਬੁਲ, 2 ਅਕਤੂਬਰ (ਪੋਸਟ ਬਿਊਰੋ): ਜਦੋਂ ਤੋਂ ਅਫਗਾਨਿਸਤਾਨ ਵਿੱਚ ਤਾਲਿਬਾਨ ਸਰਕਾਰ ਨੇ ਸੱਤਾ ਸੰਭਾਲੀ ਹੈ, ਉਦੋਂ ਤੋਂ ਔਰਤਾਂ ਵਿਰੁੱਧ ਨਵੇਂ-ਨਵੇਂ ਬਿਆਨ ਅਤੇ ਕਾਨੂੰਨ ਬਣਾਏ ਜਾ ਰਹੇ ਹਨ। ਅਫਗਾਨਿਸਤਾਨ ਵਿੱਚ ਔਰਤਾਂ ਦੀ ਅਜ਼ਾਦੀ ਨੂੰ ਰੋਕਣ ਵਾਲੀਆਂ ਕਾਰਵਾਈਆਂ ਕਾਰਨ ਔਰਤਾਂ ਦੀ ਹਾਲਤ ਬਦਤਰ ਹੋਈ ਹੈ। ਸਿੱਖਿਆ ਤੋਂ ਲੈ ਕੇ ਸਮਾਜਿਕ ਬਰਾਬਰੀ ਤੱਕ ਹਰ ਖੇਤਰ ਵਿੱਚ ਔਰਤਾਂ ਦੇ ਅਧਿਕਾਰਾਂ ਨੂੰ ਸੀਮਤ ਕੀਤਾ ਜਾ ਰਿਹਾ ਹੈ। ਇਸ ਸਭ ਦੇ ਵਿਚਕਾਰ ਅਫਗਾਨਿਸਤਾਨ ਦੇ ਇਕ ਮੰਤਰੀ ਨੇ ਔਰਤਾਂ ਨੂੰ ਲੈ ਕੇ ਅਜਿਹਾ ਬੇਤੁਕਾ ਬਿਆਨ ਦਿੱਤਾ ਹੈ, ਜਿਸ ਨਾਲ ਇਕ ਵਾਰ ਫਿਰ ਔਰਤਾਂ ਪ੍ਰਤੀ ਤਾਲਿਬਾਨ ਦੀ ਮਾਨਸਿਕਤਾ ਸਾਹਮਣੇ ਆ ਗਈ ਹੈ।
ਜਾਣਕਾਰੀ ਮੁਤਾਬਕ ਅਫਗਾਨਿਸਤਾਨ ਵਿਚ ਤਾਲਿਬਾਨ ਸਰਕਾਰ ਦੇ ਕਾਰਜਕਾਰੀ ਉੱਚ ਸਿੱਖਿਆ ਮੰਤਰੀ ਨੇਦਾ ਮੁਹੰਮਦ ਨਦੀਮ ਨੇ ਐਤਵਾਰ ਨੂੰ ਔਰਤਾਂ ਖਿਲਾਫ ਬੇਤੁਕੇ ਬਿਆਨ ਦਿੱਤੇ ਹਨ। ਉਸ ਨੇ ਬਘਲਾਨ ਯੂਨੀਵਰਸਿਟੀ ਵਿੱਚ ਇੱਕ ਇਕੱਠ ਨੂੰ ਕਿਹਾ ਕਿ ਇਸਲਾਮੀ ਸ਼ਰੀਆ ਕਾਨੂੰਨ ਅਨੁਸਾਰ ਮਰਦ ਅਤੇ ਔਰਤ ਬਰਾਬਰ ਨਹੀਂ ਹਨ। ਕਾਬੁਲ ਨਿਊਜ਼ ਏਜੰਸੀ ਟੋਲੋ ਦੀ ਰਿਪੋਰਟ ਮੁਤਾਬਕ ਉਨ੍ਹਾਂ ਕਿਹਾ ਕਿ ਅਸੀਂ ਔਰਤਾਂ ਨਾਲ ਸਬੰਧਤ ਤਾਲਿਬਾਨ ਪ੍ਰਣਾਲੀ ਨੂੰ ਖਤਮ ਕਰਨ ਦੀ ਪ੍ਰਕਿਰਿਆ ਵਿਚ ਹਾਂ।
ਨੇਦਾ ਮੁਹੰਮਦ ਨਦੀਮ ਨੇ ਪੱਛਮੀ ਦੇਸ਼ਾਂ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਪੱਛਮੀ ਦੇਸ਼ ਔਰਤਾਂ ਅਤੇ ਮਰਦਾਂ ਵਿਚਕਾਰ ਬਰਾਬਰੀ ਦਾ ਪ੍ਰਚਾਰ ਕਰਦੇ ਹਨ ਪਰ ਦੋਵੇਂ ਇਕੋ ਜਿਹੇ ਨਹੀਂ ਹਨ। ਉਸ ਨੇ ਤਾਲਿਬਾਨ ਸਰਕਾਰ ਵੱਲੋਂ ਔਰਤਾਂ ਵਿਰੁੱਧ ਚੁੱਕੇ ਗਏ ਕਦਮਾਂ ਨੂੰ ਜਾਇਜ਼ ਠਹਿਰਾਇਆ। ਉਨ੍ਹਾਂ ਮੀਟਿੰਗ ਦੌਰਾਨ ਜ਼ੋਰ ਦੇ ਕੇ ਕਿਹਾ ਕਿ ਔਰਤ ਅਤੇ ਮਰਦ ਬਰਾਬਰ ਨਹੀਂ ਹਨ। ਉਨ੍ਹਾਂ ਨੇ ਮਰਦਾਂ ਨੂੰ ਸ਼ਾਸਕ ਕਿਹਾ ਅਤੇ ਇਹ ਸਮਝਾਉਣ ਦੀ ਕੋਸਿ਼ਸ਼ ਕੀਤੀ ਕਿ ਮਰਦ ਔਰਤਾਂ ਉੱਤੇ ਅਧਿਕਾਰ ਰੱਖ ਸਕਦੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ 'ਔਰਤਾਂ ਨੂੰ ਮਰਦਾਂ ਦਾ ਕਹਿਣਾ ਮੰਨਣਾ ਚਾਹੀਦਾ ਹੈ।'