ਕੋਚੀ, 2 ਅਕਤੂਬਰ (ਪੋਸਟ ਬਿਊਰੋ): ਕੇਰਲ 'ਚ ਕੋਚੀ ਨੇੜੇ ਗੋਥੁਰੂਥ 'ਚ ਪੇਰਿਆਰ ਨਦੀ 'ਚ ਇਕ ਕਾਰ ਦੇ ਡਿੱਗਣ ਨਾਲ ਸ਼ਨੀਵਾਰ ਦੇਰ ਰਾਤ ਕਾਰ ਸਵਾਰ 2 ਡਾਕਟਰਾਂ ਦੀ ਮੌਤ ਹੋ ਗਈ। ਪੁਲਿਸ ਨੇ ਇਹ ਜਾਣਕਾਰੀ ਦਿੱਤੀ। ਅਦਵੈਤ (29) ਅਤੇ ਅਜਮਲ (29) ਜਿ਼ਲ੍ਹੇ ਦੇ ਇਕ ਨਿੱਜੀ ਹਸਪਤਾਲ ਵਿਚ ਤਾਇਨਾਤ ਸਨ। ਦੇਰ ਰਾਤ 12:30 ਵਜੇ ਹੋਏ ਹਾਦਸੇ 'ਚ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਡਾਕਟਰਾਂ ਨਾਲ ਯਾਤਰਾ ਕਰ ਰਹੇ ਤਿੰਨ ਹੋਰ ਲੋਕ ਹਾਦਸੇ ਵਿਚ ਜ਼ਖ਼ਮੀ ਹੋ ਗਏ ਅਤੇ ਉਨ੍ਹਾਂ ਦਾ ਨੇੜੇ ਦੇ ਹਸਪਤਾਲ 'ਚ ਇਲਾਜ ਕੀਤਾ ਗਿਆ। ਜਾਣਕਾਰੀ ਅਨੁਸਾਰ ਇਕ ਸਥਾਨਕ ਵਾਸੀ ਨੇ ਦੱਸਿਆ ਕਿ ਇਕ ਔਰਤ ਸਮੇਤ ਤਿੰਨ ਲੋਕਾਂ ਨੂੰ ਕੱਢਿਆ ਗਿਆ। ਗੋਤਾਖੋਰਾਂ ਦੀ ਟੀਮ ਨੂੰ ਡਾਕਟਰਾਂ ਦੀਆਂ ਲਾਸ਼ਾਂ ਨੂੰ ਕੱਢਣ ਦੇ ਕੰਮ 'ਚ ਲਗਾਇਆ ਗਿਆ। ਜ਼ਖ਼ਮੀਆਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
ਪੁਲਿਸ ਨੇ ਕਿਹਾ ਕਿ ਪ੍ਰਤੀਤ ਹੁੰਦਾ ਹੈ ਕਿ ਕਾਰ ਡਰਾਈਵਰ ਗੂਗਲ ਮੈਪ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਉਸ ਖੇਤਰ 'ਚ ਪਹੁੰਚਿਆ ਸੀ। ਉਨ੍ਹਾਂ ਕਿਹਾ ਕਿ ਭਾਰੀ ਮੀਂਹ ਕਾਰਨ ਉਸ ਸਮੇਂ ਦ੍ਰਿਸ਼ਤਾ ਕਾਫ਼ੀ ਘੱਟ ਸੀ। ਉਹ ਗੂਗਲ ਮੈਪ ਦੇ ਦੱਸੇ ਰਸਤੇ 'ਤੇ ਜਾ ਰਹੇ ਸਨ ਪਰ ਲੱਗਦਾ ਹੈ ਕਿ ਮੈਪ ਵਿਚ ਦੱਸੇ ਗਏ ਖੱਬੇ ਮੋੜ ਦੇ ਸਥਾਨ 'ਤੇ ਉਹ ਗਲਤੀ ਨਾਲ ਅੱਗੇ ਵਧ ਗਏ ਅਤੇ ਨਦੀ 'ਚ ਡਿੱਗ ਗਏ।'' ਸਥਾਨਕ ਲੋਕ ਇਨ੍ਹਾਂ ਨੂੰ ਬਚਾਉਣ ਲਈ ਪਹੁੰਚੇ ਅਤੇ ਉਨ੍ਹਾਂ ਨੇ ਫਾਇਰ ਬ੍ਰਿਗੇਡ ਸੇਵਾ ਅਤੇ ਪੁਲਸ ਨੂੰ ਘਟਨਾ ਦੀ ਜਾਣਕਾਰੀ ਦਿੱਤੀ।