ਦੇਵਰੀਆ, 2 ਅਕਤੂਬਰ (ਪੋਸਟ ਬਿਊਰੋ): ਉੱਤਰ ਪ੍ਰਦੇਸ਼ ਦੇ ਦੇਵਰੀਆ ਜਿ਼ਲ੍ਹੇ ਦੇ ਰੂਦਰਪੁਰ ਖੇਤਰ 'ਚ ਸੋਮਵਾਰ ਸਵੇਰੇ 2 ਪੱਖਾਂ ਵਿਚਾਲੇ ਜ਼ਮੀਨ ਦੇ ਵਿਵਾਦ ਨੂੰ ਲੈ ਕੇ ਇਕ ਹੀ ਪਰਿਵਾਰ ਦੇ 5 ਜੀਆਂ ਸਮੇਤ 6 ਲੋਕਾਂ ਦਾ ਕਤਲ ਕਰ ਦਿੱਤਾ ਗਿਆ। ਪੁਲਸ ਸੁਪਰਡੈਂਟ ਸੰਕਲਪ ਸ਼ਰਮਾ ਨੇ ਦੱਸਿਆ ਕਿ ਰੂਦਰਪੁਰ ਥਾਣਾ ਖੇਤਰ ਦੇ ਫਤਿਹਪੁਰ ਪਿੰਡ 'ਚ ਸੋਮਵਾਰ ਸਵੇਰੇ ਕਰੀਬ 6 ਵਜੇ ਜ਼ਮੀਨ ਦੇ ਵਿਵਾਦ ਨੂੰ ਲੈ ਕੇ ਸੱਤਿਆ ਪ੍ਰਕਾਸ਼ ਦੁਬੇ (54), ਉਸ ਦੀ ਪਤਨੀ ਕਿਰਨ (52), ਧੀ ਸਲੋਨੀ (18) ਅਤੇ ਨੰਦਿਨੀ (10), ਪੁੱਤ ਗਾਂਧੀ (15) ਦਾ ਕਤਲ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਅੱਜ ਸਵੇਰੇ ਜਿ਼ਲ੍ਹਾ ਪੰਚਾਇਤ ਮੈਂਬਰ ਪ੍ਰੇਮਚੰਦ ਯਾਦਵ (50) ਦਾ ਸੱਤਿਆ ਪ੍ਰਕਾਸ਼ ਦੁਬੇ ਦੇ ਪੱਖ ਦੇ ਲੋਕਾਂ ਨੇ ਕੁੱਟ-ਕੁੱਟ ਕੇ ਕਤਲ ਕਰ ਦਿੱਤਾ ਸੀ। ਉਸ ਤੋਂ ਬਾਅਦ ਹੋਏ ਸੰਘਰਸ਼ ਵਿਚ ਦੁਬੇ ਅਤੇ ਉਸ ਦੇ ਪਰਿਵਾਰ ਦੇ 4 ਜੀਆਂ ਦੀ ਮੌਤ ਹੋ ਗਈ।
ਵਿਸ਼ੇਸ਼ ਪੁਲਸ ਡਾਇਰੈਕਟਰ ਜਨਰਲ ਪ੍ਰਸ਼ਾਂਤ ਕੁਮਾਰ ਨੇ ਦੱਸਿਆ ਕਿ ਯਾਦਵ ਦੇ ਸਮਰਥਕਾਂ ਨੇ ਦੁਬੇ ਦੇ ਘਰ 'ਤੇ ਹਮਲਾ ਕਰ ਦਿੱਤਾ, ਜਿਸ ਵਿਚ ਦੁਬੇ ਸਮੇਤ 5 ਲੋਕ ਮਾਰੇ ਗਏ। ਉਨ੍ਹਾਂ ਦੱਸਿਆ ਕਿ ਦੋਹਾਂ ਪੱਖਾਂ ਵਿਚਾਲੇ ਜ਼ਮੀਨ ਨੂੰ ਲੈ ਕੇ ਵਿਵਾਦ ਸੀ। ਕੁਮਾਰ ਨੇ ਦੱਸਿਆ ਕਿ ਇਸ ਸਿਲਸਿਲੇ 'ਚ 2 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਘਟਨਾ ਦਾ ਨੋਟਿਸ ਲੈਂਦੇ ਹੋਏ ਅਧਿਕਾਰੀਆਂ ਨੂੰ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਕਰਨ ਦਾ ਨਿਰਦੇਸ਼ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਇਸ ਘਟਨਾ 'ਚ ਸੱਤਿਆ ਪ੍ਰਕਾਸ਼ ਦੁਬੇ ਦਾ ਪੁੱਤ ਅਨਮੋਲ ਜ਼ਖ਼ਮੀ ਹੋ ਗਿਆ ਹੈ ਅਤੇ ਉਸ ਨੂੰ ਮੈਡੀਕਲ ਕਾਲਜ ਰੈਫ਼ਲ ਕੀਤਾ ਗਿਆ ਹੈ।