ਢਾਕਾ, 28 ਸਤੰਬਰ (ਪੋਸਟ ਬਿਊਰੋ): ਯੂਰਪ ਦੀਆਂ ਮਰੀਨਟਾਈਮ ਕੰਪਨੀਆਂ ਬੰਗਲਾਦੇਸ਼ ਦੇ ਬੀਚਾਂ 'ਤੇ ਪੁਰਾਣੇ ਜਹਾਜ਼ਾਂ ਨੂੰ ਡੰਪ ਕਰ ਰਹੀਆਂ ਹਨ। ਇਹ ਬਹੁਤ ਖਰਾਬ ਹਾਲਤ ਵਿੱਚ ਹਨ। ਇਨ੍ਹਾਂ ਕਾਰਨ ਪਾਣੀ ਦਾ ਪ੍ਰਦੂਸ਼ਣ ਵਧ ਰਿਹਾ ਹੈ ਅਤੇ ਇਹ ਲੋਕਾਂ ਲਈ ਖਤਰਨਾਕ ਵੀ ਸਾਬਤ ਹੋ ਰਹੇ ਹਨ।
ਹਿਊਮਨ ਰਾਈਟਸ ਵਾਚ (ਐੱਚ.ਆਰ.ਡਬਲਯੂ.) ਦਾ ਕਹਿਣਾ ਹੈ ਕਿ ਇਹ ਜਹਾਜ਼ ਜ਼ਹਿਰ ਤੋਂ ਘੱਟ ਨਹੀਂ ਹਨ। ਉਨ੍ਹਾਂ ਦੀ ਹਾਲਤ ਇੰਨੀ ਮਾੜੀ ਹੈ ਕਿ ਉਨ੍ਹਾਂ ਨੂੰ ਸਿ਼ਪਯਾਰਡ ਵਿਚ ਲਿਜਾਣ ਵਾਲੇ ਅਤੇ ਉਨ੍ਹਾਂ ਦੇ ਹਿੱਸੇ ਵੱਖ ਕਰਨ ਵਾਲੇ ਮਜ਼ਦੂਰ ਮਰ ਰਹੇ ਹਨ।
ਅਲਜਜ਼ੀਰਾ ਦੀ ਰਿਪੋਰਟ ਮੁਤਾਬਕ ਓ.ਐੱਸ.ਐੱਚ.ਈ. ਫਾਊਂਡੇਸ਼ਨ ਚੈਰਿਟੀ ਦੇ ਡਾਇਰੈਕਟਰ ਰਿਪੁਨ ਚੌਧਰੀ ਦਾ ਕਹਿਣਾ ਹੈ ਕਿ ਬੰਗਲਾਦੇਸ਼ ਦੇ ਸਮੁੰਦਰੀ ਕੰਢੇ 'ਤੇ ਡੰਪ ਕੀਤੇ ਜਾਣ ਵਾਲੇ ਜਹਾਜ਼ ਵਿਚ ਅਜਬੇਸਟੋ ਨਾਮ ਦਾ ਖਣਿਜ ਹੁੰਦਾ ਹੈ। ਇਸ ਨਾਲ ਫੇਫੜਿਆਂ ਦਾ ਕੈਂਸਰ ਅਤੇ ਕਈ ਘਾਤਕ ਬੀਮਾਰੀਆਂ ਹੋ ਸਕਦੀਆਂ ਹਨ।
ਦੂਜੇ ਪਾਸੇ ਬੰਗਲਾਦੇਸ਼ ਦੀਆਂ ਸਿ਼ਪ ਬ੍ਰੇਕਿੰਗ ਕੰਪਨੀਆਂ ਮਜ਼ਦੂਰਾਂ ਦੀ ਸੁਰੱਖਿਆ ਲਈ ਕੋਈ ਕਦਮ ਨਹੀਂ ਚੁੱਕ ਰਹੀਆਂ।
ਬੰਗਲਾਦੇਸ਼ ਦੇ ਸੀਤਾਕੁੰਡ ਤੱਟ 'ਤੇ ਪੁਰਾਣੇ ਜਹਾਜ਼ਾਂ ਨੂੰ ਤੋੜਨ ਦਾ ਕੰਮ ਕੀਤਾ ਜਾਂਦਾ ਹੈ। ਇਹ ਦੁਨੀਆਂ ਦੇ ਸਭ ਤੋਂ ਵੱਡੇ ਸਿ਼ਪ ਬ੍ਰੇਕਿੰਗ ਯਾਰਡਾਂ ਵਿੱਚੋਂ ਇੱਕ ਹੈ। ਇੱਥੇ ਲੋਹੇ ਨੂੰ ਪਿਘਲਾ ਕੇ ਸਟੀਲ ਬਣਾਇਆ ਜਾਂਦਾ ਹੈ, ਜੋ ਕਾਫ਼ੀ ਸਸਤਾ ਹੁੰਦਾ ਹੈ। ਇਹ ਉਹ ਥਾਂ ਹੈ ਜਿੱਥੇ ਯੂਰਪੀਅਨ ਸਮੁੰਦਰੀ ਕੰਪਨੀਆਂ ਆਪਣੇ ਖਰਾਬ ਹੋਏ ਜਹਾਜ਼ਾਂ ਨੂੰ ਛੱਡ ਰਹੀਆਂ ਹਨ।
ਐੱਚ.ਆਰ.ਡਬਲਯੂ. ਅਨੁਸਾਰ, ਯੂਰਪੀਅਨ ਕੰਪਨੀਆਂ ਨੇ 2020 ਤੋਂ ਹੁਣ ਤੱਕ ਸੀਤਾਕੁੰਡਾ ਤੱਟ 'ਤੇ 520 ਜਹਾਜ਼ ਛੱਡੇ ਹਨ। ਇੱਥੇ ਹਜ਼ਾਰਾਂ ਕਾਮੇ ਬਿਨ੍ਹਾਂ ਸੁਰੱਖਿਆ ਗਿਅਰ ਦੇ ਇਨ੍ਹਾਂ ਜਹਾਜ਼ਾਂ ਨੂੰ ਤੋੜ ਦਿੰਦੇ ਹਨ। ਐੱਚ.ਆਰ.ਡਬਲਯੂ. ਖੋਜਕਰਤਾ ਜੂਲੀਆ ਬਲੈਕਨਰ ਦਾ ਕਹਿਣਾ ਹੈ ਕਿ ਜਹਾਜ਼ਾਂ ਨੂੰ ਯਾਰਡਾਂ ਵਿੱਚ ਸਕਰੈਪ ਵਿੱਚ ਤਬਦੀਲ ਕਰਨ ਵਾਲੀਆਂ ਬੰਗਲਾਦੇਸ਼ੀ ਕੰਪਨੀਆਂ ਲੋਕਾਂ ਦੀ ਜਿ਼ੰਦਗੀ ਅਤੇ ਵਾਤਾਵਰਣ ਦੀ ਪ੍ਰਵਾਹ ਕੀਤੇ ਬਿਨ੍ਹਾਂ ਸਿਰਫ ਲਾਭ ਬਾਰੇ ਸੋਚ ਰਹੀਆਂ ਹਨ।