ਹਾਜੀਪੁਰ, 28 ਸਤੰਬਰ (ਪੋਸਟ ਬਿਊਰੋ): ਬਿਹਾਰ ਦੇ ਵੈਸ਼ਾਲੀ ਜਿ਼ਲ੍ਹੇ ਦੇ ਬਿਦੂਪੁਰ ਥਾਣਾ ਖੇਤਰ ਤੋਂ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਇਕ ਨੌਜਵਾਨ ਨੂੰ ਵਿਆਹ ਨਾ ਕਰਨ ਦੀ ਧਮਕੀ ਦਿੱਤੀ ਗਈ ਅਤੇ ਜਦੋਂ ਉਹ ਲਾੜਾ ਬਣ ਗਿਆ ਤਾਂ ਵੀਰਵਾਰ ਨੂੰ ਅਣਪਛਾਤੇ ਅਪਰਾਧੀਆਂ ਨੇ ਉਸ ਦੀ ਜਾਨ ਲੈ ਲਈ। ਪੁਲਿਸ ਹੁਣ ਪੂਰੇ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ।
ਦਰਅਸਲ, ਇਹ ਪੂਰਾ ਮਾਮਲਾ ਬਿਦੂਪੁਰ ਥਾਣਾ ਖੇਤਰ ਦਾ ਹੈ ਜਿੱਥੇ ਵੀਰਵਾਰ ਨੂੰ ਅਪਰਾਧੀਆਂ ਨੇ ਉਚੀਡੀਹ ਪਿੰਡ ਦੇ ਰਹਿਣ ਵਾਲੇ ਪੰਕਜ ਕੁਮਾਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਪੁਲਿਸ ਅਨੁਸਾਰ ਪੰਕਜ ਸਵੇਰੇ ਹਾਜੀਪੁਰ ਉਦਯੋਗਿਕ ਖੇਤਰ ਤੋਂ ਬਿਸਕੁਟ ਫੈਕਟਰੀ ਵਿੱਚ ਕੰਮ ਕਰਕੇ ਘਰ ਪਰਤ ਰਿਹਾ ਸੀ ਤਾਂ ਰਹੀਮਪੁਰ ਚੌਕ ਨੇੜੇ ਅਪਰਾਧੀਆਂ ਨੇ ਉਸ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਅਪਰਾਧੀਆਂ ਦੀ ਗਿਣਤੀ ਦੋ ਦੱਸੀ ਜਾ ਰਹੀ ਹੈ ਜੋ ਬਾਈਕ 'ਤੇ ਸਵਾਰ ਹੋ ਕੇ ਆਏ ਸਨ।
ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਅਣਪਛਾਤੇ ਲੋਕਾਂ ਨੇ ਪੰਕਜ ਨੂੰ ਵਿਆਹ ਨਾ ਕਰਨ ਦੀ ਹਦਾਇਤ ਕੀਤੀ ਸੀ। ਇਸ ਸਬੰਧੀ ਅਣਪਛਾਤੇ ਵਿਅਕਤੀਆਂ ਵੱਲੋਂ ਘਰ ਵਿਚ ਫੋਨ ਕਰਕੇ ਰਜਿਸਟਰੀ ਰਾਹੀਂ ਪੱਤਰ ਵੀ ਭੇਜਿਆ ਗਿਆ ਅਤੇ ਚਿਤਾਵਨੀ ਦਿੱਤੀ ਗਈ ਕਿ ਜੇਕਰ ਪੰਕਜ ਦਾ ਵਿਆਹ ਹੋਇਆ ਤਾਂ ਉਸ ਦਾ ਕਤਲ ਕਰ ਦਿੱਤਾ ਜਾਵੇਗਾ। ਇਹ ਸਿਲਸਿਲਾ ਵਿਆਹ ਤੋਂ ਬਾਅਦ ਵੀ ਜਾਰੀ ਰਿਹਾ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮ੍ਰਿਤਕ ਦਾ 27 ਮਈ ਨੂੰ ਵਿਆਹ ਹੋਇਆ ਸੀ ਅਤੇ ਵੀਰਵਾਰ ਨੂੰ ਉਸ ਦਾ ਕਤਲ ਕਰ ਦਿੱਤਾ ਗਿਆ। ਪੁਲਸ ਵਲੋਂ ਮੁਲਜ਼ਮਾਂ ਨੂੰ ਫੜ੍ਹਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।