ਇੰਫਾਲ, 28 ਸਤੰਬਰ (ਪੋਸਟ ਬਿਊਰੋ): ਮਣੀਪੁਰ ਵਿਚ ਦੋ ਵਿਦਿਆਰਥੀਆਂ ਦੀ ਮੌਤ ਨੂੰ ਲੈ ਕੇ ਵੀਰਵਾਰ ਸਵੇਰੇ ਵੀ ਹਿੰਸਕ ਪ੍ਰਦਰਸ਼ਨ ਜਾਰੀ ਰਿਹਾ ਅਤੇ ਇੰਫਾਲ ਵੈਸਟ ਵਿਚ ਹਿੰਸਕ ਭੀੜ ਨੇ ਡਿਪਟੀ ਕਮਿਸ਼ਨ (ਡੀ. ਸੀ.) ਦਫ਼ਤਰ 'ਚ ਭੰਨ-ਤੋੜ ਕੀਤੀ ਅਤੇ ਦੋ ਵਾਹਨਾਂ ਵਿਚ ਅੱਗ ਲਾ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਬੀਤੇ ਰਾਤ ਉਰੀਪੋਕ, ਯੈਸਕੁਲ, ਸਗੋਲਬੰਦ ਅਤੇ ਟੇਕਾ ਇਲਾਕਿਆਂ 'ਚ ਪ੍ਰਦਰਸ਼ਨਕਾਰੀਆਂ ਦੀ ਸੁਰੱਖਿਆ ਦਸਤਿਆਂ ਨਾਲ ਝੜਪ ਹੋਈ, ਜਿਸ ਕਾਰਨ ਸੁਰੱਖਿਆ ਦਸਤਿਆਂ ਨੂੰ ਸਥਿਤੀ 'ਤੇ ਕਾਬੂ ਪਾਉਣ ਲਈ ਹੰਝੂ ਗੈਸ ਦੇ ਕਈ ਗੋਲੇ ਛੱਡਣੇ ਪਏ। ਉਨ੍ਹਾਂ ਦੱਸਿਆ ਕਿ ਪ੍ਰਦਰਸ਼ਨਕਾਰੀਆਂ ਨੇ ਸੁਰੱਖਿਆ ਦਸਤਿਆਂ ਨੂੰ ਰਿਹਾਇਸ਼ੀ ਇਲਾਕਿਆਂ 'ਚ ਐਂਟਰ ਕਰਨ ਤੋਂ ਰੋਕਣ ਲਈ ਟਾਇਰ ਸਾੜ ਕੇ ਸੜਕਾਂ ਨੂੰ ਠੱਪ ਕਰ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਭੀੜ ਨੇ ਡੀ. ਸੀ. ਦਫ਼ਤਰ ਵਿਚ ਭੰਨ-ਤੋੜ ਕੀਤੀ ਅਤੇ ਦੋ ਚਾਰ ਪਹੀਆ ਵਾਹਨਾਂ ਨੂੰ ਫੂਕ ਦਿੱਤਾ।
ਦਰਅਸਲ ਮਣੀਪੁਰ 'ਚ ਵਿਦਿਆਰਥੀਆਂ ਦੀ ਅਗਵਾਈ ਵਿਚ ਇਹ ਹਿੰਸਾ ਮੰਗਲਵਾਰ ਨੂੰ ਉਦੋਂ ਸ਼ੁਰੂ ਹੋਈ, ਜਦੋਂ ਜੁਲਾਈ ਵਿਚ ਲਾਪਤਾ ਹੋਏ ਇਕ ਲੜਕੇ ਅਤੇ ਲੜਕੀ ਦੀਆਂ ਲਾਸ਼ਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ।
ਕੇਂਦਰੀ ਰਿਜ਼ਰਵ ਪੁਲਸ ਫੋਰਸ (ਸੀ. ਆਰ. ਪੀ. ਐੱਫ.) ਦੇ ਜਵਾਨਾਂ ਨੇ ਸਥਿਤੀ ਨੂੰ ਕਾਬੂ ਕੀਤਾ। ਇੰਫਾਲ ਈਸਟ ਅਤੇ ਇੰਫਾਲ ਵੈਸਟ ਜ਼ਿਲ੍ਹਿਆਂ 'ਚ ਸੁਰੱਖਿਆ ਦਸਤਿਆਂ ਦੇ ਹਿੰਸਕ ਪ੍ਰਦਰਸ਼ਨਾਂ ਨਾਲ ਨਜਿੱਠਣ ਦਰਮਿਆਨ ਕਰਫਿਊ ਫਿਰ ਤੋਂ ਲਾ ਦਿੱਤਾ ਗਿਆ। ਮਣੀਪੁਰ ਪੁਲਸ ਨੇ ਇਕ ਬਿਆਨ 'ਚ ਕਿਹਾ ਕਿ ਭੀੜ ਨੇ ਇਕ ਪੁਲਸ ਵਾਹਨ ਨੂੰ ਨਿਸ਼ਾਨਾ ਬਣਾਇਆ ਅਤੇ ਉਸ 'ਚ ਅੱਗ ਲਾ ਦਿੱਤੀ, ਜਦਕਿ ਇਕ ਪੁਲਸ ਮੁਲਾਜ਼ਮ ਨਾਲ ਕੁੱਟਮਾਰ ਕੀਤੀ ਅਤੇ ਉਸ ਦਾ ਹਥਿਆਰ ਖੋਹ ਲਿਆ। ਉਨ੍ਹਾਂ ਕਿਹਾ ਕਿ ਅਜਿਹੇ ਅਪਰਾਧ 'ਚ ਸ਼ਾਮਲ ਲੋਕਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਮਣੀਪੁਰ ਦੇ ਬਾਲ ਅਧਿਕਾਰਾਂ ਦੀ ਸੁਰੱਖਿਆ ਲਈ ਕਮਿਸ਼ਨ ਨੇ ਸੁਰੱਖਿਆ ਦਸਤਿਆਂ ਨੂੰ ਬੇਨਤੀ ਕੀਤੀ ਹੈ ਕਿ ਉਹ ਕਿਸ਼ੋਰਾਂ 'ਤੇ 'ਮਨਮਾਨੇ ਢੰਗ ਨਾਲ' ਲਾਠੀਚਾਰਜ, ਹੰਝੂ ਗੈਸ ਦੇ ਗੋਲੇ ਅਤੇ ਰਬੜ ਦੀਆਂ ਗੋਲੀਆਂ ਨਾ ਚਲਾਉਣ।