ਬੈਂਗਲੁਰੂ, 28 ਸਤੰਬਰ (ਪੋਸਟ ਬਿਊਰੋ): ਬੁੱਧਵਾਰ ਨੂੰ ਬੈਂਗਲੁਰੂ ਸ਼ਹਿਰ ਦੀ ਰਫ਼ਤਾਰ ਟ੍ਰੈਫਿਕ ਜਾਮ ਕਾਰਨ ਠੱਪ ਹੋ ਗਈ, ਸੜਕਾਂ 'ਤੇ ਕਈ ਘੰਟਿਆਂ ਤੱਕ ਵਾਹਨ ਫਸੇ ਰਹੇ। ਕਈ ਗੱਡੀਆਂ ਖ਼ਰਾਬ ਹੋ ਗਈਆਂ। ਦਰਅਸਲ ਬੈਂਗਲੁਰੂ 'ਚ ਇਹ ਜਾਮ ਕਿਸਾਨਾਂ ਅਤੇ ਕੰਨੜ ਸੰਗਠਨਾਂ ਦੀ ਕਰਨਾਟਕ ਜਲ ਸੁਰੱਖਿਆ ਕਮੇਟੀ ਵਲੋਂ ਬੁਲਾਏ ਗਏ ਬੈਂਗਲੁਰੂ ਬੰਦ ਦੇ ਇਕ ਦਿਨ ਬਾਅਦ ਲੱਗਾ ਹੈ।
ਕਰਨਾਟਕ ਦਾ ਬੈਂਗਲੁਰੂ ਸ਼ਹਿਰ ਲੰਬੇ ਟ੍ਰੈਫਿਕ ਜਾਮ ਕਾਰਨ ਸਹਿਮ ਗਿਆ। ਲੋਕਾਂ ਨੂੰ ਵੱਡੀ ਪ੍ਰੇਸ਼ਾਨੀ ਝੱਲਣੀ ਪਈ, ਕੁਝ ਕਿਲੋਮੀਟਰ ਦੀ ਦੂਰੀ ਦੋ ਘੰਟਿਆਂ ਵਿਚ ਤੈਅ ਕਰਨੀ ਪਈ। ਲੋਕ 5 ਘੰਟੇ ਤੋਂ ਵਧੇਰੇ ਸਮੇਂ ਤੱਕ ਭਾਰੀ ਟ੍ਰੈਫਿਕ ਜਾਮ ਵਿਚ ਫਸੇ ਰਹੇ। ਗਨੀਮਤ ਇਹ ਰਹੀ ਕਿ ਸਕੂਲਾਂ ਵਿਚ ਛੁੱਟੀ ਹੋਣ ਮਗਰੋਂ ਬੱਚੇ ਰਾਤ ਨੂੰ ਘਰ ਪਹੁੰਚ ਸਕੇ। ਟ੍ਰੈਫਿਕ ਜਾਮ ਨੂੰ ਲੈ ਕੇ ਤਮਾਮ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਆਪਣੀ ਪਰੇਸ਼ਾਨੀ ਅਤੇ ਬੇਬਸੀ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ।
ਜਾਣਕਾਰੀ ਮੁਤਾਬਕ ਇਹ ਬੰਦ ਤਾਮਿਲਨਾਡੂ ਨੂੰ ਕਾਵੇਰੀ ਨਦੀ ਦਾ ਪਾਣੀ ਛੱਡੇ ਜਾਣ ਦੇ ਵਿਰੋਧ ਵਿਚ ਬੁਲਾਇਆ ਗਿਆ ਸੀ। ਬੈਂਗਲੁਰੂ ਦੇ ਆਊਟਰ ਰਿੰਗ ਰੋਡ 'ਤੇ ਭਾਰੀ ਟ੍ਰੈਫਿਕ ਜਾਮ ਨੂੰ ਲੈ ਕੇ ਟ੍ਰੈਫਿਕ ਪੁਲਸ ਨੇ ਆਈ. ਟੀ. ਕੰਪਨੀਆਂ ਲਈ ਐਡਵਾਈਜ਼ਰੀ ਵੀ ਜਾਰੀ ਕੀਤੀ ਹੈ। ਲੋਕਾਂ ਨੇ ਕਿਹਾ ਕਿ ਉਹ ਕਰੀਬ 5 ਘੰਟੇ ਤੋਂ ਵਧੇਰੇ ਸਮੇਂ ਤੱਕ ਜਾਮ ਵਿਚ ਫਸੇ ਰਹੇ।