ਨਿਊ ਯੌਰਕ, 26 ਸਤੰਬਰ (ਪੋਸਟ ਬਿਊਰੋ) : ਮੰਗਲਵਾਰ ਨੂੰ ਇੱਕ ਜੱਜ ਵੱਲੋਂ ਇਹ ਫੈਸਲਾ ਸੁਣਾਇਆ ਗਿਆ ਹੈ ਕਿ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੌਨਲਡ ਟਰੰਪ ਨੇ ਕਈ ਸਾਲਾਂ ਤੱਕ ਫਰਾਡ ਕਰਕੇ ਆਪਣਾ ਰੀਅਲ ਅਸਟੇਟ ਦਾ ਐਂਪਾਇਰ ਖੜ੍ਹਾ ਕੀਤਾ ਤੇ ਜਿਸ ਕਾਰਨ ਉਹ ਮਸ਼ਹੂਰ ਹੋਏ ਤੇ ਉਨ੍ਹਾਂ ਦੀ ਐਂਟਰੀ ਵਾੲ੍ਹੀਟ ਹਾਊਸ ਵਿੱਚ ਹੋ ਸਕੀ। ਜੱਜ ਨੇ ਇਹ ਵੀ ਹੁਕਮ ਦਿੱਤਾ ਕਿ ਸਾਬਕਾ ਰਾਸ਼ਟਰਪਤੀ ਦੀਆਂ ਕੁੱਝ ਕੰਪਨੀਆਂ ਨੂੰ ਉਨ੍ਹਾਂ ਦੇ ਕੰਟਰੋਲ ਤੋਂ ਲੈ ਲਿਆ ਜਾਵੇ ਤੇ ਭੰਗ ਕਰ ਦਿੱਤਾ ਜਾਵੇ।
ਨਿਊ ਯੌਰਕ ਦੇ ਅਟਾਰਨੀ ਜਨਰਲ ਵੱਲੋਂ ਲਿਆਂਦੇ ਗਏ ਸਿਵਲ ਲਾਅਸੂਟ ਵਿੱਚ ਫੈਸਲਾ ਸੁਣਾਉਂਦਿਆਂ ਜੱਜ ਆਰਥਰ ਐਂਗਰੌਨ ਨੇ ਪਾਇਆ ਕਿ ਟਰੰਪ ਤੇ ਉਸ ਦੀ ਕੰਪਨੀ ਨੇ ਉਨ੍ਹਾਂ ਦੀ ਸੰਪਤੀ ਦਾ ਵੱਧ ਮੁੱਲ ਲਾ ਲਾ ਕੇ ਬੈਂਕਾਂ, ਇਸ਼ੋਰਰਜ਼ ਤੇ ਹੋਰਨਾਂ ਨੂੰ ਧੋਖਾ ਦਿੱਤਾ। ਇਸ ਦੇ ਨਾਲ ਹੀ ਟਰੰਪ ਤੇ ਕੰਪਨੀ ਨੇ ਉਨ੍ਹਾਂ ਦੀ ਸੰਪਤੀ ਦੀ ਕੁੱਲ ਕੀਮਤ ਨੂੰ ਕਾਗਜ਼ਾਂ ਵਿੱਚ ਵਧਾ ਚੜ੍ਹਾ ਕੇ ਪੇਸ਼ ਕੀਤਾ ਤੇ ਇਸ ਦੇ ਸਹਾਰੇ ਕਈ ਡੀਲਜ਼ ਕੀਤੀਆਂ ਤੇ ਕਰਜ਼ੇ ਲਏ।
ਐਂਗਰੌਨ ਨੇ ਹੁਕਮ ਦਿੱਤਾ ਕਿ ਟਰੰਪ ਦੇ ਕੁੱਝ ਬਿਜ਼ਨਸ ਲਾਇਸੰਸ ਸਜ਼ਾ ਵਜੋਂ ਰੱਦ ਕੀਤੇ ਜਾਣਗੇ, ਜਿਸ ਨਾਲ ਉਸ ਲਈ ਨਿਊ ਯੌਰਕ ਵਿੱਚ ਬਿਜ਼ਨਸ ਕਰਨਾ ਮੁਸ਼ਕਲ ਹੀ ਨਹੀਂ ਨਾਮੁਮਕਿਨ ਹੋ ਜਾਵੇਗਾ। ਉਨ੍ਹਾਂ ਇਹ ਵੀ ਆਖਿਆ ਕਿ ਉਹ ਟਰੰਪ ਦੀ ਆਰਗੇਨਾਈਜ਼ੇਸ਼ਨ ਦੇ ਕੰਮਕਾਜ ਉੱਤੇ ਨਿਗਰਾਨੀ ਕਰਨ ਲਈ ਆਜ਼ਾਦ ਨਿਗਰਾਨ ਦੀ ਜਿ਼ੰਮੇਵਾਰੀ ਵੀ ਲਾਉਣਗੇ। ਜੇ ਇਸ ਮਾਮਲੇ ਵਿੱਚ ਸਫਲਤਾਪੂਰਬਕ ਅਪੀਲ ਨਾ ਕੀਤੀ ਗਈ ਤਾਂ ਟਰੰਪ ਅਮਰੀਕਾ ਵਿੱਚ ਆਪਣੀਆਂ ਕੁੱਝ ਅਹਿਮ ਪ੍ਰੌਪਰਟੀਜ਼ ਦੇ ਸਬੰਧ ਵਿੱਚ ਰਣਨੀਤਕ ਤੇ ਵਿੱਤੀ ਫੈਸਲੇ ਲੈਣ ਤੋਂ ਵੀ ਵਾਂਝੇ ਹੋ ਜਾਣਗੇ।
ਟਰੰਪ ਨੇ ਇਸ ਫੈਸਲੇ ਨੂੰ ਗਲਤ ਦੱਸਦਿਆਂ ਆਖਿਆ ਕਿ ਇਹ ਸੱਭ ਉਨ੍ਹਾਂ ਦੇ ਮੁੜ ਵਾੲ੍ਹੀਟ ਹਾਊਸ ਜਾਣ ਲਈ ਚਲਾਈ ਜਾ ਰਹੀ ਕੈਂਪੇਨ ਨੂੰ ਨੁਕਸਾਨ ਪਹੁੰਚਾਉਣ ਲਈ ਕੀਤਾ ਜਾ ਰਿਹਾ ਹੈ।