ਟੈਕਸਾਸ, 26 ਸਤੰਬਰ (ਪੋਸਟ ਬਿਊਰੋ): ਟੇਸਲਾ ਦੇ ਸੀਈਓ ਐਲੋਨ ਮਸਕ ਨੇ ਸੋਮਵਾਰ ਨੂੰ ਟੈਕਸਾਸ ਗੀਗਾਫੈਕਟਰੀ ਵਿਖੇ ਹੰਗਰੀ ਦੀ ਰਾਸ਼ਟਰਪਤੀ ਕੈਟਲਿਨ ਨੋਵਾਕ ਨਾਲ ਮੁਲਾਕਾਤ ਕੀਤੀ। ਦੋਵਾਂ ਵਿਚਾਲੇ ਵੈਸਟਰਨ ਵਰਲਡ ਦੀ ਆਬਾਦੀ ਘਟਣ ਦੇ ਸੰਕਟ 'ਤੇ ਚਰਚਾ ਹੋਈ।
ਹੰਗਰੀ ਦੀ ਰਾਸ਼ਟਰਪਤੀ ਨੇ ਇਸ ਮੁਲਾਕਾਤ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਸ਼ੇਅਰ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਬੱਚੇ ਪੈਦਾ ਨਾ ਹੋਣਾ ਸਾਡੇ ਸਮਿਆਂ ਦੀ ਸਭ ਤੋਂ ਵੱਡੀ ਚਿੰਤਾ ਹੈ। ਮਸਕ ਨੇ ਵੀ ਇਨ੍ਹਾਂ ਤਸਵੀਰਾਂ ਨੂੰ ਰੀਪੋਸਟ ਕੀਤਾ ਹੈ। ਮਸਕ ਨੇ ਇਹ ਵੀ ਲਿਖਿਆ ਕਿ 'ਬੱਚੇ ਪੈਦਾ ਕਰਨਾ ਦੁਨੀਆਂ ਨੂੰ ਬਚਾਉਣਾ ਹੈ'।
ਇਸ ਮੀਟਿੰਗ ਵਿੱਚ ਨੋਵਾਕ ਨੇ ਮਸਕ ਨੂੰ ਕਿਹਾ ਕਿ ਜਲਵਾਯੂ ਪਰਿਵਰਤਨ ਦੇ ਖ਼ਤਰਿਆਂ ਦੀ ਤੁਲਨਾ ਵਿੱਚ, ਜਨਸੰਖਿਆ ਸੰਕਟ ਵੱਲ ਪੂਰਾ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬੇਔਲਾਦਤਾ (ਚਾਈਡਲੇਸਨੈਸ) ਸਾਡੇ ਸਮਿਆਂ ਦੀ ਸਭ ਤੋਂ ਵੱਡੀ ਚਿੰਤਾ ਹੈ।
ਨੋਵਾਕ ਨੇ ਕਿਹਾ ਕਿ ਮਸਕ ਨਾਲ ਗੱਲ ਕੀਤੀ ਕਿ ਅਸੀਂ ਨੌਜਵਾਨਾਂ ਨੂੰ ਬੱਚੇ ਪੈਦਾ ਕਰਨ ਲਈ ਉਤਸ਼ਾਹਿਤ ਕਰਨ ਲਈ ਇਕੱਠੇ ਕੀ ਕਰ ਸਕਦੇ ਹਾਂ। ਮਸਕ ਵੀ ਇਸ ਸਬੰਧੀ ਆਪਣੇ ਵਿਚਾਰ ਪ੍ਰਗਟ ਕਰਦੇ ਰਹੇ ਹਨ। ਹਾਲ ਹੀ ਵਿਚ ਉਨ੍ਹਾਂ ਕਿਹਾ ਸੀ ਕਿ ਪਾਪੂਲੇਸ਼ਨ ਕੋਲੇਪਸ' ਜਲਵਾਯੂ ਪਰਿਵਰਤਨ ਤੋਂ ਵੀ ਵੱਡਾ ਖ਼ਤਰਾ ਹੈ।