ਅਜ਼ਰਬੈਜਾਨ, 26 ਸਤੰਬਰ (ਪੋਸਟ ਬਿਊਰੋ): ਨਾਗੋਰਨੋ-ਕਾਰਾਬਾਖ ਵਿਚ ਵੱਖਵਾਦੀ ਅਧਿਕਾਰੀਆਂ ਨੇ ਮੰਗਲਵਾਰ ਨੂੰ ਕਿਹਾ ਕਿ ਇਕ ਗੈਸ ਸਟੇਸ਼ਨ 'ਤੇ ਹੋਏ ਧਮਾਕੇ ਵਿਚ ਘੱਟੋ-ਘੱਟ 20 ਲੋਕਾਂ ਦੀ ਮੌਤ ਹੋ ਗਈ ਅਤੇ 300 ਦੇ ਕਰੀਬ ਜ਼ਖਮੀ ਹੋ ਗਏ। ਪ੍ਰਥਕ ਖੇਤਰ ਦੇ ਸਿਹਤ ਵਿਭਾਗ ਨੇ ਕਿਹਾ ਕਿ ਖੇਤਰ ਦੀ ਰਾਜਧਾਨੀ ਸਟੇਪਨਾਕਰਟ ਦੇ ਬਾਹਰਵਾਰ ਇੱਕ ਗੈਸ ਸਟੇਸ਼ਨ 'ਤੇ ਸੋਮਵਾਰ ਦੇਰ ਰਾਤ ਨੂੰ ਹੋਏ ਧਮਾਕੇ ਤੋਂ ਬਾਅਦ 13 ਲਾਸ਼ਾਂ ਮਿਲੀਆਂ ਅਤੇ ਸੱਤ ਜ਼ਖਮੀ ਲੋਕਾਂ ਦੀ ਮੌਤ ਹੋ ਗਈ। ਸਿਹਤ ਵਿਭਾਗ ਨੇ ਦੱਸਿਆ ਕਿ 290 ਲੋਕਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਧਮਾਕੇ ਕਾਰਨ ਕਈ ਲੋਕਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਇਸ ਖੇਤਰ 'ਤੇ ਤਿੰਨ ਦਹਾਕਿਆਂ ਤੱਕ ਵੱਖਵਾਦੀਆਂ ਦਾ ਰਾਜ ਰਿਹਾ। ਅਜ਼ਰਬੈਜਾਨ ਦੀ ਫੌਜ ਵੱਲੋਂ ਪਿਛਲੇ ਹਫਤੇ ਇਲਾਕੇ 'ਤੇ ਪੂਰੀ ਤਰ੍ਹਾਂ ਦਾਅਵਾ ਕਰਨ ਲਈ ਮੁਹਿੰਮ ਸ਼ੁਰੂ ਕਰਨ ਤੋਂ ਬਾਅਦ ਹਜ਼ਾਰਾਂ ਨਾਗੋਰਨੋ-ਕਾਰਾਬਾਖ ਵਾਸੀ ਅਰਮੇਨੀਆ ਵੱਲ ਭੱਜ ਰਹੇ ਹਨ। ਇਸ ਦੌਰਾਨ ਧਮਾਕੇ ਦੀ ਇਹ ਘਟਨਾ ਵਾਪਰੀ।
ਜਿ਼ਕਰਯੋਗ ਹੈ ਕਿ ਅਜ਼ਰਬੈਜਾਨ ਦੀ ਫੌਜ ਦੇ ਕੰਟਰੋਲ ਵਿਚ ਆਉਣ ਤੋਂ ਬਾਅਦ ਹਜ਼ਾਰਾਂ ਲੋਕਾਂ ਨੇ ਨਾਗੋਰਨੋ-ਕਾਰਾਬਾਖ ਤੋਂ ਹਿਜਰਤ ਸ਼ੁਰੂ ਕਰ ਦਿੱਤੀ ਹੈ। ਅਜ਼ਰਬੈਜਾਨ ਦੀ ਫੌਜ ਨੇ ਇਸ 'ਤੇ ਪੂਰਾ ਕੰਟਰੋਲ ਸਥਾਪਿਤ ਕਰਨ ਤੋਂ ਬਾਅਦ ਹਜ਼ਾਰਾਂ ਅਰਮੀਨੀਆਈ ਨਾਗਰਿਕਾਂ ਨੂੰ ਨਾਗੋਰਨੋ-ਕਾਰਾਬਾਖ ਖੇਤਰ ਤੋਂ ਭੱਜਣ ਲਈ ਮਜ਼ਬੂਰ ਕੀਤਾ ਗਿਆ ਹੈ। ਇਸ ਦੌਰਾਨ, ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤੈਯਪ ਏਰਦੋਗਨ ਸੋਮਵਾਰ ਨੂੰ ਆਪਣੇ ਸਹਿਯੋਗੀ ਦੇਸ਼ ਨੂੰ ਸਮਰਥਨ ਦੇਣ ਲਈ ਅਜ਼ਰਬੈਜਾਨ ਦਾ ਦੌਰਾ ਕਰਨ ਵਾਲੇ ਹਨ। ਅਜ਼ਰਬਾਈਜਾਨੀ ਬਲਾਂ ਨੇ ਪਿਛਲੇ ਹਫਤੇ 24 ਘੰਟਿਆਂ ਦੀ ਮੁਹਿੰਮ ਵਿੱਚ ਅਰਮੀਨੀਆਈ ਬਲਾਂ ਨੂੰ ਹਰਾ ਦਿੱਤਾ।