ਸ਼ਾਹਡੋਲ, 22 ਸਤੰਬਰ (ਪੋਸਟ ਬਿਊਰੋ): ਮੱਧ ਪ੍ਰਦੇਸ਼ ਦੇ ਸ਼ਾਹਡੋਲ ਤੋਂ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਹੈ।ਦੱਸਿਆ ਜਾ ਰਿਹਾ ਹੈ ਕਿ ਇੱਥੇ ਇੱਕ ਮੱਝ ਦੇ ਖਿਲਾਫ ਮਾਮਲਾ ਦਰਜ ਕਰਵਾਇਆ ਗਿਆ ਹੈ।ਹਾਲਾਂਕਿ ਪੁਲਸ ਨੇ ਇਸ ਮਾਮਲੇ 'ਚ ਪਹਿਲਾਂ ਮੱਝ ਨੂੰ ਗ੍ਰਿਫਤਾਰ ਕੀਤਾ ਸੀ ਅਤੇ ਫਿਰ ਉਸ ਦੇ ਮਾਲਕ ਨੂੰ ਸੌਂਪ ਦਿੱਤਾ ਸੀ।ਦਰਅਸਲ, ਇਹ ਪੂਰਾ ਮਾਮਲਾ ਮੱਧ ਪ੍ਰਦੇਸ਼ ਦੇ ਸ਼ਾਹਡੋਲ ਜਿ਼ਲੇ ਦੇ ਗੋਹਪਾਰੂ ਥਾਣਾ ਖੇਤਰ ਦੇ ਪਿੰਡ ਅਸਵਾਰੀ ਦਾ ਹੈ।ਜਾਣਕਾਰੀ ਮਿਲੀ ਹੈ ਕਿ ਪਿੰਡ ਦੇ ਇੱਕ ਵਿਅਕਤੀ ਦੀ ਮੱਝ ਦੇ ਹਮਲੇ ਨਾਲ ਮੌਤ ਹੋ ਗਈ।ਇਸ ਤੋਂ ਬਾਅਦ ਗੁੱਸੇ 'ਚ ਆਏ ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਉਕਤ ਮੱਝ ਦੇ ਖਿਲਾਫ ਥਾਣੇ 'ਚ ਸਿ਼ਕਾਇਤ ਦਰਜ ਕਰਵਾਈ।
ਪੁਲੀਸ ਨੇ ਇਸ ਸਿ਼ਕਾਇਤ ਦੇ ਆਧਾਰ ’ਤੇ ਮੱਝ ਦੇ ਮਾਲਕ ਖਿ਼ਲਾਫ਼ ਕੇਸ ਵੀ ਦਰਜ ਕਰ ਲਿਆ ਹੈ।ਪੁਲਸ ਨੇ ਮੱਝ ਨੂੰ ਕਬਜ਼ੇ ਵਿੱਚ ਲੈ ਕੇ ਬਾਅਦ ਵਿਚ ਮਾਲਕ ਦੇ ਹਵਾਲੇ ਕਰ ਦਿੱਤਾ ਹੈ।ਦੱਸ ਦੇਈਏ ਕਿ ਜਿ਼ਲੇ ਦੇ ਗੋਹਪੜੂ ਥਾਣਾ ਖੇਤਰ ਦੇ ਪਿੰਡ ਆਸਵਾਰੀ ਦਾ ਰਹਿਣ ਵਾਲਾ ਸਿ਼ਵਮ ਸਿੰਘ ਗੌਂਡ ਆਪਣੇ ਘਰ ਦੇ ਕੋਲ ਖੜ੍ਹਾ ਸੀ ਤਾਂ ਗੁਆਂਢ ਦੇ ਹੀ ਰਹਿਣ ਵਾਲੇ ਲਾਲ ਸਿੰਘ ਨੇ ਉਸ ਦੇ ਪਸ਼ੂਆਂ ਨੂੰ ਘਰੋਂ ਬਾਹਰ ਕੱਢਿਆ ਅਤੇ ਉਨ੍ਹਾਂ ਨੂੰ ਚਰਾਉਣ ਲਈ ਜੰਗਲ ਵੱਲ ਲੈ ਗਿਆ ਸੀ। ਉਦੋਂ ਉਸ ਦੀ ਮੱਝ ਨੇ ਅਚਾਨਕ ਉਸ ਦੇ ਗੁਆਂਢੀ ਸਿ਼ਵਮ 'ਤੇ ਹਮਲਾ ਕਰ ਦਿੱਤਾ।ਇਸ ਹਮਲੇ ਵਿੱਚ ਸਿ਼ਵਮ ਨੂੰ ਗੰਭੀਰ ਸੱਟਾਂ ਲੱਗੀਆਂ।ਇਸ ਤੋਂ ਬਾਅਦ ਸਿ਼ਵਮ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਗੰਭੀਰ ਰੂਪ 'ਚ ਜ਼ਖਮੀ ਸ਼ਿਵਮ ਦੀ ਮੌਤ ਹੋ ਗਈ।