ਨੋਇਡਾ, 21 ਸਤੰਬਰ (ਪੋਸਟ ਬਿਊਰੋ): ਨੋਇਡਾ ਸੈਕਟਰ 39 ਦੀ ਪੁਲਸ ਅਤੇ ਇੱਕ ਅਪਰਾਧੀ ਵਿਚਕਾਰ ਮੁੱਠਭੇੜ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਪੋਕਸੋ ਐਕਟ ਤਹਿਤ ਬਲਾਤਕਾਰ ਦੇ ਦੋਸ਼ੀ ਨੇ ਪੁਲਿਸ ਦਾ ਹਥਿਆਰ ਖੋਹ ਕੇ ਪੁਲਿਸ ਨੂੰ ਮਾਰਨ ਦੀ ਕੋਸਿ਼ਸ਼ ਕੀਤੀ। ਦਰਅਸਲ, ਪੁਲਿਸ ਫਰੂਖਾਬਾਦ ਦੇ ਰਹਿਣ ਵਾਲੇ ਦੋਸ਼ੀ ਨੂੰ ਮੈਡੀਕਲ ਟੈਸਟ ਲਈ ਲੈ ਗਈ ਸੀ। ਮੁਲਜ਼ਮ ਨੇ ਪੁਲਿਸ ਕੋਲੋਂ ਭੱਜਣ ਦੀ ਕੋਸਿ਼ਸ਼ ਕੀਤੀ। ਮੁਲਜ਼ਮ ਨੇ ਪੁਲਿਸ ਦੀ ਪਿਸਤੌਲ ਖੋਹਣ ਦੀ ਕੋਸਿ਼ਸ਼ ਵੀ ਕੀਤੀ ਅਤੇ ਪੁਲਿਸ ’ਤੇ ਗੋਲੀ ਚਲਾਉਣ ਦੀ ਵੀ ਕੋਸਿ਼ਸ਼ ਕੀਤੀ। ਹਾਲਾਂਕਿ ਪੁਲਿਸ ਨੇ ਜਵਾਬੀ ਕਾਰਵਾਈ ਕਰਦੇ ਹੋਏ ਮੁਲਜ਼ਮ ਨੂੰ ਜ਼ਖਮੀ ਕਰ ਦਿੱਤਾ।
ਦਰਅਸਲ ਇਹ ਘਟਨਾ ਉਦੋਂ ਵਾਪਰੀ ਜਦੋਂ ਪੁਲਿਸ ਮੁਲਜ਼ਮ ਸੌਰਭ ਦਾ ਮੈਡੀਕਲ ਟੈਸਟ ਕਰਵਾਉਣ ਤੋਂ ਬਾਅਦ ਉਸ ਨੂੰ ਮੌਕੇ 'ਤੇ ਲੈ ਗਈ। ਇੱਥੇ ਪੁਲਿਸ ਮੁਲਜ਼ਮ ਨੂੰ ਵਾਰਦਾਤ ਨਾਲ ਸਬੰਧਤ ਕੱਪੜੇ ਬਰਾਮਦ ਕਰਨ ਲਈ ਆਪਣੇ ਨਾਲ ਲੈ ਕੇ ਆਈ ਸੀ। ਜਦੋਂ ਪੁਲਿਸ ਕੱਪੜੇ ਬਰਾਮਦ ਕਰਕੇ ਵਾਪਿਸ ਪਰਤਣ ਲੱਗੀ ਤਾਂ ਸੈਕਟਰ-42 ਨੇੜੇ ਪੁਲਿਸ ਦੀ ਗੱਡੀ ਵਿੱਚੋਂ ਅਚਾਨਕ ਹਵਾ ਨਿਕਲਣ ਦੀ ਆਵਾਜ਼ ਆਈ। ਇਸ ’ਤੇ ਪੁਲਿਸ ਟੀਮ ਨੇ ਉਤਰ ਕੇ ਗੱਡੀ ਦੀ ਚੈਕਿੰਗ ਕੀਤੀ। ਫਿਰ ਮੌਕਾ ਦੇਖ ਕੇ ਮੁਲਜ਼ਮ ਨੇ ਭੱਜਣ ਦੀ ਯੋਜਨਾ ਬਣਾਈ। ਇਸ ਦੌਰਾਨ ਮੁਲਜ਼ਮ ਨੇ ਸਬ-ਇੰਸਪੈਕਟਰ ਅਜੀਤ ਸਿੰਘ ਦਾ ਪਿਸਤੌਲ ਖੋਹ ਕੇ ਭੱਜਣ ਦੀ ਕੋਸਿ਼ਸ਼ ਕੀਤੀ। ਮੁਲਜ਼ਮ ਨੇ ਪੁਲਿਸ ਨੂੰ ਮਾਰਨ ਦੀ ਨੀਅਤ ਨਾਲ ਗੋਲੀਆਂ ਵੀ ਚਲਾਈਆਂ।