-ਮਹਿਲਾ ਪੁਲਿਸ ਅਧਿਕਾਰੀ ਨੇ ਕਿਹਾ ਸੀ: ‘ਮੈਂ ਕੋਈ ਕਾਂਸਟੇਬਲ ਨਹੀਂ ਜੋ ਐਨੇ ਕੁ ਪੈਸੇ ਦੇ ਰਹੋ ਹੋ’
ਹਾਜੀਪੁਰ, 21 ਸਤੰਬਰ (ਪੋਸਟ ਬਿਊਰੋ): ਅੱਜਕੱਲ੍ਹ ਰਿਸ਼ਵਤਖੋਰੀ ਦੀ ਕੋਈ ਨਾ ਕੋਈ ਘਟਨਾ ਸਾਹਮਣੇ ਆਉਂਦੀ ਰਹਿੰਦੀ ਹੈ। ਇੱਕ ਤਾਜ਼ਾ ਮਾਮਲਾ ਬਿਹਾਰ ਦਾ ਹੈ ਜਿੱਥੇ ਪੁਲਿਸ ਵਿਭਾਗ ਦੀ ਇੱਕ ਮਹਿਲਾ ਅਧਿਕਾਰੀ ਵੱਲੋਂ ਰਿਸ਼ਵਤ ਮੰਗਣ ਦੀ ਆਡੀਓ ਲੀਕ ਹੋਈ ਹੈ। ਰਿਸ਼ਵਤ ਲੈਣ ਵਾਲੀ ਮਹਿਲਾ ਪੁਲਸ ਅਧਿਕਾਰੀ ਨੇ ਪੀੜਤ ਪਰਿਵਾਰ ਦੀ ਮੱਦਦ ਕਰਨ ਦੇ ਨਾਮ 'ਤੇ 25,000 ਰੁਪਏ ਦੀ ਰਿਸ਼ਵਤ ਮੰਗੀ ਸੀ। ਹਾਲਾਂਕਿ ਅਧਿਕਾਰੀ ਦੀ ਆਡੀਓ ਲੀਕ ਹੁੰਦੇ ਹੀ ਪੁਲਿਸ ਵਿਭਾਗ ਜਾਗ ਗਿਆ ਅਤੇ ਕਾਰਵਾਈ ਕੀਤੀ।
ਦਰਅਸਲ, ਦੋਸ਼ੀ ਮਹਿਲਾ ਪੁਲਿਸ ਅਧਿਕਾਰੀ ਦਾ ਨਾਮ ਪੂਨਮ ਕੁਮਾਰੀ ਹੈ ਅਤੇ ਉਹ ਹਾਜੀਪੁਰ ਦੇ ਮਹਨਾਰ ਥਾਣੇ ਵਿਚ ਸਬ-ਇੰਸਪੈਕਟਰ ਦੇ ਅਹੁਦੇ 'ਤੇ ਤਾਇਨਾਤ ਹੈ। ਕੁਝ ਦਿਨ ਪਹਿਲਾਂ ਹੀ ਉਹ ਵਿਵਾਦਾਂ 'ਚ ਘਿਰ ਗਈ ਸੀ। ਉਸ ਨੇ ਲੜਕੀਆਂ ਦੇ ਹਾਈ ਸਕੂਲ ਦੀਆਂ ਵਿਦਿਆਰਥਣਾਂ 'ਤੇ ਹੱਥ ਚੁੱਕਿਆ ਸੀ, ਜਿਸ ਕਾਰਨ ਵਿਦਿਆਰਥਣਾਂ ਨੇ ਗੁੱਸੇ ਵਿਚ ਆ ਕੇ ਕਾਫੀ ਹੰਗਾਮਾ ਕੀਤਾ ਅਤੇ ਭੰਨਤੋੜ ਕੀਤੀ। ਕੁੱਟਮਾਰ ਦੇ ਇੱਕ ਮਾਮਲੇ ਵਿੱਚ ਅਧਿਕਾਰੀ ਨੇ ਪੀੜਤ ਪਰਿਵਾਰ ਤੋਂ ਰਿਸ਼ਵਤ ਦੀ ਮੰਗ ਕੀਤੀ ਸੀ।
ਜਾਣਕਾਰੀ ਮੁਤਾਬਕ ਪੀੜਤ ਪਰਿਵਾਰ ਨੇ ਰਿਸ਼ਵਤ ਲੈਣ ਵਾਲੀ ਮਹਿਲਾ ਪੁਲਿਸ ਅਧਿਕਾਰੀ ਨੂੰ ਇਕ ਵਾਰ 10 ਹਜ਼ਾਰ ਅਤੇ ਦੂਜੀ ਵਾਰ 5 ਹਜ਼ਾਰ ਰੁਪਏ ਦਿੱਤੇ ਸਨ। ਪਰ ਜਦੋਂ 25 ਹਜ਼ਾਰ ਰੁਪਏ ਦੀ ਰਾਸ਼ੀ ਨਾ ਮਿਲੀ ਤਾਂ ਮਹਿਲਾ ਅਧਿਕਾਰੀ ਗੁੱਸੇ ਵਿਚ ਆ ਗਈ। ਉਸ ਨੇ ਪੀੜਤ ਨੂੰ ਕਿਹਾ ਕਿ ਮੈਂ ਕੋਈ ਕਾਂਸਟੇਬਲ ਨਹੀਂ ਹਾਂ ਜੋ ਕਾਂਸਟੇਬਲ ਵਾਂਗ ਪੈਸੇ ਦੇ ਕੇ ਚਲੇ ਗਏ ਹੋ। ਕੰਮ ਨਹੀਂ ਹੋਵੇਗਾ, ਪੈਸੇ ਵਾਪਿਸ ਲੈ ਲਓ, ਨਹੀਂ ਤਾਂ ਮੰਗ ਪੂਰੀ ਕਰੋ। ਮਹਿਲਾ ਅਧਿਕਾਰੀ ਨੇ ਉਸ ਦੀ ਤਬੀਅਤ ਖਰਾਬ ਦੱਸਦਿਆਂ ਕਿਹਾ ਕਿ ਉਹ ਵਾਪਿਸ ਆ ਕੇ ਪੀੜਤਾ ਦਾ ਕੰਮ ਕਰੇਗੀ।
ਪੀੜਤਾ ਨੇ ਮਹਿਲਾ ਪੁਲਸ ਅਧਿਕਾਰੀ ਨਾਲ ਹੋਈ ਗੱਲਬਾਤ ਦੀ ਪੂਰੀ ਰਿਕਾਰਡਿੰਗ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ। ਵਾਇਰਲ ਵੀਡੀਓ ਦੇ ਆਧਾਰ 'ਤੇ ਵੈਸ਼ਾਲੀ ਜਿ਼ਲ੍ਹੇ ਦੇ ਐੱਸ.ਪੀ. ਨੇ ਸੀ.ਡੀ.ਪੀ.ਓ. ਨੂੰ ਜਾਂਚ ਕਰਨ ਲਈ ਕਿਹਾ ਹੈ ਅਤੇ ਭ੍ਰਿਸ਼ਟ ਪੁਲਿਸ ਅਧਿਕਾਰੀ ਨੂੰ ਮੁਅੱਤਲ ਕਰ ਦਿੱਤਾ ਹੈ। ਮਹਿਲਾ ਅਧਿਕਾਰੀ ਖਿਲਾਫ਼ ਵਿਭਾਗੀ ਕਾਰਵਾਈ ਵੀ ਕੀਤੀ ਜਾ ਰਹੀ ਹੈ।