ਗ੍ਰੇਟਰ ਨੋਇਡਾ, 20 ਸਤੰਬਰ (ਪੋਸਟ ਬਿਊਰੋ): ਯੂਪੀ ਦੇ ਗ੍ਰੇਟਰ ਨੋਇਡਾ ਵਿੱਚ ਇੱਕ 15 ਸਾਲ ਦੇ ਲੜਕੇ ਨੇ ਗਿਨੀਜ਼ ਵਰਲਡ ਰਿਕਾਰਡ ਵਿੱਚ ਆਪਣਾ ਨਾਮ ਦਰਜ ਕਰਵਾਇਆ ਹੈ। ਇਸ ਲੜਕੇ ਦਾ ਨਾਮ ਸਿਦਕਦੀਪ ਸਿੰਘ ਚਾਹਲ ਹੈ ਅਤੇ ਇਸ ਦੇ ਵਾਲ ਬਹੁਤ ਲੰਬੇ ਹਨ। ਸਿਦਕਦੀਪ ਦਾ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ਵਿਚ ਉਹ ਆਪਣੇ ਲੰਬੇ ਵਾਲਾਂ ਨੂੰ ਦਿਖਾਉਂਦੇ ਹੋਏ ਨਜ਼ਰ ਆ ਰਹੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਔਰਤਾਂ ਬਹੁਤ ਦੇਖਭਾਲ ਦੇ ਬਾਵਜੂਦ ਇੰਨੇ ਲੰਬੇ ਵਾਲ ਨਹੀਂ ਰੱਖ ਪਾਉਂਦੀਆਂ ਪਰ ਸਿਦਕਦੀਪ ਨੇ ਇਸ ਦੀ ਦੇਖਭਾਲ ਬਹੁਤ ਵਧੀਆ ਤਰੀਕੇ ਨਾਲ ਕੀਤੀ ਹੈ। ਉਸ ਨੂੰ ਬਹੁਤ ਲੰਬੇ ਵਾਲਾਂ ਵਾਲੇ ਇੱਕ ਜੀਵਤ ਪੁਰਸ਼ ਕਿਸ਼ੋਰ ਵਜੋਂ ਦਰਜ ਹੋਇਆ ਹੈ।
ਸਿਦਕਦੀਪ ਨੇ ਦੱਸਿਆ ਕਿ ਮੈਂ ਸਿੱਖ ਧਰਮ ਦਾ ਪਾਲਣ ਕਰਦਾ ਹਾਂ ਅਤੇ ਸਾਨੂੰ ਆਪਣੇ ਵਾਲ ਕੱਟਣ ਦੀ ਮਨਾਹੀ ਹੈ। ਆਪਣੇ ਵਾਲਾਂ ਨੂੰ ਇਸ ਲੰਬਾਈ ਤੱਕ ਪਹੁੰਚਾਉਣ ਲਈ ਮੈਨੂੰ ਬਹੁਤ ਦੇਖਭਾਲ ਕਰਨੀ ਪਈ। ਇਹ ਮੇਰੇ ਪਰਿਵਾਰ ਦੇ ਸਹਿਯੋਗ ਤੋਂ ਬਿਨ੍ਹਾਂ ਸੰਭਵ ਨਹੀਂ ਸੀ। ਮੇਰੀ ਮਾਂ ਬਚਪਨ ਤੋਂ ਹੀ ਮੇਰੇ ਵਾਲਾਂ ਦੀ ਦੇਖਭਾਲ ਕਰਦੀ ਸੀ।
ਸਿਦਕਦੀਪ ਨੇ ਕਿਹਾ ਕਿ ਬਚਪਨ ਤੋਂ ਮੈਂ ਕਦੇ ਆਪਣੇ ਵਾਲ ਨਹੀਂ ਕੱਟੇ ਅਤੇ ਨਾ ਹੀ ਕਦੇ ਉਨ੍ਹਾਂ 'ਤੇ ਕੈਂਚੀ ਵਰਤੀ ਹੈ। ਮੇਰੇ ਵਾਲ 15 ਸਾਲਾਂ ਤੋਂ ਲਗਾਤਾਰ ਵਧ ਰਹੇ ਹਨ। ਇਨ੍ਹਾਂ 15 ਸਾਲਾਂ ਵਿੱਚ ਮੈਨੂੰ ਆਪਣੇ ਵਾਲਾਂ ਦੀ ਬਹੁਤ ਦੇਖਭਾਲ ਕਰਨੀ ਪਈ ਹੈ, ਤਾਂ ਹੀ ਇਹ ਇੰਨੇ ਲੰਬੇ ਹੋ ਗਏ ਹਨ। ਇਸ ਕਾਰਨ ਸਮੱਸਿਆਵਾਂ ਵੀ ਪੈਦਾ ਹੋ ਗਈਆਂ। ਲੋਕ ਮੈਨੂੰ ਮੇਰੇ ਵਾਲਾਂ ਕਰਕੇ ਤੰਗ ਕਰਦੇ ਸਨ ਕਿਉਂਕਿ ਮੈਂ ਬਾਹਰ ਜਾ ਕੇ ਸੁਕਾਉਂਦਾ ਸੀ।
ਮੇਰੇ ਦੋਸਤ ਮੇਰਾ ਮਜ਼ਾਕ ਉਡਾਉਂਦੇ ਸਨ ਅਤੇ ਮੈਨੂੰ ਲੜਕੀ ਕਹਿੰਦੇ ਸਨ। ਪਰ ਮੈਨੂੰ ਉਨ੍ਹਾਂ ਦੇ ਕਹਿਣ ਦਾ ਕੋਈ ਫਿਕਰ ਨਹੀਂ ਸੀ ਕਿਉਂਕਿ ਮੈਨੂੰ ਪਤਾ ਸੀ ਕਿ ਉਹ ਸਿਰਫ਼ ਮਜ਼ਾਕ ਕਰ ਰਹੇ ਸਨ। ਮੈਂ ਇਸ ਨੂੰ ਪ੍ਰੇਰਣਾ ਵਜੋਂ ਲਿਆ ਕਿ ਮੈਂ ਹਾਲੇ ਹੋਰ ਵਾਲ ਵਧਾਉਣੇ ਹਨ।