ਜਬਲਪੁਰ, 19 ਸਤੰਬਰ (ਪੋਸਟ ਬਿਊਰੋ): ਮੱਧ ਪ੍ਰਦੇਸ਼ ਦੇ ਜਬਲਪੁਰ ਜਿ਼ਲੇ੍ਹ 'ਚ ਇਕ ਸਰਕਾਰੀ ਰਿਹਾਇਸ਼ੀ ਸਕੂਲ ਦੇ 100 ਤੋਂ ਵੱਧ ਵਿਦਿਆਰਥੀਆਂ ਨੂੰ ਸਕੂਲ ਦੇ ਹਾਸਟਲ ਮੈੱਸ ਵਿਚ ਰਾਤ ਦਾ ਖਾਣਾ ਖਾਣ ਤੋਂ ਬਾਅਦ ਜ਼ਹਿਰੀਲੇ ਭੋਜਨ ਨਾਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਇਕ ਅਧਿਕਾਰੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਜਬਲਪੁਰ ਜਿ਼ਲ੍ਹੇ ਦੇ ਰਾਮਪੁਰ ਛਪਾਰ ਖੇਤਰ ਵਿਚ ਸਥਿਤ ਸਕੂਲ ਦੇ ਵਿਦਿਆਰਥੀਆਂ ਨੇ ਸੋਮਵਾਰ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਢਿੱਡ ਵਿਚ ਦਰਦ ਦੀ ਸਿ਼ਕਾਇਤ ਕੀਤੀ ਅਤੇ ਉਲਟੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਘਟਨਾ ਤੋਂ ਬਾਅਦ ਸਕੂਲ ਸਟਾਫ਼ ਨੇ ਸਥਾਨਕ ਲੋਕਾਂ ਅਤੇ ਪੁਲਸ ਨਾਲ ਮਿਲ ਕੇ ਇਨ੍ਹਾਂ ਵਿਦਿਆਰਥੀਆਂ ਨੂੰ ਹਸਪਤਾਲ ਪਹੁੰਚਾਇਆ।
ਮੁੱਖ ਮੈਡੀਕਲ ਅਤੇ ਸਿਹਤ ਅਧਿਕਾਰੀ ਡਾਕਟਰ ਸੰਜੇ ਮਿਸ਼ਰਾ ਨੇ ਕਿਹਾ ਕਿ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਨੂੰ ਸੋਮਵਾਰ ਰਾਤ ਨੂੰ ਸਕੂਲ ਦੇ ਹਾਸਟਲ ਮੈੱਸ ਵਿਚ ਰਾਤ ਦਾ ਜ਼ਹਿਰੀਲਾ ਖਾਣਾ ਖਾਣ ਲਈ ਮਿਲਿਆ। ਵਿਦਿਆਰਥੀਆਂ ਨੂੰ ਸਕੂਲ ਸਟਾਫ਼, ਸਥਾਨਕ ਲੋਕਾਂ ਅਤੇ ਪੁਲਿਸ ਦੀ ਮੱਦਦ ਨਾਲ ਹਸਪਤਾਲ ਭੇਜਿਆ ਗਿਆ। ਮੁੱਖ ਮੈਡੀਕਲ ਅਫਸਰ ਨੇ ਦੱਸਿਆ ਕਿ ਸਾਰੇ ਬੱਚਿਆਂ ਦੀ ਹਾਲਤ ਸਥਿਰ ਹੈ। ਉਨ੍ਹਾਂ ਕਿਹਾ ਕਿ ਸਾਵਧਾਨੀ ਦੇ ਤੌਰ 'ਤੇ ਬੱਚਿਆਂ ਨੂੰ ਹਸਪਤਾਲ ਵਿਚ ਨਿਗਰਾਨੀ ਹੇਠ ਰੱਖਿਆ ਜਾਵੇਗਾ ਅਤੇ ਅੱਜ ਸ਼ਾਮ ਤੱਕ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਜਾਵੇਗੀ।