ਬਾਂਦੀਪੋਰਾ, 17 ਸਤੰਬਰ (ਪੋਸਟ ਬਿਊਰੋ): ਐਤਵਾਰ 17 ਸਤੰਬਰ ਨੂੰ ਜੰਮੂ-ਕਸ਼ਮੀਰ ਦੇ ਬਾਂਦੀਪੋਰਾ ਜਿ਼ਲੇ੍ਹ ਵਿਚ ਫੌਜ ਦੇ ਇਕ ਜਵਾਨ ਦੀ ਸਰਵਿਸ ਰਾਈਫਲ ਤੋਂ ਅਚਾਨਕ ਗੋਲੀ ਚੱਲ ਗਈ। ਇਸ ਕਾਰਨ ਇਕ ਫੌਜੀ ਦੀ ਮੌਤ ਹੋ ਗਈ, ਜਦਕਿ ਇਕ ਹੋਰ ਸਾਥੀ ਜ਼ਖਮੀ ਹੋ ਗਿਆ। ਬਾਂਦੀਪੋਰਾ ਜਿ਼ਲ੍ਹਾ ਪੁਲਿਸ ਨੇ ਸੋਸ਼ਲ ਮੀਡੀਆ 'ਤੇ ਮਾਮਲੇ ਦੀ ਜਾਣਕਾਰੀ ਦਿੱਤੀ।
ਜਾਣਕਾਰੀ ਮੁਤਾਬਕ ਮਾਮਲਾ 14 ਰਾਸ਼ਟਰੀ ਰਾਈਫਲਜ਼ ਦੇ ਕੈਂਪ ਨਾਲ ਸਬੰਧਤ ਹੈ। ਐਤਵਾਰ ਨੂੰ ਕੈਂਪ ਵਿਚ ਇਕ ਸਿਪਾਹੀ ਦੀ ਰਾਈਫਲ ਗਲਤੀ ਨਾਲ ਜ਼ਮੀਨ 'ਤੇ ਡਿੱਗ ਗਈ। ਜਿਸ ਕਾਰਨ ਰਾਈਫਲ ਤੋਂ ਫਾਇਰਿੰਗ ਹੋ ਗਈ। ਗੋਲੀਆਂ ਦੋ ਸਿਪਾਹੀਆਂ ਨੂੰ ਲੱਗੀਆਂ। ਦੋਵਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਇੱਕ ਨੂੰ ਮ੍ਰਿਤਕ ਐਲਾਨ ਦਿੱਤਾ। ਜਦਕਿ ਇੱਕ ਹੋਰ ਦਾ ਇਲਾਜ ਚੱਲ ਰਿਹਾ ਹੈ।
ਘਟਨਾ ਤੋਂ ਬਾਅਦ ਮੁਲਜ਼ਮ ਫੌਜੀ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ। ਪ੍ਰੋਟੋਕੋਲ ਅਨੁਸਾਰ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਕੈਂਪ ਵਿਚ ਮੌਜੂਦ ਹੋਰ ਜਵਾਨਾਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ, ਤਾਂ ਜੋ ਇਹ ਸਮਝਿਆ ਜਾ ਸਕੇ ਕਿ ਇਹ ਘਟਨਾ ਕਿਵੇਂ ਵਾਪਰੀ।