ਸੰਤਕਬੀਰ ਨਗਰ, 24 ਜੁਲਾਈ (ਪੋਸਟ ਬਿਊਰੋ): ਯੂਪੀ ਦੇ ਸੰਤਕਬੀਰ ਨਗਰ ਵਿੱਚ ਸੋਮਵਾਰ ਦੁਪਹਿਰ ਨੂੰ ਇੱਕ ਲੜਾਕੂ ਜਹਾਜ਼ ਦੇ ਦੋ ਈਧਨ ਟੈਂਕ ਅਸਮਾਨ ਤੋਂ ਖੇਤਾਂ ਵਿਚ ਡਿੱਗ ਗਏ। ਇਸ ਤੋਂ ਬਾਅਦ ਇਲਾਕੇ ਵਿਚ ਹੜਕੰਪ ਮਚ ਗਿਆ। ਹਫੜਾ-ਦਫੜੀ ਦੇ ਮਾਹੌਲ ਦਰਮਿਆਨ ਪਿੰਡ ਵਾਸੀਆਂ ਨੇ ਪੁਲਸ ਨੂੰ ਸੂਚਨਾ ਦਿੱਤੀ। ਪਿੰਡ ਵਾਸੀਆਂ ਨੇ ਪੁਲਿਸ ਨੂੰ ਦੱਸਿਆ ਕਿ ਦੋ ਮਿਜ਼ਾਈਲ ਵਰਗੇ ਯੰਤਰ ਅਸਮਾਨ ਤੋਂ ਡਿੱਗੇ ਸਨ। ਸੂਚਨਾ ਮਿਲਦੇ ਹੀ ਭਾਰੀ ਪੁਲਸ ਫੋਰਸ ਮੌਕੇ 'ਤੇ ਪਹੁੰਚ ਗਈ।
ਅਸਮਾਨ ਤੋਂ ਵਿਸਫੋਟਕ ਵਰਗੇ ਯੰਤਰ ਡਿੱਗਣ ਦੀ ਖ਼ਬਰ ਪੂਰੇ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣ ਗਈ। ਪਹਿਲਾਂ ਤਾਂ ਕਰੀਬ ਅੱਧੇ ਘੰਟੇ ਤੱਕ ਕਿਸੇ ਨੇ ਧਮਾਕੇ ਦੇ ਡਰੋਂ ਖੇਤ ਵੱਲ ਜਾਣ ਦੀ ਹਿੰਮਤ ਨਹੀਂ ਕੀਤੀ। ਬਾਅਦ ਵਿਚ ਜਿਵੇਂ ਹੀ ਪੁਲਿਸ ਪਹੁੰਚੀ ਤਾਂ ਲੋਕਾਂ ਦੀ ਭੀੜ ਇਕੱਠੀ ਹੋ ਗਈ।
ਹਾਲੇ ਵੀ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਕਿ ਇਹ ਕੀ ਹੈ।
ਇਹ ਸਾਰਾ ਮਾਮਲਾ ਜਿ਼ਲ੍ਹੇ ਦੇ ਕੋਤਵਾਲੀ ਖਲੀਲਾਬਾਦ ਇਲਾਕੇ ਦੇ ਝਿੰਕਲ ਬੰਜਾਰੀਆ ਦਾ ਹੈ। ਇੱਥੇ ਦੁਪਹਿਰ ਇੱਕ ਵਜੇ ਦੇ ਕਰੀਬ ਖੇਤਾਂ ਵਿਚ ਕੰਮ ਕਰ ਰਹੇ ਕਿਸਾਨਾਂ ਵਿਚ ਹੜਕੰਪ ਮੱਚ ਗਿਆ। ਕਿਸਾਨ ਦੌੜਦਾ ਹੋਇਆ ਆਪਣੇ ਪਿੰਡ ਪਹੁੰਚਿਆ ਅਤੇ ਲੋਕਾਂ ਨੂੰ ਦੱਸਿਆ ਕਿ ਅਸਮਾਨ ਤੋਂ ਦੋ ਮਿਜ਼ਾਈਲਾਂ ਡਿੱਗੀਆਂ ਹਨ। ਕਿਸਾਨ ਕਹਿੰਦੇ ਸਨ ਕਿ ਅਸਮਾਨ ਤੋਂ ਬਹੁਤ ਵੱਡੀ ਆਵਾਜ਼ ਨਾਲ ਕੋਈ ਵੱਡੀ ਚੀਜ਼ ਡਿੱਗੀ ਹੈ। ਦੋਵੇਂ ਮਸ਼ੀਨਾਂ ਪਾਣੀ ਨਾਲ ਭਰੇ ਝੋਨੇ ਦੇ ਖੇਤਾਂ ਵਿਚ ਡਿੱਗ ਗਈਆਂ ਹਨ।
ਇਸ ਤੋਂ ਬਾਅਦ ਸਥਾਨਕ ਪਿੰਡ ਵਾਸੀ ਖੇਤਾਂ ਵੱਲ ਚਲੇ ਗਏ ਅਤੇ ਫਿਰ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਗਈ। ਐੱਸ.ਪੀ. ਸਤਿਆਜੀਤ ਗੁਪਤਾ ਅਤੇ ਕਈ ਥਾਣਿਆਂ ਦੀ ਪੁਲਿਸ ਮੌਕੇ 'ਤੇ ਪਹੁੰਚ ਗਈ। ਐੱਸ.ਪੀ. ਦੀਆਂ ਹਦਾਇਤਾਂ ’ਤੇ ਦੋਵੇਂ ਯੰਤਰ ਸੀਲ ਕਰ ਦਿੱਤੇ ਗਏ। ਜਦਕਿ ਸਤਿਆਜੀਤ ਗੁਪਤਾ ਨੇ ਕਿਹਾ ਕਿ ਅਸੀਂ ਭਾਰਤੀ ਹਵਾਈ ਸੈਨਾ (ਆਈ.ਏ.ਐੱਫ.) ਨੂੰ ਸੂਚਿਤ ਕਰ ਦਿੱਤਾ ਹੈ। ਇਹ ਯੰਤਰ ਜਹਾਜ਼ ਦੇ ਬਾਲਣ ਦੇ ਟੈਂਕ ਵਰਗੇ ਦਿਖਾਈ ਦਿੰਦੇ ਹਨ।