ਵਾਸਿ਼ੰਗਟਨ, 9 ਜੂਨ (ਪੋਸਟ ਬਿਊਰੋ):ਕੈਨੇਡਾ ਇਨ੍ਹੀਂ ਦਿਨੀਂ ਭਿਆਨਕ ਜੰਗਲੀ ਅੱਗ ਦੀ ਲਪੇਟ 'ਚ ਹੈ। ਅੱਗ ਇੰਨੀ ਖ਼ਤਰਨਾਕ ਹੈ ਕਿ ਇਸ ਦਾ ਅਸਰ ਦੱਖਣ ਤੋਂ ਗੁਆਂਢੀ ਦੇਸ਼ ਅਮਰੀਕਾ ਤੱਕ ਪਹੁੰਚ ਗਿਆ ਹੈ। ਇਸ ਕਾਰਨ ਅਮਰੀਕਾ ਦੇ ਨਿਊਯਾਰਕ ਸਿਟੀ ਅਤੇ ਹੋਰ ਇਲਾਕਿਆਂ ਵਿੱਚ ਸੰਤਰੀ ਰੰਗ ਦੇ ਧੂੰਏਂ ਨੇ ਆਪਣੀ ਲਪੇਟ ਵਿੱਚ ਲੈ ਲਿਆ। ਸਥਿਤੀ ਦੇ ਮੱਦੇਨਜ਼ਰ ਸਿਹਤ ਅਧਿਕਾਰੀਆਂ ਨੇ ਲੋਕਾਂ ਨੂੰ ਚੇਤਾਵਨੀ ਜਾਰੀ ਕੀਤੀ ਹੈ। ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਨੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਫੋਨ 'ਤੇ ਗੱਲਬਾਤ ਕੀਤੀ।
ਕੈਨੇਡਾ ਇਸ ਸਮੇਂ ਆਪਣੇ ਸਭ ਤੋਂ ਭਿਆਨਕ ਜੰਗਲੀ ਅੱਗਾਂ ਵਿੱਚੋਂ ਇੱਕ ਨਾਲ ਲੜ ਰਿਹਾ ਹੈ। ਕੈਨੇਡੀਅਨ ਨੈਸ਼ਨਲ ਫਾਇਰ ਡੇਟਾਬੇਸ ਦੇ ਅਨੁਸਾਰ, ਦੇਸ਼ ਦਾ 3[8 ਮਿਲੀਅਨ ਹੈਕਟੇਅਰ ਵਿਚ ਜੰਗਲੀ ਅੱਗ ਦਾ ਖ਼ਤਰਾ ਹੈ। ਰਿਪੋਰਟਾਂ ਅਨੁਸਾਰ ਕੈਨੇਡਾ ਭਰ ਵਿੱਚ 400 ਤੋਂ ਵੱਧ ਸਰਗਰਮ ਅੱਗਾਂ ਜਲ ਰਹੀਆਂ ਹਨ, ਜਿਨ੍ਹਾਂ ਵਿੱਚੋਂ 246 ਕਾਬੂ ਤੋਂ ਬਾਹਰ ਹਨ।
ਸਭ ਤੋਂ ਮਾੜੀ ਸਥਿਤੀ ਕਿਊਬਿਕ ਸੂਬੇ ਦੀ ਹੈ, ਜਿੱਥੇ 154 ਜਗ੍ਹਾ ਅੱਗ ਜਲ ਰਹੀ ਹੈ। ਇਹੀ ਕਾਰਨ ਹੈ ਕਿ ਕਿਊਬਿਕ ਨੇ ਲੋਕਾਂ ਨੂੰ ਬਾਹਰ ਕੱਢਣ ਦੇ ਹੁਕਮ ਦਿੱਤੇ ਹਨ। ਉਟਾਵਾ ਵਿੱਚ ਹਵਾ ਦੀ ਗੁਣਵੱਤਾ ਨੂੰ 10+ ਸ਼੍ਰੇਣੀ ਵਿੱਚ ਸ਼੍ਰੇਣੀਬੱਧ ਕੀਤਾ ਗਿਆ ਹੈ। ਐਨਵਾਇਰਮੈਂਟ ਕੈਨੇਡਾ ਦੇ ਏਅਰ ਕੁਆਲਿਟੀ ਹੈਲਥ ਇੰਡੈਕਸ 'ਤੇ ਇਹ ਸਭ ਤੋਂ ਮਾੜਾ ਪੱਧਰ ਹੈ ਜੋ ਬਹੁਤ ਜ਼ਿਆਦਾ ਜੋਖਮ ਨੂੰ ਦਰਸਾਉਂਦਾ ਹੈ। ਕੁਦਰਤੀ ਸਰੋਤ ਵਿਭਾਗ ਦੇ ਉੱਤਰੀ ਜੰਗਲਾਤ ਕੇਂਦਰ ਦੇ ਡਾਇਰੈਕਟਰ ਜਨਰਲ ਮਾਈਕ ਨੌਰਟਨ ਨੇ ਕਿਹਾ ਕਿ ਕੈਨੇਡਾ ਵਿੱਚ ਇਸ ਸਾਲ ਹੁਣ ਤੱਕ 2,214 ਜੰਗਲਾਂ ਵਿੱਚ ਅੱਗ ਲੱਗ ਚੁੱਕੀ ਹੈ। ਇਨ੍ਹਾਂ ਵਿੱਚ 30 ਲੱਖ ਹੈਕਟੇਅਰ ਤੋਂ ਵੱਧ ਰਕਬਾ ਸੜ ਗਿਆ ਹੈ।