ਲੰਡਨ, 5 ਜੂਨ (ਪੋਸਟ ਬਿਊਰੋ): ਬ੍ਰਿਟੇਨ ਦੇ ਰਾਜਾ ਚਾਰਲਸ ਤੀਜੇ ਨੇ ਸੋਮਵਾਰ ਨੂੰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਸ਼ੋਕ ਸੰਦੇਸ਼ ਭੇਜਿਆ। ਇਸ 'ਚ ਉਨ੍ਹਾਂ ਨੇ ਉੜੀਸਾ ਦੇ ਬਾਲਾਸੋਰ 'ਚ ਹੋਏ ਰੇਲ ਹਾਦਸੇ 'ਤੇ ਦੁੱਖ ਪ੍ਰਗਟ ਕੀਤਾ ਹੈ। ਸੰਦੇਸ਼ ਵਿੱਚ ਰਾਜਾ ਚਾਰਲਸ ਨੇ 43 ਸਾਲ ਪਹਿਲਾਂ ਆਪਣੇ ਉੜੀਸਾ ਦੌਰੇ ਨੂੰ ਵੀ ਯਾਦ ਕੀਤਾ।
ਬਕਿੰਘਮ ਪੈਲੇਸ ਵੱਲੋਂ ਜਾਰੀ ਬਿਆਨ ਵਿੱਚ ਚਾਰਲਸ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਮੇਰੀ ਪਤਨੀ ਮਹਾਰਾਣੀ ਕੈਮਿਲਾ ਅਤੇ ਮੈਂ ਦੋਵੇਂ ਬਾਲਾਸੋਰ ਹਾਦਸੇ ਦੀ ਖ਼ਬਰ ਤੋਂ ਦੁਖੀ ਹਾਂ। ਮੈਂ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਪ੍ਰਤੀ ਡੂੰਘੀ ਸੰਵੇਦਨਾ ਪ੍ਰਗਟ ਕਰਦਾ ਹਾਂ। ਭਾਰਤ ਅਤੇ ਭਾਰਤੀਆਂ ਦਾ ਸਾਡੇ ਦਿਲਾਂ ਵਿੱਚ ਵਿਸ਼ੇਸ਼ ਸਥਾਨ ਹੈ। ਮੇਰੇ ਕੋਲ 1980 ਵਿੱਚ ਉੜੀਸਾ ਦਾ ਦੌਰਾ ਕਰਨ ਅਤੇ ਉੱਥੇ ਦੇ ਕੁਝ ਲੋਕਾਂ ਨੂੰ ਮਿਲਣ ਦੀਆਂ ਯਾਦਾਂ ਅਜੇ ਵੀ ਹਨ।
ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਅਤੇ ਵਿਦੇਸ਼ ਸਕੱਤਰ ਜੇਮਸ ਕਲੇਵਰਲੇ ਨੇ ਵੀ ਹਾਦਸੇ ਵਿੱਚ ਮਾਰੇ ਗਏ ਲੋਕਾਂ ਪ੍ਰਤੀ ਸੰਵੇਦਨਾ ਪ੍ਰਗਟ ਕੀਤੀ ਹੈ। ਉਨ੍ਹਾਂ ਨੇ ਬਚਾਅ ਕਾਰਜ 'ਚ ਲੱਗੇ ਲੋਕਾਂ ਦੀ ਸ਼ਲਾਘਾ ਕੀਤੀ ਹੈ। ਕਿੰਗ ਚਾਰਲਸ -3 ਦਾ ਬਿਆਨ ਸ਼ਾਹੀ ਪਰਿਵਾਰ ਦੇ ਸਾਰੇ ਸੋਸ਼ਲ ਮੀਡੀਆ ਖਾਤਿਆਂ 'ਤੇ ਵੀ ਜਾਰੀ ਕੀਤਾ ਗਿਆ ਹੈ।