ਨਵੀਂ ਦਿੱਲੀ, 30 ਮਈ (ਪੋਸਟ ਬਿਊਰੋ): ਕੇਂਦਰ ਸਰਕਾਰ ਨੇ ਦੇਸ਼ ਦੇ 40 ਮੈਡੀਕਲ ਕਾਲਜਾਂ ਦੀ ਮਾਨਤਾ ਰੱਦ ਕਰ ਦਿੱਤੀ ਹੈ। ਜਦਕਿ 150 ਦੇ ਕਰੀਬ ਅਜਿਹੇ ਮੈਡੀਕਲ ਕਾਲਜ ਅਜੇ ਵੀ ਰਾਡਾਰ 'ਤੇ ਹਨ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਮੈਡੀਕਲ ਕਾਲਜਾਂ ਵਿੱਚ ਜਾਂਚ ਦੌਰਾਨ ਕਈ ਤਰ੍ਹਾਂ ਦੀਆਂ ਕਮੀਆਂ ਪਾਈਆਂ ਗਈਆਂ ਸਨ, ਜਿਨ੍ਹਾਂ ਦੀ ਮਾਨਤਾ ਰੱਦ ਕਰ ਦਿੱਤੀ ਗਈ ਹੈ। ਨੈਸ਼ਨਲ ਮੈਡੀਕਲ ਕਮਿਸ਼ਨ ਦੇ ਯੂਜੀ ਬੋਰਡ ਨੇ ਜਾਂਚ ਦੌਰਾਨ ਇਨ੍ਹਾਂ ਮੈਡੀਕਲ ਕਾਲਜਾਂ ਵਿੱਚ ਕਮੀਆਂ ਪਾਈਆਂ ਸਨ। ਇਸ ਤੋਂ ਬਾਅਦ ਹੀ ਉਨ੍ਹਾਂ ਦੀ ਮਾਨਤਾ ਰੱਦ ਕਰਨ ਦਾ ਫੈਸਲਾ ਲਿਆ ਗਿਆ ਹੈ।
ਹੁਣ ਤੱਕ ਜਿਨ੍ਹਾਂ 40 ਮੈਡੀਕਲ ਕਾਲਜਾਂ ਦੀ ਮਾਨਤਾ ਰੱਦ ਕੀਤੀ ਗਈ ਹੈ, ਉਹ ਗੁਜਰਾਤ, ਅਸਾਮ, ਪੁਡੂਚੇਰੀ, ਤਾਮਿਲਨਾਡੂ, ਪੰਜਾਬ, ਆਂਧਰਾ ਪ੍ਰਦੇਸ਼, ਤ੍ਰਿਪੁਰਾ ਅਤੇ ਪੱਛਮੀ ਬੰਗਾਲ ਦੇ ਹਨ। ਫਿਲਹਾਲ ਹੋਰ ਮੈਡੀਕਲ ਕਾਲਜਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ, ਜੇਕਰ ਇਹ ਕਾਲਜ ਵੀ ਜਾਂਚ ਦੌਰਾਨ ਮਿਆਰ 'ਤੇ ਖਰੇ ਨਹੀਂ ਉਤਰੇ ਤਾਂ ਉਨ੍ਹਾਂ ਦੀ ਮਾਨਤਾ ਵੀ ਰੱਦ ਹੋ ਸਕਦੀ ਹੈ।
ਨੈਸ਼ਨਲ ਮੈਡੀਕਲ ਕਮਿਸ਼ਨ ਨੇ ਇਹ ਕਦਮ ਇਨ੍ਹਾਂ ਕਾਲਜਾਂ ਵਿੱਚ ਕੈਮਰੇ, ਬਾਇਉਮੀਟ੍ਰਿਕ ਹਾਜ਼ਰੀ, ਫੈਕਲਟੀ ਆਦਿ ਵਰਗੀਆਂ ਮਹੱਤਵਪੂਰਨ ਚੀਜ਼ਾਂ ਦੀ ਘਾਟ ਪਾਏ ਜਾਣ ਤੋਂ ਬਾਅਦ ਚੁੱਕਿਆ ਹੈ। ਦੱਸ ਦੇਈਏ ਕਿ ਇਨ੍ਹਾਂ ਕਾਲਜਾਂ ਵਿੱਚ ਪਿਛਲੇ ਮਹੀਨੇ ਦੌਰਾਨ ਕੀਤੀ ਗਈ ਜਾਂਚ ਦੌਰਾਨ ਇਹ ਕਮੀਆਂ ਪਾਈਆਂ ਗਈਆਂ ਹਨ। ਹਾਲਾਂਕਿ, ਜਿਨ੍ਹਾਂ ਕਾਲਜਾਂ ਦੀ ਮਾਨਤਾ ਹੁਣ ਤੱਕ ਰੱਦ ਕੀਤੀ ਗਈ ਹੈ, ਉਨ੍ਹਾਂ ਕੋਲ ਅਪੀਲ ਕਰਨ ਦਾ ਵਿਕਲਪ ਹੈ।