ਟੋਰਾਂਟੋ, 23 ਮਾਰਚ (ਪੋਸਟ ਬਿਊਰੋ) : ਨੌਰਥ ਯੌਰਕ ਵਿੱਚ ਕਥਿਤ ਤੌਰ ਉੱਤੇ ਚਾਕੂ ਨਾਲ ਇੱਕ ਮਹਿਲਾ ਉੱਤੇ ਹਮਲਾ ਕਰਨ ਵਾਲੇ ਵਿਅਕਤੀ ਦੀ ਪੁਲਿਸ ਵੱਲੋਂ ਭਾਲ ਕੀਤੀ ਜਾ ਰਹੀ ਹੈ। ਟੋਰਾਂਟੋ ਪੁਲਿਸ ਨੇ ਇਸ ਵਿਅਕਤੀ ਦੀ ਸ਼ਨਾਖ਼ਤ ਵੀ ਕਰ ਲਈ ਹੈ।
ਜਾਂਚਕਾਰਾਂ ਦਾ ਕਹਿਣਾ ਹੈ ਕਿ ਇਹ ਘਟਨਾ 11 ਮਾਰਚ ਨੂੰ ਫਿੰਚ ਐਵਨਿਊ ਵੈਸਟ ਤੇ ਬਾਥਰਸਟ ਸਟਰੀਟ ਇਲਾਕੇ ਵਿੱਚ ਵਾਪਰੀ।ਪੁਲਿਸ ਵੱਲੋਂ ਇਸ ਸਬੰਧ ਵਿੱਚ ਬਹੁਤੇ ਵੇਰਵੇ ਮੁਹੱਈਆ ਨਹੀਂ ਕਰਵਾਏ ਗਏ ਬੱਸ ਇਹੋ ਪਤਾ ਲੱਗ ਸਕਿਆ ਹੈ ਕਿ ਇੱਕ ਪੁਰਸ਼ ਨੇ ਮਹਿਲਾ ਉੱਤੇ ਚਾਕੂ ਨਾਲ ਹਮਲਾ ਕੀਤਾ ਸੀ ਤੇ ਦੋਵੇਂ ਇੱਕ ਦੂਜੇ ਨੂੰ ਜਾਣਦੇ ਸਨ।
ਇਸ ਮਸ਼ਕੂਕ ਦੀ ਪਛਾਣ ਟੋਰਾਂਟੋ ਦੇ 59 ਸਾਲਾ ਲਿਓਨਿਡ ਯੁਜੇ਼ਫੋਵਿਚ ਵਜੋਂ ਹੋਈ ਹੈ।ਗ੍ਰਿਫਤਾਰ ਕੀਤੇ ਜਾਣ ਮਗਰੋਂ ਉਸ ਉੱਤੇ ਹਮਲਾ ਕਰਨ ਦੇ ਤਿੰਨ ਮਾਮਲਿਆਂ ਲਈ, ਗਲਾ ਘੁੱਟਣ, ਹਥਿਆਰ ਨਾਲ ਹਮਲਾ ਕਰਨ ਤੇ ਸ਼ਰੀਰਕ ਨੁਕਸਾਨ ਪਹੁੰਚਾਉਣ ਲਈ ਹਮਲਾ ਕਰਨ ਵਰਗੇ ਚਾਰਜਿਜ਼ ਲਾਏ ਜਾਣਗੇ।ਯੁਜੇ਼ਫੋਵਿਚ ਬਾਰੇ ਜਾਰੀ ਕੀਤੇ ਵੇਰਵਿਆਂ ਅਨੁਸਾਰ ਉਹ ਪੰਜ ਫੁੱਟ ਦਸ ਇੰਚ ਲੰਮਾਂ, 200 ਪਾਊਂਡ ਵਜ਼ਨੀ ਤੇ ਲੰਮੀਂ ਚੌੜੀ ਕੱਦਕਾਠੀ ਵਾਲਾ, ਗੰਜਾ ਤੇ ਕਲੀਨ ਸੇ਼ਵਨ ਵਿਅਕਤੀ ਹੈ।