Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ
 
ਟੋਰਾਂਟੋ/ਜੀਟੀਏ

ਮੇਰੀ ਪਾਕਿਸਤਾਨ ਫੇਰੀ : ਦੂਸਰਾ ਦਿਨ ਲਾਹੌਰ ਸ਼ਹਿਰ ਦੇ ਨਾਂ

March 21, 2023 04:59 AM

ਡਾ. ਸੁਖਦੇਵ ਸਿੰਘ ਝੰਡ 97798 81084

 
ਸਵੇਰੇ ਹੀ ਹੋਈ ਬਾਬਾ ਨਜਮੀ ਤੇ ਦੀਪ ਸਈਦਾ ਨਾਲ ਮੁਲਾਕਾਤ
ਅਸੀਂ ਖੁਸ਼ਕਿਸਮਤ ਸੀ ਕਿ ਲਾਹੌਰ ਵਿਚ ਦੂਸਰੇ ਦਿਨ ਸਵੇਰੇ ਹੀ ਸਾਡੀ ਮੁਲਾਕਾਤ ਲਹਿੰਦੇ ਪੰਜਾਬ ਦੇ ਪੰਜਾਬੀ ਦੇ ਸਿਰਮੌਰ ਕ੍ਰਾਂਤੀਕਾਰੀ ਕਵੀ ਬਾਬਾ ਨਜਮੀ ਜੀ ਅਤੇ ਪਾਕਿਸਤਾਨ ਵਿਚ ਔਰਤਾਂ ਦੀ ਆਜਾਦੀ ਲਈ ਅਤੇ ਮਜ਼ਲੂਮਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕਰ ਰਹੀ ਇਨਕਲਾਬੀ ਸ਼ਖ਼ਸੀਅਤ ਦੀਪ ਸਈਦਾ ਹੁਰਾਂ ਨਾਲ ਹੋ ਗਈ। ਇਨ੍ਹਾਂ ਨੇ ਪਾਕਿਸਤਾਨੀ ਪੰਜਾਬ ਵਿਚ ਉਰਦੂ ਦੀ ਬਜਾਏ ਪੰਜਾਬੀ ਮਾਂ-ਬੋਲੀ ਨੂੰ ਸਰਕਾਰੀ ਬੋਲੀ ਵਜੋਂ ਰੁਤਬਾ ਦੇਣ ਅਤੇ ਇਸ ਨੂੰ ਸਕੂਲੀ ਪੱਧਰ ‘ਤੇ ਪੜ੍ਹਾਉਣਾ ਆਰੰਭ ਕਰਨ, ਔਰਤਾਂ ਨੂੰ ਮਰਦਾਂ ਦੇ ਬਰਾਬਰ ਹੱਕ ਦੇਣ ਅਤੇ ਅਜਿਹੇ ਕਈ ਹੋਰ ਅਹਿਮ ਮੁੱਦਿਆਂ ਨੂੰ ਲੈ ਕੇ ਆਪਣੇ ਸਾਥੀਆਂ ਨਾਲ ਮਿਲ ਕੇ ਪਾਕਿਸਤਾਨ ਦੀ ਹਕੂਮਤ ਦੇ ਵਿਰੁੱਧ ਝੰਡਾ ਚੁੱਕਿਆ ਹੋਇਆ ਹੈ। ਦੀਪ ਸਈਦਾ ਏਨੀ ਨਿਡਰ ਅਤੇ ਬਹਾਦਰ ਔਰਤ ਹੈ ਕਿ ਕਈ ਵਾਰ ਉਹ ਵਿਚ ਇਕੱਲੀ ਵੀ ਮੈਦਾਨ ਵਿਚ ਡਟ ਜਾਂਦੀ ਹੈ। ਸਾਡੇ ਲਈ ਇਹ ਹੋਰ ਵੀ ਤਸੱਲੀ ਵਾਲੀ ਗੱਲ ਸੀ ਕਿ ਇਹ ਮੁਲਾਕਾਤ ਹੋਈ ਵੀ ਓਸੇ ਹੋਟਲ ‘ਗਰੈਂਡ ਪਾਮ’ ਵਿਚ, ਜਿਸ ਨੂੰ ਅਸੀਂ ਦੋ ਹਫ਼ਤਿਆਂ ਲਈ ਆਪਣਾ ‘ਰੈਣ-ਬਸੇਰਾ’ ਬਣਾਇਆ ਹੋਇਆ ਸੀ।

 
ਇਹ ਸਬੱਬ ਵੀ ਇਸ ਕਰਕੇ ਹੀ ਬਣਨਾ ਸੰਭਵ ਹੋ ਸਕਿਆ, ਕਿਉਂਕਿ ਸਾਡੇ ਮੇਜ਼ਬਾਨ ਅਹਿਮਦ ਰਜਾ ਪੰਜਾਬੀ ਦੀ ਇਨ੍ਹਾਂ ਦੋਹਾਂ ਸ਼ਖ਼ਸੀਅਤਾਂ ਨਾਲ ਗੂੜ੍ਹੀ ਨੇੜਤਾ ਹੈ ਅਤੇ ਉਹ ਖੁਦ ਆਪ ਇਨ੍ਹਾਂ ਦੋਹਾਂ ਮਹਾਨ ਸ਼ਖ਼ਸੀਅਤਾਂ ਨੂੰ ਸਾਨੂੰ ਮਿਲਾਉਣ ਲਈ ਸਵੇਰੇ ਦਸ ਕੁ ਵਜੇ ਇਸ ਹੋਟਲ ਵਿਚ ਲੈ ਆਏ। ਦਰਅਸਲ, ਇਹ ਤਿੰਨੇ ਸ਼ਖ਼ਸ ਅਤੇ ਇਨ੍ਹਾਂ ਦੇ ਹੋਰ ਸਰਗ਼ਰਮ ਸਾਥੀ ਤਾਰਿਕ ਜਟਾਲਾ, ਅਫ਼ਜ਼ਲ ਸਾਹਿਰ, ਇਕਬਾਲ ਕੈਸਰ, ਏਸਾਨ ਬਾਜਵਾ, ਆਦਿ ਮਿਲ ਕੇ ਲਹਿੰਦੇ ਪੰਜਾਬ ਵਿਚ ਪੰਜਾਬੀ ਨੂੰ ਸਕੂਲ ਪੱਧਰ ‘ਤੇ ਪੜ੍ਹਾਉਣਾ ਸੁਰੂ ਕਰਨ ਅਤੇ ਇਸ ਦੇ ਪ੍ਰਚਾਰ ਤੇ ਪਸਾਰ ਲਈ ਜੋਰਦਾਰ ਸੰਘਰਸ਼ ਕਰ ਰਹੇ ਹਨ। ਇਸ ਸਿਲਸਿਲੇ ਵਿੱਚ ਅਹਿਮਦ ਰਜਾ ਨੇ ਆਪਣੇ ਯੂਟਿਊਬ ਟੀ.ਵੀ.ਚੈਨਲ ਦਾ ਨਾਂ ਹੀ ‘ਪੰਜਾਬੀ ਪ੍ਰਚਾਰ ਟੀ.ਵੀ.’ ਰੱਖਿਆ ਹੋਇਆ ਹੈ ਅਤੇ ਉਹ ਇਸ ਮਹਾਨ ਕੰਮ ਲਈ ਸੰਘਰਸ਼ ਕਰ ਰਹੇ ਮੋਹਰੀ ਵਿਅੱਕਤੀਆਂ ਵਿਚ ਗਿਣਿਆਂ ਜਾਂਦਾ ਹੈ। ਹੋਰ ਤਾਂ ਹੋਰ, ਉਸ ਨੇ ਆਪਣੇ ਗੋਤਰ ‘ਵੱਟੂ’ ਨੂੰ ਅਹਿਮੀਅਤ ਦੇਣ ਦੀ ਬਜਾਏ ਆਪਣਾ ਤਖ਼ੱਲਸ ਵੀ ‘ਪੰਜਾਬੀ’ ਰੱਖਿਆ ਹੋਇਆ ਹੈ। ‘ਅੰਤਰਰਾਸ਼ਟਰੀ ਮਾਂ-ਬੋਲੀ ਦਿਵਸ’ ਅਤੇ ‘ਹੈਰੀਟੇਜ ਡੇਅ’ ਵਾਲੇ ਦਿਨਾਂ ਕ੍ਰਮਵਾਰ 21 ਫ਼ਰਵਰੀ ਤੇ 14 ਮਾਰਚ ਨੂੰ ਅਤੇ ਕਈ ਹੋਰ ਅਹਿਮ ਦਿਨਾਂ ‘ਤੇ ਉਹ ਸਾਰੇ ਮਿਲ ਕੇ ਲਹਿੰਦੇ ਪੰਜਾਬ ਵਿਚ ਪੰਜਾਬੀ ਬੋਲੀ ਦੇ ਪ੍ਰਚਾਰ ਅਤੇ ਪਸਾਰ ਲਈ ਰੈਲੀਆਂ ਕਰਦੇ ਹਨ ਅਤੇ ਜਲੂਸ ਕੱਢ ਕੇ ਆਪਣੀ ਆਵਾਜ਼ ਆਮ ਲੋਕਾਂ ਅਤੇ ਸਰਕਾਰ ਤੱਕ ਪਹੁੰਚਾਉਣ ਦਾ ਜੋਰਦਾਰ ਯਤਨ ਕਰਦੇ ਹਨ। ਉਨ੍ਹਾਂ ਦੇ ਇਹ ਯਤਨ ਪਿਛਲੇ ਕਈ ਸਾਲਾਂ ਤੋਂ ਬਾਕਾਇਦਾ ਜਾਰੀ ਹਨ ਪਰ ਪਾਕਿਸਤਾਨੀ ਸਰਕਾਰ ਦੇ ਕੰਨਾਂ ‘ਤੇ ਅਜੇ ਜੂੰ ਨਹੀਂ ਸਰਕ ਰਹੀ। ਉਨ੍ਹਾਂ ਵੱਲੋਂ ਕੀਤੇ ਜਾ ਰਹੇ ਇਨ੍ਹਾਂ ਸੁਹਿਰਦ ਯਤਨਾਂ ਤੋਂ ਇੰਜ ਲੱਗਦਾ ਹੈ ਕਿ ਉਹ ਪੰਜਾਬੀ ਦੇ ਇਸ ਮੁਹਾਵਰੇ ਵਾਲੀ ਇਹ “ਜੂੰ” ਸਰਕਾਰ ਦੇ ਕੰਨਾਂ ‘ਤੇ ਸਰਕਾ ਕੇ ਹੀ ਦਮ ਲੈਣਗੇ।

 
‘ਕਰੋਨਾ ਕਾਲ’ ਤੋਂ ਪਹਿਲਾਂ ਬਾਬਾ ਨਜਮੀ ਜੀ ਨੂੰ ਬਰੈਂਪਟਨ ਵਿਚਲੀਆਂ ਉਨ੍ਹਾਂ ਦੀਆਂ ਫੇਰੀਆਂ ਦੌਰਾਨ ਭਾਵੇਂ ਦੋ ਵਾਰ ਮੈਂ ਉਨ੍ਹਾਂ ਨੂੰ ਉੱਥੇ ਮਿਲ ਚੁੱਕਾ ਸੀ ਪਰ ਲਾਹੌਰ ਵਿਚ ਉਨ੍ਹਾਂ ਨਾਲ ਮੇਰੀ ਇਹ ਮੋਹ-ਭਿੱਜੀ ਮਿਲਣੀ ਵੱਖਰੀ ਕਿਸਮ ਦੀ ਸੀ। ਹੋਟਲ ਵਿਚ ਪਹੁੰਚਦਿਆਂ ਹੀ ਉਹ ਮੈਨੂੰ ਘੁੱਟ ਕੇ ਜੱਫੀ ਪਾ ਕੇ ਮਿਲੇ ਅਤੇ ਸਾਡੀ ਇਹ ਗਲਵੱਕੜੀ ਕਿੰਨਾਂ ਈ ਚਿਰ ਇੰਜ ਹੀ ਪਈ ਰਹੀ। ਮੇਰੇ ਬਾਕੀ ਸਾਥੀਆਂ ਨੂੰ ਵੀ ਉਹ ਬੜੇ ਤਪਾਕ ਨਾਲ ਮਿਲੇ। ਦੀਪ ਸਈਦਾ ਜੀ ਨਾਲ ਸਾਡੀ ਸਾਰਿਆਂ ਦੀ ਇਹ ਪਹਿਲੀ ਮੁਲਾਕਾਤ ਸੀ ਪਰ ਪਹਿਲੀ ਮਿਲਣੀ ਵਿਚ ਹੀ ਉਹ ਬੜੇ ਮਿਲਣਸਾਰ ਅਤੇ ਬਹੁਤ ਹੀ ਨਿੱਘੇ ਸੁਭਾਅ ਦੇ ਮਾਲਕ ਲੱਗੇ। ਅਸੀਂ ਸਾਰਿਆਂ ਨੇ ਮਿਲ਼ ਕੇ ਹੋਟਲ ਦੇ ਡਾਇਨਿੰਗ-ਹਾਲ ਵਿਚ ਬਰੇਕ-ਫਾਸਟ ਕੀਤਾ ਅਤੇ ਫਿਰ ਬਾਬਾ ਜੀ ਸਾਡੇ ਨਾਲ ਹੋਟਲ ਦੇ ਕਮਰੇ ਵਿਚ ਆ ਗਏ। ਦੀਪ ਜੀ ਨੇ ਉਸ ਦਿਨ ਕਿਸੇ ਜ਼ਰੂਰੀ ਕੰਮ ਦੇ ਲਈ ਲਾਹੌਰ ਤੋਂ ਬਾਹਰ ਜਾਣਾ ਸੀ। ਉਹ ਉਸ ਦਿਨ ਉਚੇਚੇ ਤੌਰ ‘ਤੇ ਸਾਨੂੰ ਕੇਵਲ ਮਿਲਣ ਲਈ ਹੀ ਆਏ ਸਨ, ਜਦ ਕਿ ਬਾਬਾ ਨਜਮੀ ਜੀ ਨਾਲ ਭੈਣ ਗੁਰਚਰਨ ਥਿੰਦ ਨੇ ‘ਪੰਜਾਬੀ ਪ੍ਰਚਾਰ ਟੀ.ਵੀ.’ ਅਤੇ ‘ਪੰਜਾਬੀ ਨੈਸ਼ਨਲ ਟੀ.ਵੀ.’ ਜਿਸ ਦੇ ਲਈ ਉਹ ਇਸ ਦੇ ਕੈਲਗਰੀ ਸਟੂਡੀਓ ਤੋਂ ਕੰਮ ਕਰਦੀ ਹੈ, ਦੋਹਾਂ ਦੇ ਲਈ ਸਾਂਝੀ ਇੰਟਰਵਿਊ ਰਿਕਾਰਡ ਕਰਨੀ ਸੀ।
ਬਾਬਾ ਨਜਮੀ ਨਾਲ ਹੋਈ ਦਿਲਚਸਪ ਇੰਟਰਵਿਊ
‘ਗਰੈਂਡ ਪਾਮ ਹੋਟਲ’ ਦੇ ਸਾਡੇ ਇਕ ਕਮਰੇ ਦੇ ਪਰਦਿਆਂ ਨੂੰ ਚੰਗੀ ਤਰ੍ਹਾਂ ਠੀਕ-ਠਾਕ ਕਰਕੇ ਅਤੇ ਸਾਹਮਣੇ ਵਾਲੇ ਪਾਸੇ ਲਾਈਟਾਂ ਵਗੈਰਾ ਲਗਾ ਕੇ ਇਸ ਨੂੰ ਟੀ.ਵੀ. ਸਟੂਡੀਓ ਦਾ ਰੂਪ ਦੇ ਦਿੱਤਾ ਗਿਆ ਅਤੇ ਬਾਬਾ ਨਜਮੀ ਜੀ ਨਾਲ ਇੰਟਰਵਿਊ ਆਰੰਭ ਹੋ ਗਈ। ਇੰਟਰਵਿਊ ਦੌਰਾਨ ਗੁਰਚਰਨ ਨੇ ਬਾਬਾ ਜੀ ਨੂੰ ਉਨ੍ਹਾਂ ਦੇ ਜੀਵਨ, ਪੰਜਾਬੀ ਬੋਲੀ ਪ੍ਰਤੀ ਉਨ੍ਹਾ ਦੇ ਮੋਹ-ਪਿਆਰ, ਲਹਿੰਦੇ ਪੰਜਾਬ ਵਿਚ ਪੰਜਾਬੀ ਦੀ ਮੌਜੂਦਾ ਸਥਿਤੀ, ਉਨ੍ਹਾਂ ਦੇ ਸੁਹਿਰਦ ਸਾਥੀਆਂ ਵੱਲੋਂ ਇਸ ਦੇ ਪ੍ਰਚਾਰ ਤੇ ਪਸਾਰ ਅਤੇ ਮਾਂ-ਬੋਲੀ ਵਜੋਂ ਇਸ ਨੂੰ ਬਣਦਾ ਲੋੜੀਂਦਾ ਸਥਾਨ ਅਤੇ ਮਾਨਤਾ ਦਿਵਾਉਣ ਲਈ ਕੀਤੇ ਜਾ ਰਹੇ ਯਤਨਾਂ ਬਾਰੇ ਬਹੁਤ ਸਾਰੇ ਸੁਆਲ ਕੀਤੇ ਜਿਨ੍ਹਾਂ ਦੇ ਜੁਆਬ ਬਾਬਾ ਜੀ ਨੇ ਬੜੇ ਠਰ੍ਹੰਮੇ ਨਾਲ ਵਿਸਥਾਰ ਸਹਿਤ ਆਪਣੀਆਂ ਕਈ ਹਰਮਨ-ਪਿਆਰੀਆਂ ਕਵਿਤਾਵਾਂ ਦੇ ਹਵਾਲੇ ਨਾਲ ਕਾਵਿ-ਮਈ ਅੰਦਾਜ਼ ਵਿਚ ਦੇ ਕੇ ਇਸ ਇੰਟਰਵਿਊ ਨੂੰ ਬੇਹੱਦ ਦਿਲਚਸਪ ਅਤੇ ਮਾਨਣਯੋਗ ਬਣਾਇਆ। ਇਸ ਗੱਲਬਾਤ ਦੌਰਾਨ ਉਨ੍ਹਾਂ ਦੇ ਮੁਖਾਰਬਿੰਦ ‘ਚੋਂ ਨਿਕਲੇ ਉਨ੍ਹਾਂ ਦੀ ਪੰਜਾਬੀ ਬੋਲੀ ਨਾਲ ਸਬੰਧਿਤ ਕਵਿਤਾ ਦੇ ਮਸ਼ਹੂਰ ਮਕਬੂਲ ਸਿਅਰ ਉਨ੍ਹਾਂ ਦੇ ਕਥਨਾਂ ਦੀ ਭਰਪੂਰ ਗਵਾਹੀ ਭਰ ਰਹੇ ਸਨ :
“ਅੱਖਰਾਂ ਵਿਚ ਸਮੁੰਦਰ ਰੱਖਾਂ, ਮੈਂ ਇਕਬਾਲ ਪੰਜਾਬੀ ਦਾ ।
ਝੱਖੜਾਂ ਦੇ ਵਿਚ ਰੱਖ ਦਿੱਤਾ ਏ, ਦੀਵਾ ਬਾਲ ਪੰਜਾਬੀ ਦਾ ।

ਜਿਹੜੇ ਆਖਣ ਵਿਚ ਪੰਜਾਬੀ, ਵੁਸਅਤ ਨਹੀਂ ਤਹਿਜ਼ੀਬ ਨਹੀਂ;
ਪੜ੍ਹ ਕੇ ਵੇਖਣ ਵਾਰਸ, ਬੁੱਲ੍ਹਾ, ਬਾਹੂ, ਲਾਲ ਪੰਜਾਬੀ ਦਾ ।“
ਦੋਹਾਂ ਟੀ.ਵੀ. ਚੈਨਲਾਂ ਦੇ ਲਈ ਇਕ ਹੋਰ ਇੰਟਰਵਿਊ ਗੁਰਚਰਨ ਥਿੰਦ ਵੱਲੋਂ ਲਹਿੰਦੇ ਤੇ ਚੜ੍ਹਦੇ ਪੰਜਾਬ ਵਿਚ ਲਿਖੀ ਜਾ ਰਹੀ ਕਵਿਤਾ ਬਾਰੇ ਬਾਬਾ ਨਜਮੀ ਜੀ ਅਤੇ ਮੇਰੇ ਨਾਲ ਸਾਂਝੇ ਤੌਰ ‘ਤੇ ਕੀਤੀ ਗਈ। ਬਾਬਾ ਨਜਮੀ ਜੀ ਨੇ ਇਸ ਦੌਰਾਨ ਜਿੱਥੇ ਲਹਿੰਦੇ ਪੰਜਾਬ ਦੇ ਹੋਰ ਕਈ ਕਵੀਆਂ ਦੇ ਹਵਾਲੇ ਨਾਲ ਆਪਣੀ ਕਾਵਿ-ਸਿਰਜਣਾ ਬਾਰੇ ਵੀ ਵਿਸਥਾਰ ਵਿਚ ਦੱਸਿਆ, ਉੱਥੇ ਮੈਂ ਭਾਈ ਵੀਰ ਸਿੰਘ, ਪ੍ਰੋ. ਮੋਹਨ ਸਿੰਘ, ਪ੍ਰੋ. ਪੂਰਨ ਸਿੰਘ, ਅੰਮ੍ਰਿਤਾ ਪ੍ਰੀਤਮ, ਸਿਵ ਕੁਮਾਰ ਬਟਾਲਵੀ ਬਾਰੇ ਸੰਖੇਪ ਜਿਕਰ ਕਰਨ ਤੋਂ ਬਾਅਦ ਅਜੋਕੇ ਦੌਰ ਦੇ ਸਿਰਮੌਰ ਕਵੀ ਸੁਰਜੀਤ ਪਾਤਰ, ਗੁਰਭਜਨ ਗਿੱਲ, ਓਂਕਾਰਪ੍ਰੀਤ, ਅਮਰ ਸੂਫੀ, ਸੁਖਵਿੰਦਰ ਅੰਮ੍ਰਿਤ, ਗੁਰਚਰਨ ਕੋਛੜ, ਸੁਰਜੀਤ ਕੌਰ, ਆਦਿ ਵੱਲੋਂ ਲਿਖੀਆਂ ਜਾ ਰਹੀਆਂ ਕਵਿਤਾਵਾਂ ਬਾਰੇ ਗੱਲ ਕੀਤੀ। ਇਸ ਦੌਰਾਨ ਮੈਨੂੰ ਬਾਬਾ ਨਜਮੀ ਜੀ ਦੇ ਨਾਲ ਵਾਲੀ ਕੁਰਸੀ ‘ਤੇ ਬੈਠ ਕੇ ਉਨ੍ਹਾਂ ਨਾਲ ਗੱਲਬਾਤ ਸਾਂਝੀ ਕਰਨ ਵਿਚ ਬੜਾ ਮਾਣ ਮਹਿਸੂਸ ਹੋ ਰਿਹਾ ਸੀ।
‘ਸ਼ਦਮਨ ਚੌਕ ਉਰਫ਼ ‘ਸ਼ਹੀਦ ਭਗਤ ਸਿੰਘ ਚੌਕ’ ਵਿਚ ਮਹਾਨ ਸ਼ਹੀਦਾਂ ਨੂੰ ਕੀਤਾ ਯਾਦ
ਬਾਬਾ ਨਜਮੀ ਹੁਰਾਂ ਨਾਲ ਇੰਟਰਵਿਊ ਤੋਂ ਬਾਅਦ ਬਾਰਾਂ ਕੁ ਵਜੇ ਅਸੀਂ ਲਾਹੌਰ ਦਾ ‘ਸ਼ਹੀਦ ਭਗਤ ਸਿੰਘ ਚੌਂਕ’ ਵੇਖਣ ਚੱਲ ਪਏ। ਇਹ ਪੁਰਾਣੀ ਲਾਹੌਰ ਜੇਲ੍ਹ ਦਾ ਉਹ ਹਿੱਸਾ ਹੈ ਜਿੱਥੇ ਭਾਰਤ ਦੀ ਆਜਾਦੀ ਲਈ ਜੂਝਣ ਵਾਲੇ ਤਿੰਨ ਸੂਰਮਿਆਂ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ 23 ਮਾਰਚ 1930 ਨੂੰ ਫਾਂਸੀ ‘ਤੇ ਲਟਕਾ ਕੇ ਸ਼ਹੀਦ ਕੀਤਾ ਗਿਆ ਸੀ। ਹੁਣ ਇਹ ਸਥਾਨ ਲਾਹੌਰ ਦੀ ਜੇਲ੍ਹ ਤੋਂ ਬਾਹਰਵਾਰ ਹੈ ਅਤੇ ਇਸ ਸਮੇਂ ਸਰਕਾਰੀ ਰਿਕਾਰਡ ਵਿੱਚ ਇਸ ਦਾ ਨਾਂ ‘ਸ਼ਦਮਨ ਚੌਂਕ’ ਹੈ। ਲਹਿੰਦੇ ਪੰਜਾਬ ਦੇ ਸੰਘਰਸ਼ਸੀਲ ਪੰਜਾਬੀਆਂ ਵੱਲੋਂ ਇਸ ਚੌਂਕ ਦਾ ਨਾਂ ਬਦਲ ਕੇ ‘ਸ਼ਹੀਦ ਭਗਤ ਸਿੰਘ ਚੌਂਕ’ ਰੱਖਣ ਦੀ ਮੰਗ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਉਠਾਈ ਜਾ ਰਹੀ ਹੈ, ਪਰ ਸਰਕਾਰ ਅਜੇ ਇਸ ਸਬੰਧੀ ਟਾਲ਼-ਮਟੋਲ਼ ਵਾਲੀ ਨੀਤੀ ਅਪਨਾਅ ਰਹੀ ਹੈ।। ਅਸੀਂ ਇਸ ਇਤਿਹਾਸਕ ਚੌਂਕ ਦੇ ਵਿਚਕਾਰ ਬਣੇ ਗੋਲ਼ ਦਾਇਰੇ ਵਿੱਚ ਖਲੋ ਕੇ ਤਸਵੀਰਾਂ ਖਿਚਵਾਈਆਂ, ਆਪਸ ਵਿਚ ਅਤੇ ਟੀ.ਵੀ. ਦੇ ਕੈਮਰੇ ਦੇ ਸਾਹਮਣੇ ਖਲੋ ਕੇ ਗੱਲਾਂ-ਬਾਤਾਂ ਸਾਂਝੀਆਂ ਕਰਦਿਆਂ ਹੋਇਆਂ ਤਿੰਨਾਂ ਸ਼ਹੀਦਾਂ ਦੀ ਮਹਾਨ ਕੁਰਬਾਨੀ ਨੂੰ ਯਾਦ ਕੀਤਾ ਅਤੇ ਪਾਕਿਸਤਾਨ ਦੀ ਸਰਕਾਰ ਤੋਂ ਇਸ ਚੌਂਕ ਦਾ ਨਾਂ ਬਦਲ ਕੇ ‘ਸ਼ਹੀਦ ਭਗਤ ਸਿੰਘ ਚੌਕ’ ਕਰਨ ਦੀ ਲਹਿੰਦੇ ਪੰਜਾਬ ਦੇ ਪੰਜਾਬੀਆਂ ਦੀ ਮੰਗ ਦਾ ਭਰਪੂਰ ਸਮੱਰਥਨ ਕੀਤਾ। ਸਾਡੀ ਇਹ ਵੀਡੀਓ ਸੋਸ਼ਲ-ਮੀਡੀਏ ‘ਤੇ ਕਾਫੀ ਵਾਇਰਲ ਹੋ ਰਹੀ ਹੈ।
ਸਿੱਖ ਰਾਜ ਦੇ ਆਖ਼ਰੀ ਮਹਾਰਾਜਾ ਦਲੀਪ ਸਿੰਘ ਦੀ ਬੇਟੀ ਸ਼ਹਿਜਾਦੀ ਬੰਬਾ ਦੀ ਕਬਰ ‘ਤੇ
ਸ਼ਦਮਨ ਚੌਕ, ਉਰਫ਼ ‘ਸ਼ਹੀਦ ਭਗਤ ਸਿੰਘ ਚੌਕ’ ਦੇ ਵਿਚਕਾਰ ਖਲੋ ਕੇ ਤਸਵੀਰਾਂ ਖਿਚਵਾ ਕੇ ਸ਼ਹੀਦਾਂ ਨੂੰ ਯਾਦ ਕਰਨ ਤੋਂ ਬਾਅਦ ਸਾਡੇ ਮੇਜ਼ਬਾਨ ਅਹਿਮਦ ਰਜਾ ਨੇ ਸਾਨੂੰ ਮਹਾਰਾਜਾ ਰਣਜੀਤ ਸਿੰਘ ਦੀ ਪੋਤਰੀ ਅਤੇ ਸਿੱਖ ਰਾਜ ਦੇ ਆਖ਼ਰੀ ਮਹਾਰਾਜਾ ਦਲੀਪ ਸਿੰਘ ਦੀ ਵੱਡੀ ਬੇਟੀ ਦੀ ‘ਆਖ਼ਰੀ ਆਰਾਮਗਾਹ’ (ਕਬਰ) ਵਿਖਾੳਣ ਦਾ ਪ੍ਰੋਗਰਾਮ ਬਣਾਇਆ। ਸ਼ਦਮਨ ਚੌਂਕ ਤੋਂ ਕਾਰ ਵਿਚ ਕੁਝ ਹੀ ਮਿੰਟ ਚੱਲ ਕੇ ਅਸੀਂ ਲਾਹੌਰ ਵਿਚ ਗੋਰਿਆਂ ਦੇ ਕਬਰਸਤਾਨ ਵਿਚ ਪਹੁੰਚ ਗਏ। ਪਾਠਕਾਂ ਨੂੰ ਭਲੀ-ਭਾਂਤ ਯਾਦ ਹੋਵੇਗਾ ਕਿ 1839 ਵਿਚ ਮਹਾਰਾਜਾ ਰਣਜੀਤ ਸਿੰਘ ਦੇ ਅਕਾਲ-ਚਲਾਣੇ ਤੋਂ ਬਾਅਦ ਮਹਾਰਾਜਾ ਦਲੀਪ ਸਿੰਘ ਨੂੰ 6-7 ਸਾਲ ਦੀ ਛੋਟੀ ਉਮਰ ਵਿਚ ਹੀ ਅੰਗਰੇਜ਼ ਆਪਣੀ ਹਿਰਾਸਤ ਵਿਚ ਲੈ ਕੇ ਇੰਗਲੈਂਡ ਲੈ ਗਏ ਸਨ ਅਤੇ ਉੱਥੇ ਉਸ ਨੂੰ ਪ੍ਰੇਰ ਕੇ ਜਾਂ ਪਤਾ ਨਹੀਂ ਡਰਾ ਧਮਕਾ ਕੇ ਈਸਾਈ ਧਰਮ ਗ੍ਰਹਿਣ ਕਰਵਾ ਲਿਆ ਗਿਆ ਸੀ। ਉਸ ਦੀਆਂ ਪੰਜ ਬੇਟੀਆਂ ਸਨ ਜਿਨ੍ਹਾਂ ਦੇ ਨਾਂ ਬੰਬਾ ਸੂਦਰਲੈਂਡ, ਸੋਫੀਆ ਦਲੀਪ ਸਿੰਘ ਅਤੇ ਕੈਥਰੀਨ ਹਿਲਡਾ ਦਲੀਪ ਸਿੰਘ, ਪੌਲੀਨ ਅਲੈਗਜੈਂਡਰਾ ਦਲੀਪ ਸਿੰਘ ਅਤੇ ਐਡਾ ਇਰੀਨ ਦਲੀਪ ਸਿੰਘ ਸਨ। ਇਨ੍ਹਾਂ ਵਿੱਚੋਂ ਪਹਿਲੀਆਂ ਤਿੰਨ ਮਹਾਰਾਜਾ ਦਲੀਪ ਸਿੰਘ ਦੀ ਮੌਤ ਤੋਂ ਬਾਅਦ ਇਕ ਵਾਰ ਆਪਣੇ ਬਾਪ ਦੇ ਜੱਦੀ ਸ਼ਹਿਰ ਲਾਹੌਰ ਆਈਆ ਸਨ। ਛੋਟੀਆ ਦੋਵੇਂ ਤਾਂ ਵਾਪਸ ਇੰਗਲੈਂਡ ਚਲੀਆ ਗਈਆਂ ਸਨ ਪਰ ਵੱਡੀ ਬੇਟੀ ਬੰਬਾ ਸੂਦਰਲੈਂਡ ਨੇ ਲਾਹੌਰ ਵਿਚ ਹੀ ਰਹਿਣ ਦੀ ਜਿਦ ਕੀਤੀ ਅਤੇ ਉਹ ਲਾਹੌਰ ਹੀ ਟਿਕੀ ਰਹੀ। ਉੱਥੇ ਹੀ ਉਸ ਦਾ ਆਖ਼ਰੀ ਸਮਾਂ ਆਇਆ ਅਤੇ ਉਸ ਨੂੰ ਲਾਹੌਰ ਵਿਚ ਗੋਰਿਆਂ ਦੇ ਇਸ ਕਬਰਸਤਾਨ ਵਿਚ ਦਫ਼ਨਾਅ ਦਿੱਤਾ ਗਿਆ। ਮੇਜ਼ਬਾਨ ਅਹਿਮਦ ਰਜਾ ਨੇ ਦੱਸਿਆ ਕਿ ਪਿਛਲੇ ਕੁਝ ਸਮੇਂ ਤੋਂ ਸ਼ਹਿਜਾਦੀ ਬੰਬਾ ਸੂਦਰਲੈਂਡ ਦੀ ਇਸ ਕਬਰ ਦੀ ਹਾਲਤ ਬੜੀ ਖ਼ਸਤਾ ਹੋ ਗਈ ਸੀ ਅਤੇ ਇਹ ਗੋਰਿਆਂ ਦੀਆਂ ਹੋਰ ਕਬਰਾਂ ਦੇ ਵਿਚਕਾਰ ਢੱਠੀ ਜਿਹੀ ਬਦਸੂਰਤ ਲੱਗਦੀ ਸੀ। ਪੰਜ ਕੁ ਸਾਲ ਪਹਿਲਾਂ ਉਨ੍ਹਾਂ ਸਮੇਤ ਸਿੱਖ ਰਾਜ ਦੇ ਕੁਝ ਹੋਰ ਮੁਸਲਿਮ ਹਮਦਰਦਾਂ ਨੇ ਮਿਲ ਕੇ ਇਸ ਨੂੰ ਨਵਾਂ ਸੰਗਮਰਮਰ ਲਗਵਾ ਕੇ ਮੁੜ ਤੋਂ ਸਥਾਪਿਤ ਕਰਨ ਦਾ ਫੈਸਲਾ ਕੀਤਾ ਅਤੇ ਅੱਜ ਸ਼ਹਿਜਾਦੀ ਬੰਬਾ ਸੂਦਰਲੈਂਡ ਦੀ ਇਹ ਕਬਰ ਇਸ ਕਬਰਸਤਾਨ ਵਿਚ ਬੜੀ ਖੂਬਸੂਰਤ ਹਾਲਤ ਵਿਚ ਮੌਜੂਦ ਹੈ।
ਅਸੀਂ ਬੜੇ ਸਤਿਕਾਰ ਨਾਲ ਇਸ ਦੇ ਕੋਲ ਸਿਰ ਵਾਲੇ ਪਾਸੇ ਖਲੋ ਗਏ ਅਤੇ ਅਹਿਮਦ ਰਜਾ ਦੇ ਕੈਮਰਾਮੈਨ ਫੈਸਲ ਮੁਹੰਮਦ ਨੇ ਸਾਡੀਆਂ ਇਸ ਸਮੇਂ ਯਾਦਗਾਰੀ ਤਸਵੀਰਾਂ ਖਿੱਚੀਆ। ਬੜੇ ਦੁਖੀ ਮਨ ਨਾਲ ਸਿੱਖ ਰਾਜ ਦੇ ਆਖ਼ਰੀ ਮਹਾਰਾਜੇ ਦਲੀਪ ਸਿੰਘ ਦੇ ਅਖੀਰਲੇ ਦੁਖਦਾਇਕ ਦਿਨਾਂ ਨੂੰ ਯਾਦ ਕੀਤਾ। ਆਪਣੀ ਮਾਂ ਮਹਾਰਾਣੀ ਜਿੰਦਾਂ ਤੋਂ ਜ਼ਬਰਦਸਤੀ ਵਿਛੋੜੇ ਗਏ ਉਸ ਛੇ-ਸੱਤ ਸਾਲ ਦੇ ਬਾਲਕ ਨੂੰ ਯਾਦ ਕੀਤਾ ਜਿਸ ਨੂੰ ਅੰਗਰੇਜ਼ ਸਾਸਕਾਂ ਵੱਲੋਂ ਮੁੜ ਲਾਹੌਰ ਆਉਣ ਦੀ ਆਗਿਆ ਨਹੀਂ ਸੀ ਦਿੱਤੀ ਗਈ ਅਤੇ ਕਲਕੱਤੇ ਵਿਚ ਹੀ ਆਖ਼ਰੀ ਵਾਰ ਉਸ ਨੂੰ ਆਪਣੀ ਮਾਂ ਮਹਾਰਾਣੀ ਜਿੰਦਾਂ ਦੇ ਨਾਲ ਮਿਲਵਾਇਆ ਗਿਆ ਸੀ। ਦਰਦ ਭਰੇ ਮਾਂ-ਪੁੱਤ ਦੇ ਉਸ ‘ਵਿਛੋੜੇ’ ਨੂੰ ਯਾਦ ਕੀਤਾ ਗਿਆ ਜਿਸ ਦਾ ਬ੍ਰਿਤਾਂਤ ਸਿੱਖ ਪੰਥ ਦੇ ਸ਼ਰੋਮਣੀ ਢਾਡੀ ਅਤੇ ਇਤਿਹਾਸਕਾਰ ਸੋਹਣ ਸਿੰਘ ਸੀਤਲ ਨੇ ਆਪਣੇ ਨਾਵਲ ‘ਦੁਖੀਏ ਮਾਂ-ਪੁੱਤ’ ਵਿਚ ਬਾਖੂਬੀ ਵਰਨਣ ਕੀਤਾ ਹੈ। ਵਾਪਸੀ ‘ਤੇ ਆਉਣ ਲੱਗਿਆ ਅਸੀਂ ਉਸ ਕਬਰਸਤਾਨ ਦੇ ਤਿੰਨ ਸੇਵਾਦਾਰਾਂ ਨੂੰ ਕੁਝ ਮਾਇਆ ਭੇਂਟ ਕੀਤੀ ਅਤੇ ਨਾਲ ਹੀ ਬੇਨਤੀ ਕੀਤੀ ਕਿ ਉਹ ਹੋਰ ਕਬਰਾਂ ਵਾਂਗ ਉਸ ਕਬਰ ਨੂੰ ਵੀ ਸਾਫ਼-ਸੁਥਰੀ ਰੱਖਿਆ ਕਰਨ ਜਿਸ ਨੂੰ ਸਾਡੇ ਉੱਥੇ ਪਹੁੰਚਣ ‘ਤੇ ਉਨ੍ਹਾਂ ਵਿੱਚੋਂ ਇਕ ਨੇ ਉਸ ਉੱਪਰ ਪਾਣੀ ਦੀਆਂ ਦੋ ਬਾਲਟੀਆਂ ਪਾ ਕੇ ਉਸ ਨੂੰ ਇਸ਼ਨਾਨ ਕਰਾਇਆ ਸੀ। ਸਾਡੇ ਕਹਿਤ ‘ਤੇ ਬੇਸ਼ਕ ਉਨ੍ਹਾਂ ਨੇ ਇਸ ਦੇ ਲਈ ਹਾਮੀ ਜ਼ਰੂਰ ਭਰ ਦਿੱਤੀ ਪਰ ਸਾਨੂੰ ਕੋਈ ਉਮੀਦ ਨਹੀਂ ਕਿ ਉਹ ਭਵਿੱਖ ਵਿਚ ਆਪਣੇ ਇਸ ਵਾਅਦੇ ‘ਤੇ ਪੂਰੇ ਵੀ ਉੱਤਰਨਗੇ।
ਰੈਸਟੋਰੈਂਟ ਵਿਚ ਲੰਚ ਕਰਦਿਆਂ ‘ਹਲੀਮ’ ਦਾ ਅਨੰਦ ਮਾਣਿਆਂ
ਏਨੇ ਨੂੰ ਦੁਪਹਿਰ ਦੇ ਲੱਗਭੱਗ ਦੋ ਵੱਜ ਚੁੱਕੇ ਸਨ ਅਤੇ ਭੁੱਖ ਵੀ ਚਮਕ ਪਈ ਸੀ। ਲੰਚ ਦੇ ਲਈ ਸਾਡਾ ਇਕ ਖਾਸ ਰੈਸਟੋਰੈਂਟ ‘ਤੇ ਜਾਣ ਦਾ ਵਿਚਾਰ ਬਣਿਆਂ ਜਿਸ ਦੀ ਡਿਸ਼ ‘ਹਲੀਮ’ ਬੜੀ ਮਸ਼ਹੂਰ ਗਿਣੀ ਜਾਂਦੀ ਹੈ। ਅਸੀਂ ਚੌਹਾਂ ਨੇ ਤਾਂ ਇਸ ਦਾ ਨਾਂ ਪਹਿਲੀ ਵਾਰ ਹੀ ਸੁਣਿਆਂ ਸੀ ਤੇ ਸਾਨੂੰ ਕੋਈ ਪਤਾ ਨਹੀਂ ਸੀ ਕਿ ਇਹ ਕੀ ‘ਬਲਾਅ’ ਹੈ। ਰੈਸਟੋਰੈਂਟ ‘ਤੇ ਪਹੁੰਚ ਕੇ ਜਦੋਂ ਸਾਰੇ ਡਾਇਨਿੰਗ ਟੇਬਲ ਦੁਆਲੇ ਡਿੱਠੀਆਂ ਕੁਰਸੀਆਂ ‘ਤੇ ਬੈਠ ਗਏ ਤਾਂ ਅਹਿਮਦ ਰਜਾ ਦਾ ਸਾਨੂੰ ਸੁਆਲ ਸੀ, “ਦੱਸੋ ਤੁਹਾਡੇ ਅੰਦਾਜੇ ਅਨੁਸਾਰ ਇਹ ‘ਹਲੀਮ’ ਕੀ ਚੀਜ਼ ਹੋ ਸਕਦੀ ਹੈ।” ਕਿਸੇ ਨੇ ਕਿਹਾ ਕਿ ਇਹ ਕਿਸੇ ਸਵੀਟ-ਡਿਸ਼ ਦਾ ਨਾਂ ਹੋਵੇਗਾ, ਕਿਸੇ ਨੇ ਇਸ ਨੂੰ ਕੋਈ ਸਬਜੀ-ਭਾਜੀ ਦਾ ਨਾਂ ਦਿੱਤਾ ਅਤੇ ਕਿਸੇ ਨੇ ਇਸ ਨੂੰ ‘ਕੜ੍ਹੀ’ ਵਰਗੀ ਕੋਈ ‘ਚੀਜ਼’ ਦੱਸਿਆ। ਜਦੋਂ ਮੇਰੀ ਵਾਰੀ ਆਈ ਤਾਂ ਮੈਂ ਬੜੇ ਜੋਰਦਾਰ ਸ਼ਬਦਾਂ ਵਿਚ ਕਿਹਾ, ”ਇਹ ਜ਼ਰੂਰ ਕਿਸੇ ਖਾਣ ਵਾਲੀ ਚੀਜ਼ ਦਾ ਹੀ ਨਾਂ ਹੈ ਪਰ ਇਸ ਦੇ ਬਾਰੇ ਮੈਂ ਇਹ ਖਾਣ ਤੋਂ ਬਾਅਦ ਹੀ ਦੱਸਾਂਗਾ।“ ਮੇਰਾ ਇਹ ਗੋਲ਼ਮੋਲ਼ ਜੁਆਬ ਸੁਣ ਕੇ ਸਾਰੇ ਖੂਬ ਹੱਸੇ ਕਿ ਇਹ ਕਿਹੋ ਜਿਹਾ ਸਿਆਸੀ ਕਿਸਮ ਦਾ ਜੁਆਬ ਹੈ।
ਖੈਰ, ਹਲੀਮ ਬਾਰੇ ਸਾਡੀ ਇਸ ਗੱਲਬਾਤ ਦੇ ਦੌਰਾਨ ਹੀ ਗਰਮਾ-ਗਰਮ ਤੰਦੂਰੀ ਫੁਲਕਿਆ, ਸਲਾਦ, ‘ਮਾਸ਼ ਦੀ ਦਾਲ਼’ (ਧੋਤੇ ਹੋਏ ਸਾਬਤ ਮਾਂਹ ਦੀ ਦਾਲ਼) ਅਤੇ ਇਕ-ਦੋ ਹੋਰ ਆਈਟਮਾਂ ਦੇ ਨਾਲ ਚਿਰਾਂ ਤੋਂ ਉਡੀਕੀ ਜਾ ਰਹੀ ਉਹ ‘ਹਲੀਮ’ ਵੀ ਆ ਗਈ। ਇਹ ਵੇਖਣ ਨੂੰ ਤਾਂ ਧੋਤੀ ਮੂੰਗੀ-ਮਸਰੀ ਦੀ ‘ਪੀਲੀ ਦਾਲ’ ਵਰਗੀ ਹੀ ਲੱਗੀ ਪਰ ਇਸ ਦਾ ਰੰਗ ਉਸ ਤੋਂ ਥੋੜ੍ਹਾ ਜਿਹਾ ਗੂੜ੍ਹਾ ਸੀ। ਤੰਦੂਰੀ ਫੁਲਕੇ ਦੀ ਬੁਰਕੀ ਦੇ ਨਾਲ ਥੋੜ੍ਹੀ ਜਿਹੀ ਅਤੇ ਫਿਰ ਇਸ ਨਾਲ ਭਰਿਆ ਹੋਇਆ ਚਮਚਾ ਜਦੋਂ ਗਲੇ ਦੇ ਅੰਦਰ ਗਿਆ ਤਾਂ ਸੁਆਦ ਉਸ ਤੋਂ ਵੱਖਰਾ ਲੱਗਿਆ ਜੋ ਕਰਾਰਾ ਅਤੇ ਉਸਦੇ ਨਾਲੋਂ ਸੁਆਦਲਾ ਵੀ ਸੀ। ਤੰਦੂਰੀ ਫੁਲਕਿਆਂ ਦੇ ਨਾਲ ਖਾਣ ਦਾ ਇਸ ਦਾ ਆਪਣਾ ਹੀ ਮਜਾ ਸੀ। ਸਾਰਿਆਂ ਵੱਲੋਂ ਹੀ ਇਹ ਕਾਫੀ ਪਸੰਦ ਕੀਤੀ। ਜਦੋਂ ਇਸ ਦੀ ਬਣਤਰ ਬਾਰੇ ਰਜਾ ਤੇ ਉਸ ਦੇ ਸਾਥੀਆ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਇਹ ਛੋਲਿਆ ਦੀ ਦਾਲ ਨੂੰ ਮੱਠੀ-ਮੱਠੀ ਅੱਗ ‘ਤੇ ਤੌੜੀ ਵਿਚ ਚੰਗੀ ਤਰ੍ਹਾਂ ਰਿੰਨ੍ਹ ਕੇ ਅਤੇ ਫਿਰ ਉਸ ਨੂੰ ਪੂਰੀ ਤਰ੍ਹਾਂ ਘੋਟ ਕੇ ਬਣਾਈ ਜਾਂਦੀ ਹੈ ਅਤੇ ਇਸ ਨੂੰ ਬਨਾਉਣ ਲਈ ਕਈ ਵਿਸੇਸ਼ ਮਸਾਲਿਆਂ ਦਾ ਵੀ ਇਸਤੇਮਾਲ ਕੀਤਾ ਜਾਂਦਾ ਹੈ। ਵਾਕਿਆ ਈ, ਇਹ ਇਸ ਰੈਸਟੋਰੈਂਟ ਦੀ ਖਾਸ ਡਿਸ਼ ਸੀ ਜੋ ਸਾਨੂੰ ਸਾਰਿਆਂ ਨੂੰ ਕਾਫੀ ਪਸੰਦ ਆਈ। ਖਾਣੇ ਤੋਂ ਬਾਅਦ ਇਸ ਰੈਸਟੋਰੈਂਟ ਦੀ ਗੁੜ ਦੀ ‘ਕੜਕ ਚਾਹ’ ਦਾ ਅਨੰਦ ਲਿਆ ਅਤੇ ਫਿਰ ਅਨਾਰਕਲੀ ਬਾਜਾਰ ਵੇਖਣ ਅਤੇ ਉੱਥੋਂ ਕੁਝ ਫ਼ਰੀਦ ਕਰਨ ਲਈ ਚੱਲ ਪਏ।
ਅਨਾਰਕਲੀ ਬਾਜਾਰ ਵਿਚ ਘੁੰਮਦਿਆਂ
ਅਨਾਰਕਲੀ ਬਾਜਾਰ, ਦਰਅਸਲ, ਬੀਬੀਆਂ ਦਾ ਬਾਜਾਰ ਹੈ। ਲੇਡੀਜ਼ ਸੂਟ ਅਤੇ ਬਨਾਉਟੀ ਗਹਿਣਿਆਂ, ਆਦਿ ਦੀਆ ਉੱਥੇ ਬੜੀਆਂ ਵੱਡੀਆਂ-ਵੱਡੀਆਂ ਦੁਕਾਨਾਂ ਅਤੇ ਸ਼ੋਅਰੂਮ ਹਨ। ਸਾਡੇ ਨਾਲ ਦੀਆਂ ਬੀਬੀਆਂ ਨੇ ਉੱਥੇ ਆਪਣੇ ਲਈ ਅਤੇ ਧੀਆਂ/ਭੈਣਾਂ ਲਈ ਕੁਝ ਸੂਟਾਂ ਦੀ ਖ਼ਰੀਦ ਕਰਨੀ ਸੀ। ਉਂਜ ਵੀ, ਅਨਾਰਕਲੀ ਬਾਜਾਰ ਦਾ ਮਸ਼ਹੂਰ ਨਾਂ ਸਾਰਿਆਂ ਨੇ ਪਹਿਲਾਂ ਕਈ ਵਾਰ ਸੁਣਿਆਂ ਹੋਇਆ ਸੀ ਅਤੇ ਇਹ ਵੇਖਣ ਦੀ ਤਮੰਨਾਂ ਸਾਡੇ ਸਾਰਿਆਂ ਦੇ ਦਿਲਾਂ ‘ਚ ਸੀ। ਵੀਹਵੀਂ ਸਦੀ ਦੇ ਪੰਜਾਹਵਿਆਂ ਦੇ ਬਹੁ-ਚਰਚਿਤ ਫਿਲਮ ਨਿਰਮਾਤਾ ਤੇ ਨਿਰਦੇਸ਼ਕ ਕੇ.ਆਸਿਫ਼ ਦੀ ਉਸ ਸਮੇਂ ਦੀ ਮਸ਼ਹੂਰ ਬਲੈਕ ਐਂਡ ਵਾਈਟ ਫਿਲਮ ‘ਮੁਗ਼ਲੇ-ਆਜ਼ਮ’ ਜਿਸ ਦਾ ਕੇਵਲ ਇਕ ਗਾਣਾ “ਜਬ ਪਿਆਰ ਕੀਆ ਤੋ ਡਰਨਾ ਕਿਆ” ਰੰਗਦਾਰ ਸੀ (ਬਾਅਦ ਵਿਚ ਇਹ ਪੂਰੀ ਫਿਲਮ ਰੰਗਦਾਰ ਵੀ ਬਣੀ ਸੀ), ਦੀ ਖੂਬਸੂਰਤ ਹੀਰੋਇਨ ਮਧੂਬਾਲਾ ਜਿਸ ਨੇ ਇਸ ਫਿਲਮ ਵਿਚ ਅਨਾਰਕਲੀ ਦੀ ਇਤਿਹਾਸਕ ਭੂਮਿਕਾ ਬਾਖੂਬੀ ਨਿਭਾਈ ਸੀ, ਦਾ ਖੂਬਸੂਰਤ ਚਿਹਰਾ ਵੀ ਕੁਝ ਪਲਾਂ ਲਈ ਅੱਖਾਂ ਦੇ ਸਾਹਮਣੇ ਆ ਗਿਆ। ਫਿਰ ਅਨਾਰਕਲੀ ਬਾਜਾਰ ਨੂੰ ਵੇਖਣ ਦੀ ਉਤਸੁਕਤਾ ਹੋਣੀ ਤਾਂ ਸੁਭਾਵਿਕ ਹੀ ਸੀ। ਅਨਾਰਕਲੀ ਬਾਜਾਰ ਦੇ ਬਾਹਰ ਪਾਰਕਿੰਗ ਵਿਚ ਗੱਡੀ ਖੜੀ ਕਰਕੇ ਅਸੀਂ ਸੱਤੇ ਜਣੇ (ਚਾਰ ਅਸੀਂ ਅਤੇ ਤਿੰਨ ਸਾਡੇ ਮੇਜ਼ਬਾਨ) ਅਨਾਰਕਲੀ ਬਾਜਾਰ ਵੱਲ ਪੈਦਲ ਚੱਲ ਪਏ। ਮੁੱਖ-ਮੇਜ਼ਬਾਨ ਅਹਿਮਦ ਰਜਾ ਪੰਜਾਬੀ ਜਿੱਥੇ ਸਾਡੇ ਗਾਈਡ ਦੀ ਅਹਿਮ ਭੂਮਿਕਾ ਨਿਭਾਉਂਦੇ ਸਨ, ਉੱਥੇ ਉਨ੍ਹਾਂ ਦੇ ਦੋਵੇਂ ਸਾਥੀ ਗੱਡੀ ਦਾ ਡਰਾਈਵਰ ਸੁਹੇਲ ਮਮੂਕਾ ਅਤੇ ਕੈਮਰਾਮੈਨ ਫੈਸਲ ਮੁਹੰਮਦ ਬਾਡੀਗਾਰਡਾਂ ਵਾਂਗ ਸਾਡੇ ਅੱਗੇ ਅਤੇ ਪਿੱਛੇ ਚੱਲਦੇ ਸਨ। ਇਨ੍ਹਾਂ ਤਿੰਨਾਂ ਦੇ ਹੁੰਦਿਆਂ ਸਾਨੂੰ ਕਿਸੇ ਕਿਸਮ ਦੀ ਚਿੰਤਾ ਜਾਂ ਡਰ ਦੀ ਕੋਈ ਗੁੰਜਾਇਸ਼ ਨਹੀਂ ਸੀ। ਅਸੀਂ ਪੂਰੀ ਆਜਾਦੀ ਨਾਲ ਲਹਿੰਦੇ ਪੰਜਾਬ ਦੇ ਕਈ ਸ਼ਹਿਰਾਂ ਅਤੇ ਪਿੰਡਾਂ ਵਿਚ ਦੋ ਹਫ਼ਤੇ ਬਿਨਾਂ ਕਿਸੇ ਰੋਕ-ਟੋਕ ਅਤੇ ਬਗੈਰ ਕਿਸੇ ਡਰ/ਖੌਫ਼ ਦੇ ਘੁੰਮਦੇ ਰਹੇ।
ਸੁਰੂ-ਸੁਰੂ ਵਿਚ ਤਾਂ ਇਹ ਅਨਾਰਕਲੀ ਬਾਜਾਰ ਸਾਨੂੰ ਕਾਫੀ ਖੁੱਲ੍ਹਾ ਜਿਹਾ ਲੱਗਿਆ ਪਰ ਜਿਉਂ ਜਿਉਂ ਅੱਗੇ ਵੱਧਦੇ ਗਏ, ਇਹ ਭੀੜਾ ਹੋਣਾ ਆਰੰਭ ਹੋ ਗਿਆ। ਹੋਰ ਅੱਗੇ ਜਾ ਕੇ ਤਾਂ ਇੰਜ ਲੱਗਦਾ ਸੀ ਜਿਵੇਂ ਅਸੀਂ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੇ ਨੇੜਲੇ ‘ਮਾਈ ਸੇਵਾਂ ਬਾਜਾਰ’ ਜਾਂ ‘ਗੁਰੂ ਬਾਜਾਰ’ ਵਿਚ ਹੀ ਜਾ ਰਹੇ ਹੋਈਏ। ਅੰਮ੍ਰਿਤਸਰ ਦੇ ਇਨ੍ਹਾਂ ਬਾਜਾਰਾਂ ਵਾਂਗ ਹੀ ਲਾਹੌਰੀਆਂ ਨੇ ਆਪਣੀਆਂ ਦੁਕਾਨਾਂ ਦੇ ਅੱਗੇ ਬਾਜਾਰ ਵਿਚ ਲੱਕੜੀ ਦੇ ਮੇਜ਼ ਤੇ ਬੈਂਚ ਲਗਾ ਕੇ ਇਨ੍ਹਾਂ ਨੂੰ ਹੋਰ ਵਧਾਇਆ ਹੋਇਆ ਸੀ। ਆਖ਼ਰ ਹੈਨ ਤਾਂ ਦੋਵੇਂ ‘ਇੱਕੋ ਹੀ ਮਿੱਟੀ’ ਦੇ ਬਣੇ ਹੋਏ ਅਤੇ ਸੁਭਾਅ ਫਿਰ ਕਿਵੇਂ ਵੱਖਰੇ ਹੋ ਸਕਦੇ ਹਨ? ਅਸੀਂ ਕੱਪੜੇ ਦੀਆਂ ਤਿੰਨ-ਚਾਰ ਦੁਕਾਨਾਂ ‘ਤੇ ਗਏ। ਬੀਬੀਆਂ ਨੇ ਇੱਥੋਂ ਸੂਟਾਂ ਦੀ ਖ਼ਰੀਦ ਕੀਤੀ ਅਤੇ ਇਨ੍ਹਾਂ ਦੇ ਬਿੱਲਾਂ ਦੀ ਰਕਮ ਦੀ ਅਦਾਇਗੀ ਕਰਨ ਲੱਗਿਆਂ ਦੁਕਾਨਦਾਰਾਂ ਦੇ ਨਾਲ ‘ਸੌਦੇਬਾਜੀ’ (ਬਾਰਗੇਨਿੰਗ) ਵੀ ਕੀਤੀ ਜਿਸ ਵਿਚ ਸਾਡੇ ਮੁੱਖ-ਮੇਜ਼ਬਾਨ ਰਜਾ ਵੱਲੋਂ ਉਨ੍ਹਾਂ ਦੀ ਮਦਦ ਕੀਤੀ ਗਈ ਅਤੇ ਬਿੱਲਾਂ ਵਿਚ ਕਾਫੀ ਰਿਆਇਤ ਵੀ ਕਰਵਾਈ ਗਈ। ਬਨਾਉਟੀ ਗਹਿਣਿਆਂ ਦੀ ਇਕ ਦੁਕਾਨ ਤੋਂ ਬੀਬੀਆਂ ਨੇ ਕੁਝ ਨਕਲੀ ਗਹਿਣੇ ਵੀ ਖ਼ਰੀਦੇ ਜਿੱਥੇ ਬਾਰਗੇਨਿੰਗ ਵਾਲਾ ‘ਫਾਰਮੂਲਾ’ ਫਿਰ ਓਸੇ ਤਰ੍ਹਾਂ ਦੁਹਰਾਇਆ ਗਿਆ। ਦਰਅਸਲ, ਦੋਹਾਂ ਪੰਜਾਬਾਂ ਦੀ ਮਿੱਟੀ ਦੀ ਤਾਸੀਰ ਇੱਕ ਹੀ ਹੈ ਅਤੇ ਅੰਮ੍ਰਿਤਸਰ ਤੇ ਲਾਹੌਰ ਕੋਈ ਵੱਖਰੇ ਨਹੀਂ ਹਨ। ਇਸ ਦੇ ਨਾਲ ਹੀ ਬਾਜਾਰ ਵਿੱਚੋਂ ਲੰਘਦਿਆਂ ਕਈਆਂ ਨੇ ਸਾਨੁੰ ‘ਸਤਿ ਸ੍ਰੀ ਅਕਾਲ ਬੁਲਾਈ ਅਤੇ ਸਾਡੇ ਨਾਲ ਹੱਥ ਮਿਲਾਏ। ਉਨ੍ਹਾਂ ਵਿੱਚੋਂ ਕਈਆਂ ਨੇ ਸਾਨੂੰ ਚਾਹ ਦੀ ਸੁਲਾਹ ਵੀ ਮਾਰੀ ਜੋ ਬਨਾਉਟੀ ਨਹੀਂ, ਸਗੋਂ ਸੱਚੇ ਦਿਲੋਂ ਸੀ, ਪਰ ਉਸ ਸਮੇਂ ਚਾਹ ਪੀਣ ਦੀ ਕੋਈ ਤੁਕ ਨਹੀਂ ਬਣਦੀ ਸੀ। ਇਸ ਲਈ ਹੱਥ ਜੋੜ ਕੇ ਬੱਸ ਉਨ੍ਹਾਂ ਦਾ ਧੰਨਵਾਦ ਹੀ ਕੀਤਾ ਗਿਆ। ਰਾਤ ਦੇ ਨੌਂ ਵੱਜ ਰਹੇ ਸਨ। ਸੋ ਜਲਦੀ ਹੀ ਵਾਪਸੀ ਕੀਤੀ। ਰਸਤੇ ਵਿਚ ਇਕ ਰੈਸਟੋਰੈਂਟ ‘ਤੇ ਸਾਰਿਆਂ ਨੇ ਇਕੱਠਿਆਂ ਡਿਨਰ ਕੀਤਾ ਅਤੇ ਰਾਤ ਦੇ ਗਿਆਰਾਂ ਕੁ ਵਜੇ ਵਾਪਸ ਹੋਟਲ ਪਹੁੰਚੇ।

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਕੈਫੀਯੇਹ ਪਾਉਣ ਕਾਰਨ ਐਮਪੀਪੀ ਸਾਰਾਹ ਜਾਮਾ ਨੂੰ ਵਿਧਾਨਸਭਾ ਵਿੱਚੋਂ ਬਾਹਰ ਜਾਣ ਦੇ ਸਪੀਕਰ ਨੇ ਦਿੱਤੇ ਹੁਕਮ ਅਪਾਰਟਮੈਂਟ ਵਿੱਚ ਦਾਖਲ ਹੋ ਕੇ ਲੁਟੇਰਿਆਂ ਨੇ ਚਲਾਈ ਗੋਲੀ, 1 ਹਲਾਕ ਰਿਹਾਇਸ਼ੀ ਬਿਲਡਿੰਗ ਵਿੱਚੋਂ ਮਿਲੀ ਵਿਅਕਤੀ ਦੀ ਲਾਸ਼, ਹੋਮੀਸਾਈਡ ਯੂਨਿਟ ਕਰ ਰਹੀ ਹੈ ਜਾਂਚ ਟੀਪੀਏਆਰ ਕਲੱਬ ਦੇ 64 ਮੈਂਬਰਾਂ ਨੇ ਟੀਮ 20 ਅਪ੍ਰੈਲ ਨੂੰ ਚੜ੍ਹੀਆਂ ਸੀ.ਐੱਨ. ਟਾਵਰ ਦੀਆਂ 1776 ਪੌੜੀਆਂ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਮੀਟਿੰਗ ਵਿੱਚ ਡਾ. ਗੁਰਬਖ਼ਸ਼ ਭੰਡਾਲ ਦੀ ਪੁਸਤਕ ‘ਕੱਚੇ ਪੱਕੇ ਰਾਹ’ ‘ਤੇ ਕਰਾਈ ਗਈ ਵਿਚਾਰ-ਚਰਚਾ ਤਰਕਸ਼ੀਲ ਸੁਸਾਇਟੀ ਕੈਨੇਡਾ ਦੀ ਓਂਟਾਰੀਓ ਇਕਾਈ ਦੇ ਨਵੇਂ ਅਹੁਦੇਦਾਰਾਂ ਦੀ ਚੋਣ ਬ੍ਰਹਮ ਗਿਆਨੀ ਸੰਤ ਬਾਬਾ ਰਣਜੀਤ ਸਿੰਘ ਜੀ ਭੋਗਪੁਰ ਵਾਲਿਆਂ ਦੀ 27ਵੀਂ ਬਰਸੀ 19 ਮਈ ਨੂੰ ਮਨਾਈ ਜਾਏਗੀ ਓਨਟਾਰੀਓ ਵਿਧਾਨਸਭਾ ਵਿੱਚ ਕੈਫੀਯੇਹ ਪਾਉਣ ਦੇ ਹੱਕ ਵਿੱਚ ਲਿਆਂਦਾ ਮਤਾ ਦੂਜੀ ਵਾਰੀ ਹੋਇਆ ਫੇਲ੍ਹ ਛਾਪੇਮਾਰੀ ਵਿੱਚ ਪੁਲਿਸ ਨੇ ਬਰਾਮਦ ਕੀਤੇ ਹਥਿਆਰ ਤੇ ਡਰੱਗਜ਼, ਤਿੰਨ ਭਰਾਵਾਂ ਨੂੰ ਕੀਤਾ ਗਿਆ ਚਾਰਜ ਕਈ ਗੱਡੀਆਂ ਆਪਸ ਵਿੱਚ ਟਕਰਾਈਆਂ, ਮਾਮਲੇ ਦੀ ਜਾਂਚ ਕਰ ਰਹੀ ਹੈ ਪੁਲਿਸ