ਅੰਬਾਲਾ, 26 ਅਗਸਤ (ਪੋਸਟ ਬਿਊਰੋ)- ਦੇਹ ਸ਼ਾਮਲਾਟ ਦੇ ਮਾਲਕੀ ਹੱਕ ਕਿਸਾਨਾਂ ਤੋਂ ਖੋਹਣ ਦੇ ਹੁਕਮ ਰੱਦ ਕਰਾਉਣ ਲਈ ਸੰਘਰਸ਼ ਹੇਠ ਹਰਿਆਣਾ ਦੇ ਕਿਸਾਨਾਂ ਨੇ ਕੱਲ੍ਹ ਮੰਤਰੀਆਂ ਦੇ ਘਰਾਂ ਦੇ ਬਾਹਰ ਕਿਸਾਨ ਪੰਚਾਇਤਾਂ ਕੀਤੀਆਂ। ਇਸ ਦੌਰਾਨ ਅੰਬਾਲਾ ਛਾਉਣੀ ਵਿੱਚ ਗ੍ਰਹਿ ਮੰਤਰੀ ਅਨਿਲ ਵਿੱਜ ਦੇ ਸ਼ਾਸਤਰੀ ਕਾਲੋਨੀ ਵਿਚਲੇ ਘਰ ਦੇ ਬਾਹਰ ਵੀ ਕਿਸਾਨਾਂ ਨੇ ਗੁਰਨਾਮ ਸਿੰਘ ਚੜੂਨੀ ਦੀ ਪ੍ਰਧਾਨਗੀ ਹੇਠ ਸ਼ਾਂਤੀਪੂਰਨ ਪੰਚਾਇਤ ਕੀਤੀ।
ਗੁਰਨਾਮ ਸਿੰਘ ਚੜੂਨੀ ਨੇ ਇਸ ਮੌਕੇ ਕਿਹਾ ਕਿ ਸਰਕਾਰ ਸ਼ਾਮਲਾਟ ਅਤੇ ਜੁਮਲਾ ਮਾਲਕਾਨ ਦੀ ਜ਼ਮੀਨ ਕਿਸਾਨਾਂ ਤੋਂ ਖੋਹ ਕੇ ਨਾਜਾਇਜ਼ ਕਬਜ਼ੇ ਕਰ ਰਹੀ ਹੈ, ਉਸ ਨੂੰ ਇਸ ਦਾ ਸਹੀ ਕਾਨੂੰਨ ਬਣਾਉਣਾ ਚਾਹੀਦਾ ਹੈ ਜਿਸ ਨਾਲ ਕਿਸਾਨਾਂ ਨੂੰ ਉਨ੍ਹਾਂ ਦੀਆਂ ਜ਼ਮੀਨਾਂ ਦਾ ਹੱਕ ਮਿਲ ਸਕੇ। ਸਰਕਾਰ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦੇ ਰਹੀ। ਚੜੂਨੀ ਨੇ ਕਿਹਾ ਕਿ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਉਹ ਅੰਦੋਲਨ ਹੋਰ ਤੇਜ਼ ਕਰਨਗੇ। ਕਿਸਾਨ ਪੰਚਾਇਤ ਸਮੇਂ ਗ੍ਰਹਿ ਮੰਤਰੀ ਆਪਣੇ ਘਰ ਨਹੀਂ ਸਨ, ਪਰ ਘਰ ਦੇ ਬਾਹਰ ਸੁਰੱਖਿਆ ਦੇ ਪੱਕੇ ਇੰਤਜ਼ਾਮ ਸਨ।