Welcome to Canadian Punjabi Post
Follow us on

16

July 2025
 
ਨਜਰਰੀਆ

ਅਜੋਕੀ ਪੀੜ੍ਹੀ ਕਿਤਾਬਾਂ ਤੋਂ ਦੂਰ ਕਿਉਂ?

September 24, 2019 01:00 PM

-ਅਮਨਦੀਪ ਕੌਰ ਮਾਨ
ਕਿਤਾਬਾਂ ਦੇ ਸਾਡੇ ਜੀਵਨ ਵਿੱਚ ਬਹੁਤ ਅਹਿਮ ਸਥਾਨ ਹੈ। ਕਿਤਾਬਾਂ ਵਿਚਲਾ ਗਿਆਨ ਮਨੁੱਖ ਨੂੰ ਵਧੀਆ ਸੰਚਾਰਕ ਤੇ ਹਿੰਮਤੀ ਬਣਾਉਣ ਵਿੱਚ ਮਦਦਗਾਰ ਹੁੰਦਾ ਹੈ। ਕਿਤਾਬਾਂ ਨਾਲ ਮਨੁੱਖੀ ਸਾਂਝ ਜ਼ਿੰਦਗੀ ਦੇ ਮੁੱਢਲੇ ਪੜਾਅ ਤੋਂ ਸ਼ੁਰੂ ਹੁੰਦੀ ਹੈ। ਜਿਵੇਂ-ਜਿਵੇਂ ਇਨਸਾਨ ਜ਼ਿੰਦਗੀ ਦੇ ਅਗਲੇ ਪੜਾਵਾਂ ਵਿੱਚ ਪੈਰ ਧਰਦਾ ਜਾਂਦਾ ਹੈ, ਕਿਤਾਬਾਂ ਦੀ ਸਾਂਝ ਹੋਰ ਪੱਕੀ ਹੁੰਦੀ ਜਾਂਦੀ ਹੈ। ਆਖਰੀ ਪੜਾਅ ਤੱਕ ਇਹ ਕਿਤਾਬੀ ਸਾਂਝ ਨਿਭਦੀ ਹੈ। ਕਿਤਾਬਾਂ ਜ਼ਿੰਦਗੀ ਦੇ ਸਬਕਾਂ ਨਾਲ ਭਰੀਆਂ ਹੁੰਦੀਆਂ ਹਨ, ਜਿਨ੍ਹਾਂ ਤੋਂ ਇਨਸਾਨ ਬੜਾ ਕੁਝ ਨਵਾਂ ਹਾਸਲ ਕਰਦਾ ਹੈ। ਕਿਤਾਬਾਂ ਨਾਲ ਸਾਡੀ ਸਾਂਝ ਨਹੁੰ ਮਾਸ ਵਾਲੀ ਹੋਣੀ ਚਾਹੀਦੀ ਹੈ। ਇਕ ਸੱਚੇ ਦੋਸਤ ਵਾਂਗ ਕਿਤਾਬਾਂ ਸਾਡੇ ਜੀਵਨ ਨੂੰ ਸਹੀ ਦਿਸ਼ਾ ਦੇਣ ਵਿੱਚ ਅਹਿਮ ਭੂਮਿਕਾ ਅਦਾ ਕਰਦੀਆਂ ਹਨ।
ਅੰਗਰੇਜ਼ੀ ਦੇ ਪ੍ਰਸਿੱਧ ਲੇਖਖ ਫਰਾਂਸਿਸ ਬੇਕਨ ਨੇ ਕਿਹਾ ਹੈ ਕਿ ਕਿਤਾਬਾਂ ਪੜ੍ਹਨ ਵਾਲੇ ਤੇ ਸਮਝਣ ਵਾਲੇ ਵਿਅਕਤੀ ਤਿੰਨ ਤਰ੍ਹਾਂ ਦੇ ਹੁੰਦੇ ਹਨ। ਪਹਿਲੀ ਕਿਸਮ ਦੇ ਚਤਰ ਲੋਕ ਹੁੰਦੇ ਹਨ। ਕਿਤਾਬਾਂ ਪੜ੍ਹਨ ਵਾਲੇ ਨੂੰ ਇਹ ਕਹਿ ਕੇ ਭੰਡਦੇ ਹਨ ਕਿ ਕਿਤਾਬਾਂ ਦਾ ਆਮ ਜੀਵਨ ਨਾਲ ਕੋਈ ਖਾਸ ਸਬੰਧ ਨਹੀਂ ਹੁੰਦਾ ਤੇ ਸਮਾਂ ਬਰਬਾਦ ਹੁੰਦਾ ਹੈ। ਦੂਜੀ ਕਿਸਮ ਦੇ ਆਮ ਲੋਕ ਹੁੰਦੇ ਹਨ। ਇਨ੍ਹਾਂ ਦੀ ਬਹੁਤਾਤ ਹੁੰਦੀ ਹੈ, ਜੋ ਇੱਕਾ ਦੁੱਕਾ ਕਿਤਾਬ ਪੜ੍ਹ ਲੈਂਦੇ ਹਨ ਜਾਂ ਸਿਰਫ ਕਿਤਾਬਾਂ ਬਾਰੇ ਕੁਝ ਨਾ ਕੁਝ ਸੁਣ ਲੈਂਦੇ ਹਨ ਤੇ ਲੋਕਾਂ ਵਿੱਚ ਇਨ੍ਹਾਂ ਕਿਤਾਬਾਂ ਬਾਰੇ ਚਰਚਾ ਕਰਕੇ ਭਰਮ ਸਿਰਜਦੇ ਹਨ ਕਿ ਉਨ੍ਹਾਂ ਬਹੁਤ ਸਾਰੀਆਂ ਕਿਤਾਬਾਂ ਪੜ੍ਹੀਆਂ ਹੋਈਆਂ ਹਨ। ਤੀਜੀ ਕਿਸਮ ਦੇ ਲੋਕ ਸੂਝਵਾਨ, ਸਿਆਣੇ, ਸਮਝਦਾਰ ਹਨ। ਇਨ੍ਹਾਂ ਬਾਰੇ ਬੇਕਨ ਲਿਖਦੇ ਹਨ ਕਿ ਇਹ ਲੋਕ ਕਿਤਾਬਾਂ ਵਿਚਲੇ ਤਜਰਬੇ ਮੁਤਾਬਕ ਢਾਲਦੇ ਹਨ। ਇਹ ਲੋਕ ਦੂਜਿਆਂ ਸਾਹਮਣੇ ਬਹੁਤੀਆਂ ਕਿਤਾਬਾਂ ਪੜ੍ਹਨ ਦੀ ਸ਼ੇਖੀ ਨਹੀਂ ਮਾਰਦੇ ਬਲਕਿ ਲੋੜ ਪੈਣ 'ਤੇ ਸੰਖੇਪ ਵਿੱਚ ਹੀ ਗੱਲ ਵਿਚਾਰਦੇ ਹਨ।
ਅਜੋਕੀ ਪੀੜ੍ਹੀ ਕਿਤਾਬਾਂ ਤੋਂ ਦੂਰ ਕਿਉਂ ਹੋ ਰਹੀ ਹੈ? ਇਸ ਦਾ ਮੁੱਖ ਕਾਰਨ ਸਮਾਜ ਵਿੱਚ ਨਵੀਂ ਤਕਨੀਕ ਫੈਲਣਾ ਹੈ। ਸਕੂਲ ਤੋਂ ਯੂਨੀਵਰਸਿਟੀ ਪੱਧਰ ਤੱਕ ਦੇ ਵਿਦਿਆਰਥੀ ਲਾਇਬਰੇਰੀ ਵਿੱਚ ਨਹੀਂ ਜਾਂਦੇ। ਜੇ ਜਾਂਦੇ ਹਨ ਤਾਂ ਬਹੁਤ ਘੱਟ ਵਿਦਿਆਰਥੀ ਜਾਂ ਸਿਰਫ ਜਿਨ੍ਹਾਂ ਨੂੰ ਕਿਤਾਬਾਂ ਨਾਲ ਗੂੜ੍ਹਾ ਲਗਾਓ ਹੁੰਦਾ ਹੈ। ਬਹੁਤੇ ਇਹ ਲੋੜ ਫੋਨ ਉਤੇ ਪੂਰੀ ਕਰ ਲੈਂਦੇ ਹਨ। ਨਵੀਂ ਤਕਨੀਕ ਨੇ ਸਮਾਜ ਵਿੱਚ ਕ੍ਰਾਂਤੀ ਲਿਆਂਦੀ ਹੈ, ਪਰ ਕਿਸੇ ਹਾਲਤ ਵਿੱਚ ਇਹ ਤਕਨੀਕ ਕਿਤਾਬਾਂ ਦੀ ਥਾਂ ਨਹੀਂ ਲੈ ਸਕਦੀ। ਅੱਜ ਨੌਜਵਾਨ ਵਿਹਲੇ ਸਮੇਂ ਕਿਤਾਬਾਂ ਪੜ੍ਹਨ ਦੀ ਥਾਂ ਫੋਨ 'ਤੇ ਰੁੱਝੇ ਰਹਿਣਾ ਵੱਧ ਪਸੰਦ ਕਰਦੇ ਹਨ। ਤਕਨੀਕ ਕਾਰਨ ਲੋਕਾਂ ਦੇ ਰੁਝਾਨ ਬਦਲੇ ਹਨ ਜਿਸ ਕਾਰਨ ਕਿਤਾਬਾਂ ਲਈ ਸਮਾਂ ਲਗਭਗ ਖਤਮ ਹੁੰਦਾ ਜਾ ਰਿਹਾ ਹੈ। ਗਿਆਨ ਅਤੇ ਮਨੋਰੰਜਨ ਦੇ ਨਵੇਂ ਸਾਧਨ ਹੋਂਦ ਵਿੱਚ ਆਉਣ ਨਾਲ ਲੋਕ ਉਸ ਪਾਸੇ ਰੁਚਿਤ ਹੋ ਗਏ ਹਨ। ਪੁਰਾਣੇ ਸਮਿਆਂ ਵਿੱਚ ਲੋਕ ਲਾਇਬਰੇਰੀਆਂ ਵਿੱਚ ਬੈਠ ਕੇ ਘੰਟਿਆਂ ਬੱਧੀ ਆਪਣੀ ਰੁਚੀ ਅਨੁਸਾਰ ਕਿਤਾਬਾਂ ਪੜ੍ਹਦੇ ਸਨ, ਪਰ ਅਜੋਕੀ ਪੀੜ੍ਹੀ ਦਾ ਮਿਜ਼ਾਜ ਬਿਲਕੁਲ ਬਦਲ ਚੁੱਕਾ ਹੈ। ਅੱਜ ਤਕਨੀਕ ਦੀ ਭੂਮਿਕਾ ਨੂੰ ਨਕਾਰਿਆ ਨਹੀਂ ਜਾ ਸਕਦਾ। ਇਸ ਦੇ ਅਨੇਕਾਂ ਫਾਇਦੇ ਹਨ। ਇੰਟਰਨੈਟ, ਯੂ-ਟਿਊਬ, ਈਮੇਲ ਆਦਿ ਰਾਹੀਂ ਮਿੰਟਾਂ ਸਕਿੰਟਾਂ ਵਿੱਚ ਜਾਣਕਾਰੀ ਦਾ ਵਟਾਂਦਰਾ ਸੰਭਵ ਹੈ। ਸਮਾਂ ਵੀ ਬਚਦਾ ਹੈ। ਜਾਣਕਾਰੀ ਭਾਵੇਂ ਅਸੀਂ ਇੰਟਰਨੈਟ ਤੋਂ ਪਲਾਂ ਵਿੱਚ ਲੈ ਸਕਦੇ ਹਾਂ, ਪਰ ਗਹਿਰਾ ਅਨੁਭਵ ਨਹੀਂ। ਅਨੁਭਵ ਸਾਨੂੰ ਕਿਤਾਬਾਂ ਪੜ੍ਹ ਕੇ ਮਿਲੇਗਾ। ਸਫਲ ਮਨੁੱਖ ਉਹੀ ਹੈ ਜਿਹੜਾ ਅਜੋਕੀ ਤਕਨੀਕ ਨਾਲ ਜੁੜਿਆ ਰਹਿ ਕੇ ਕਿਤਾਬੀ ਦੁਨੀਆ ਤੋਂ ਨਾਤਾ ਨਹੀਂ ਤੋੜਦਾ। ਕਿਤਾਬਾਂ ਸਾਡੀ ਜ਼ਿੰਦਗੀ ਦਾ ਅਟੁੱਟ ਅੰਗ ਬਣੀਆਂ ਰਹਿਣੀਆਂ ਚਾਹੀਦੀਆਂ ਹਨ। ਸਾਨੂੰ ਫਰਾਂਸਿਸ ਬੇਕਨ ਦੇ ਕਥਨ ਅਨੁਸਾਰ ਤੀਜੀ ਕਿਸਮ ਦੇ ਪਾਠਕ ਹੀ ਬਣਨਾ ਚਾਹੀਦਾ ਹੈ।
ਅਜੋਕੇ ਨੌਜਵਾਨ ਨੂੰ ਨਾ ਕਿਤਾਬਾਂ ਦੀ ਤਾਕਤ ਦਾ ਅੰਦਾਜ਼ਾ ਹੈ ਤੇ ਨਾ ਲਾਇਬਰੇਰੀ ਦੀ ਕੀਮਤ ਦਾ। ਇਸ ਲਈ ਉਹ ਕਿਤਾਬਾਂ ਤੋਂ ਦੂਰ ਹੁੰਦਾ ਜਾ ਰਿਹਾ ਹੈ। ਅਧਿਆਪਕਾਂ ਦਾ ਫਰਜ਼ ਹੈ ਕਿ ਉਹ ਵਿਦਿਆਰਥੀਆਂ ਨੂੰ ਕਿਤਾਬੀ ਦੁਨੀਆ ਨਾਲ ਜੋੜਨ। ਵਿਰਲੇ ਹੀ ਜਾਣਦੇ ਹਨ ਕਿ ਜਦੋਂ ਕਦੇ ਅਸੀਂ ਮੋਬਾਈਲ ਦੇ ਸੰਸਾਰ ਤੋਂ ਰਤਾ ਪਾਸੇ ਹੋ ਕਿਸੇ ਇਕਾਂਤ ਜਗ੍ਹਾ ਬੈਠ ਕੇ ਕਿਤਾਬਾਂ ਸੰਗ ਸੰਵਾਦ ਸਿਰਜਦੇ ਹਾਂ ਤਾਂ ਸੱਚ ਮੁੱਚ ਬੜਾ ਆਨੰਦ ਮਹਿਸੂਸ ਹੁੰਦਾ ਹੈ। ਬੋਰੀਉ ਦੇ ਅਨੁਸਾਰ ਕਿਤਾਬਾਂ ਕਿਸੇ ਦੇਸ਼ ਦਾ ਵੱਡਮੁੱਲਾ ਖਜ਼ਾਨਾ ਅਤੇ ਆਉਣ ਵਾਲੀਆਂ ਨਸਲਾਂ ਲਈ ਨਿਵੇਕਲੀ ਸੰਪਤੀ ਹੁੰਦੀਆਂ ਹਨ। ਇੰਟਰਨੈਟ ਦੇ ਅਜੋਕੇ ਦੌਰ ਨੇ ਜਿਥੇ ਸਾਡੇ ਦੇਸ਼ ਦੇ ਵਿਕਾਸ ਵਿੱਚ ਆਪਣਾ ਅਹਿਮ ਯੋਗਦਾਨ ਪਾਇਆ ਹੈ ਉਥੇ ਨਾਲ ਹੀ ਕਿਤੇ ਨਾ ਕਿਤੇ ਨੌਜਵਾਨ ਪੀੜ੍ਹੀ ਨੂੰ ਕਿਤਾਬੀ ਸੰਸਾਰ ਨਾਲੋਂ ਨਿਖੇੜ ਦਿੱਤਾ ਹੈ, ਪਰ ਕਿਤਾਬਾਂ ਵਿੱਚ ਸਾਡੇ ਅਤੀਤ ਦਾ ਇਤਿਹਾਸ ਸ਼ਾਮਲ ਹੁੰਦਾ ਹੈ, ਜਿਸ ਨੂੰ ਅਸੀਂ ਕਦੇ ਨਹੀਂ ਦੇਖਿਆ ਹੁੰਦਾ, ਪਰ ਕਿਤਾਬਾਂ ਰਾਹੀਂ ਅਸੀਂ ਇਸ ਇਤਿਹਾਸ ਤੋਂ ਸਹਿਜੇ ਹੀ ਜਾਣੂ ਹੋ ਜਾਂਦੇ ਹਾਂ।
ਕਿਤਾਬਾਂ ਦੇ ਮਹੱਤਵ ਬਾਰੇ ਮਾਸਟਰ ਕ੍ਰਾਂਤੀ ਦਾ ਕਹਿਣਾ ਹੈ ਕਿ ਕਿਤਾਬਾਂ ਸਹੀ ਅਰਥਾਂ ਵਿੱਚ ਮਨੁੱਖ ਦੀਆਂ ਦੋਸਤ ਹੁੰਦੀਆਂ ਹਨ। ਉਨ੍ਹਾਂ ਅਨੁਸਾਰ ਕਿਤਾਬਾਂ ਮਨੁੱਖ ਨੂੰ ਖੁਸ਼ੀ ਨਹੀਂ ਦੇਂਦੀਆਂ ਸਗੋਂ ਔਖੇ ਵੇਲਿਆਂ ਵਿੱਚੋਂ ਮਨੁੱਖ ਨੂੰ ਕੱਢਣ ਵਿੱਚ ਸਹਾਇਕ ਹੁੰਦੀਆਂ ਹਨ। ਆਓ ਆਪਾਂ ਰਲ ਕੇ ਆਪਣੇ ਬੱਚਿਆਂ, ਨੌਜਵਾਨਾਂ ਅਤੇ ਆਪਣੇ ਆਲੇ ਦੁਆਲੇ ਵਿਚਰਦੇ ਹਰ ਇਨਸਾਨ ਨੂੰ ਕਿਤਾਬਾਂ ਨਾਲ ਜੁੜਨ ਪ੍ਰੇਰਿਤ ਕਰੀਏ ਤਾਂ ਕਿ ਉਨ੍ਹਾਂ ਨੂੰ ਉਨ੍ਹਾਂ ਦੇ ਸੁਨਹਿਰੇ ਭਵਿੱਖ ਨਾਲ ਜੋੜਿਆ ਜਾ ਸਕੇ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵੇਖੋ ਜੀ! ਅਸੀਂ ਤਾਂ 'ਕੈਨੇਡਾ ਡੇਅ' ਪੰਜਾਬੀ ਫ਼ਿਲਮ 'ਸਰਦਾਰ ਜੀ 3' ਵੇਖ ਕੇ ਮਨਾਇਆ ਏਅਰ ਇੰਡੀਆ ਦਾ ਬੇੜਾ ਗਰਕ ਕੀਤਾ ਲੀਡਰਾਂ ਨੇ, ਅਜੇ ਵੀ ਸੁਧਰਨ ਦਾ ਸੰਕੇਤ ਨਹੀਂ ਮਿਲਦਾ ਡਾ. ਸੁਖਦੇਵ ਸਿੰਘ ਝੰਡ ਦੇ ਸਫ਼ਰਨਾਮੇ ‘ਪੁਰਖਿਆਂ ਦਾ ਦੇਸ’ ਸੰਗ ਸਫ਼ਰ ਕਰਦਿਆਂ - ਮਲਵਿੰਦਰ ਦਰਿਆਈ ਪਾਣੀ ਪੰਜਾਬ ਦੀ ਜਿੰਦ-ਜਾਨ : ਪ੍ਰਿੰਸੀਪਲ ਸਰਵਣ ਸਿੰਘ ਅਗਲੀਆਂ ਚੋਣਾਂ ਤੋਂ ਏਨਾ ਅਗੇਤਾ ਧਰੁਵੀਕਰਨ ਭਾਰਤ ਦੇ ਭਵਿੱਖ ਲਈ ਸੁਖਾਵਾਂ ਨਹੀਂ ਹੋਣ ਲੱਗਾ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਅਤੇ ਧਰਮ ਅਤੇ ਰਾਜਨੀਤੀ ਬਾਰੇ ਹਾਈਕੋਰਟ ਦਾ ਤਾਜ਼ਾ ਫੈਸਲਾ ਰਾਹੀ ਮਾਸੂਮ ਰਜ਼ਾ ਕਹਿੰਦਾ ਸੀ: ਯੇ ਮੌਸਮ ਖਤਮ ਹੋਨੇ ਕਾ ਨਾਮ ਹੀ ਨਹੀਂ ਲੇ ਰਹਾ ਕੈਨੇਡੀਅਨ ਸਮਾਜ ਦਾ ਦਰਪਣ : ਬਲਜੀਤ ਰੰਧਾਵਾ ਦੀ ਪੁਸਤਕ ‘ਲੇਖ ਨਹੀਂ ਜਾਣੇ ਨਾਲ਼’ ਸੜਕ ਏਥੇ ਦੀ ਏਥੇ ਤੇ ਦੇਸ਼ ਏਦਾਂ ਦਾ ਏਦਾਂ ਰਹੇਗਾ, ਪਤਾ ਨਹੀਂ ਕਦੋਂ ਤੱਕ! ਮੇਰਾ ਬਾਬਾ ਨਾਨਕ ਅਦੁੱਤੀ ਰੱਬੀ ਦੂਤ