ਓਟਵਾ, 17 ਜੁਲਾਈ (ਪੋਸਟ ਬਿਊਰੋ): ਕੈਨੇਡਾ ਭਰ ਦੇ ਫਸਟ ਨੇਸ਼ਨਜ਼ ਨੇਤਾਵਾਂ ਨੇ ਬੁੱਧਵਾਰ ਨੂੰ ਗੈਟੀਨੋ, ਕਿਊਬਿਕ ਵਿੱਚ ਪ੍ਰਧਾਨ ਮੰਤਰੀ ਮਾਰਕ ਕਾਰਨੀ ਨਾਲ ਸੀ-5 ਸੰਮੇਲਨ `ਚ ਹਿੱਸਾ ਲਿਆ। ਸੰਮੇਲਨ ਲਿਬਰਲ ਸਰਕਾਰ ਦੇ ਆਉਣ ਵਾਲੇ ਪ੍ਰਾਜੈਕਟਾਂ ਬਾਰੇ ਸੀ। ਇਸ ਦੌਰਾਨ ਪ੍ਰਧਾਨ ਮੰਤਰੀ ਕਾਰਨੀ ਲਈ ਫਸਟ ਨੇਸ਼ਨਜ਼ ਨਾਲ ਸਰਕਾਰ ਦੇ ਸਬੰਧਾਂ ਬਾਰੇ ਵਿਚਾਰ ਕਰਨ ਦਾ ਵੀ ਮੌਕਾ ਸੀ। ਇਹ ਤਿੰਨ ਸੰਮੇਲਨਾਂ ਵਿੱਚੋਂ ਪਹਿਲਾ ਸੰਮੇਲਨ ਹੈ ਜੋ ਕਾਰਨੀ ਆਦਿਵਾਸੀ ਆਗੂਆਂ ਨਾਲ ਬਿੱਲ ਸੀ-5, ਖਾਸ ਕਰਕੇ ਉਹ ਹਿੱਸਾ ਜੋ ਕੈਬਨਿਟ ਨੂੰ ਰਾਸ਼ਟਰੀ ਹਿੱਤ ਵਿੱਚ ਮੰਨੇ ਜਾਣ ਵਾਲੇ ਵੱਡੇ ਪ੍ਰੋਜੈਕਟਾਂ ਨੂੰ ਤੇਜ਼ ਕਰਨ ਲਈ ਸ਼ਕਤੀ ਪ੍ਰਦਾਨ ਕਰਦਾ ਹੈ, ਨਾਲ ਆਪਣੀ ਚਿੰਤਾ ਨੂੰ ਦੂਰ ਕਰਨ ਦੀ ਕੋਸਿ਼ਸ਼ ਹੈ।
ਉੱਤਰੀ ਓਂਟਾਰੀਓ ਵਿਚ ਮਿਸੀਸਾਗਾ ਫਸਟ ਨੇਸ਼ਨਜ਼ ਦੇ ਮੁਖੀ ਬ੍ਰੈਟ ਨਿਗਾਨੋਬੇ ਨੇ ਕਿਹਾ ਕਿ ਇਹ ਮਹਿਸੂਸ ਹੁੰਦਾ ਹੈ ਕਿ ਬਿੱਲ ਪਾਸ ਹੋਣ ਤੋਂ ਬਾਅਦ ਫਸਟ ਨੇਸ਼ਨਜ਼ ਨਾਲ ਵਿਚਾਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇੰਝ ਜਾਪਦਾ ਹੈ ਕਿ 600 ਤੋਂ ਵੱਧ ਮੁਖੀਆਂ ਨੂੰ ਸੰਮੇਲਨ ਵਿੱਚ ਬੁਲਾਏ ਜਾਣ ਦੇ ਨਾਲ, ਕੁੱਝ ਮੁਖੀ ਖ਼ੁਦ ਨੂੰ ਅਣਸੁਣਿਆ ਮਹਿਸੂਸ ਕਰ ਰਹੇ ਹਨ। ਮੈਨੀਟੋਬਾ ਦੇ ਮੁਖੀਆਂ ਨੇ ਬੁੱਧਵਾਰ ਦੁਪਹਿਰ ਨੂੰ ਮੀਟਿੰਗ ਦੇ ਬਾਹਰ ਇੱਕ ਨਿਊਜ਼ ਕਾਨਫਰੰਸ ਵਿੱਚ ਆਪਣੀਆਂ ਭਾਵਨਾਵਾਂ ਨੂੰ ਜ਼ਾਹਿਰ ਕੀਤਾ।
ਨਿਸੀਚਾਵਾਸਿਹਕ ਕ੍ਰੀ ਨੇਸ਼ਨ ਦੀ ਚੀਫ਼ ਐਂਜੇਲਾ ਲੇਵਾਸੀਅਰ ਨੇ ਕਿਹਾ ਕਿ ਇਹ ਸੁਲ੍ਹਾ ਨਹੀਂ ਹੈ। ਇਹ ਸ਼ੋਸ਼ਣ ਹੈ। ਅਸੀਂ ਉਹ ਚਾਹੁੰਦੇ ਹਾਂ ਜੋ ਵਾਅਦਾ ਕੀਤਾ ਗਿਆ ਸੀ, ਅਸੀਂ ਉਹ ਚਾਹੁੰਦੇ ਹਾਂ ਜੋ ਦੇਣਾ ਹੈ, ਅਤੇ ਅਸੀਂ ਆਪਣੇ ਖੇਤਰਾਂ ਤੋਂ ਲਈ ਗਈ ਦੌਲਤ ਦਾ ਇੱਕ ਉਚਿਤ ਹਿੱਸਾ ਚਾਹੁੰਦੇ ਹਾਂ।